ਲੁਧਿਆਣਾ 16 ਦਸੰਬਰ 2018: ਪੰਜਾਬ ਸਰਕਾਰ ਦੇ ਖੇਤੀਬਾੜੀ ਸਕੱਤਰ ਤੇ ਸਿਹਤ ਕਮਿਸ਼ਨਰ ਸ: ਕਾਹਨ ਸਿੰਘ ਪੰਨੂ ਨੂੰ ਪ੍ਰਸਿੱਧ ਫੋਟੋ ਕਲਾਕਾਰ ਤੇਜਪ੍ਰਤਾਪ ਸਿੰਘ ਸੰਧੂ ਤੇ ਅਨੁਰਾਗ ਸਿੰਘ ਦੀ ਚਿਤਰਿਤ ਤੇ ਲਿਖੀ ਪੁਸਤਕ ਰਾਗ ਰਤਨ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਵਿਖੇ ਭੇਂਟ ਕੀਤੀ ਗਈ।
ਸ: ਪੰਨੂੰ ਪੰਜਾਬੀ ਲੇਖਕ ਪ੍ਰੋ: ਗੁਰਭਜਨ ਗਿੱਲ ਪਰਿਵਾਰ ਤੇ ਸਨੇਹੀਆਂ ਨੂੰ ਮਿਲਣ ਲਈ ਆਏ ਸਨ।
ਇਸ ਮੌਕੇ ਲੋਕ ਵਿਰਾਸਤ ਅਕਾਡਮੀ ਵੱਲੋਂ ਸ: ਰੀਤਿੰਦਰ ਸਿੰਘ ਭਿੰਡਰ, ਗੁਰਵੰਤ ਸਿੰਘ ਖੇਤੀ ਵਿਕਾਸ ਅਫਸਰ, ਪੰਜਾਬੀ ਕਵੀ ਤ੍ਰੈਲੋਚਨ ਲੋਚੀ, ਤੇਜ ਪ੍ਰਤਾਪ ਸਿੰਘ ਸੰਧੂ , ਗੁਰਭਜਨ ਗਿੱਲ ਤੇ ਸਰਦਾਰਨੀ ਜਸਵਿੰਦਰ ਕੌਰ ਗਿੱਲ ਨੇ ਸ: ਪੰਨੂ ਨੂੰ ਪੰਜਾਬ ਦੇ ਵਾਤਾਵਰਣ ਤੇ ਸਿਹਤ ਸੁਰੱਖਿਆ ਲਈ ਕੀਤੇ ਯਤਨਾਂ ਬਦਲੇ ਸਨਮਾਨਿਤ ਕੀਤਾ।
ਪੁਸਤਕ ਰਾਗ ਰਤਨ ਤੋਂ ਇਲਾਵਾ ਗੁਰਭਜਨ ਗਿੱਲ ਦੀਆਂ ਕਾਵਿ ਪੁਸਤਕਾਂ ਸ਼ੀਸ਼ਾ ਝੂਠ ਬੋਲਦਾ ਹੈ, ਗੁਲਨਾਰ, ਰਾਵੀ, ਮਿਰਗਾਵਲੀ, ਤਾਰਿਆਂ ਦੇ ਨਾਲ ਗੱਲਾਂ ਕਰਦਿਆਂ, ਧਰਤੀ ਨਾਦ, ਮਨ ਤੰਦੂਰ, ਫੁੱਲਾਂ ਦੀ ਝਾਂਜਰ, ਖੈਰ ਪੰਜਾਂ ਪਾਣੀਆਂ ਦੀ ਤੋਂ ਇਲਾਵਾ ਸਰਬਜੀਤ ਵਿਰਦੀ ਦੀ ਭਰੂਣ ਹੱਤਿਆ ਖ਼ਿਲਾਫ਼ ਸੰਪਾਦਿਤ ਪੁਸਤਕ ਨਾ ਮਾਰੋ ਅਣਜੰਮੀਆਂ ਵੀ ਭੇਂਟ ਕੀਤੀ।
ਸ: ਕਾਹਨ ਸਿੰਘ ਪੰਨੂ ਨੇ ਕਿਹਾ ਕਿ ਵਾਤਾਵਰਣ ਸੰਭਾਲ, ਜਲ ਸੋਮਿਆਂ ਦੀ ਸੰਕੋਚਵੀਂ ਵਰਤੋਂ , ਖੇਡ ਸਭਿਆਚਾਰ ਤੇ ਨਸ਼ਾਖ਼ੋਰੀ ਦੇ ਖ਼ਿਲਾਫ਼ ਸੰਪਾਦਿਤ ਪੁਸਤਕਾਂ ਵੀ ਪ੍ਰਕਾਸ਼ਿਤ ਕਰਨ ਦੀ ਜ਼ਰੂਰਤ ਹੈ।
ਗੁਰਭਜਨ ਗਿੱਲ ਨੇ ਦੱਸਿਆ ਕਿ ਪ੍ਰਸਿੱਧ ਫੋਟੋ ਕਲਾਕਾਰ ਤੇਜ ਪ੍ਰਤਾਪ ਸਿੰਘ ਸੰਧੂ ਤੇ ਅਨੁਰਾਗ ਸਿੰਘ ਵੱਲੋਂ ਲਿਖੀ ਪੁਸਤਕ "ਰਾਗ ਰਤਨ" ਨੂੰ ਕਈ ਪ੍ਰਬੁੱਧ ਵਿਦਵਾਨਾਂ ਨੇ ਸੰਗੀਤ ਵਿਰਾਸਤ ਦੇ ਮੋਤੀਆਂ ਦਾ ਥਾਲ ਕਿਹਾ ਹੈ। ਰਾਗ ਰਤਨ ਪੁਸਤਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ 31 ਸ਼ੁੱਧ ਰਾਗਾਂ ਦੇ ਸ਼੍ਰੀ ਹਰਮਿੰਦਰ ਸਾਹਿਬ ਅੰਮ੍ਰਿਤਸਰ ਵਿੱਚ ਗਾਇਨ ਵੇਲੇ ਦੇ ਸੰਜੀਵ ਫੋਟੋ ਚਿੱਤਰ ਹਨ।
ਇੱਕ ਚਿੱਠੀ ਰਾਹੀਂ ਅਮਿਤਾਬ ਬੱਚਨ ਨੇ ਸ. ਤੇਜ ਪ੍ਰਤਾਪ ਸਿੰਘ ਸੰਧੂ ਨੂੰ ਲਿਖਿਆ ਸੀ ਕਿ ਇਸ ਸੁੱਚਿਤਰ ਪੁਸਤਕ ਨੇ ਮੈਨੂੰ ਵਿਸਮਾਦੀ ਵਿਰਸੇ ਨਾਲ ਮੁੜ ਜੋੜਿਆ ਹੈ। ਇਹ ਕਰਾਮਾਤੀ ਚਿੱਤਰ ਸਾਨੂੰ ਉਸ ਆਭਾ ਮੰਡਲ ਦੇ ਦਰਸ਼ਨ ਕਰਵਾਉਂਦੇ ਹਨ ਜੋ ਆਮ ਨੰਗੀ ਅੱਖ ਨਾਲ ਵੇਖਣੇ ਸੰਭਵ ਨਹੀਂ ਹਨ। ਇਸ ਪੁਸਤਕ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪਬਲੀਕੇਸ਼ਨ ਬਿਊਰੋ ਨੇ ਅੰਗਰੇਜ਼ੀ ਵਿੱਚ ਗੁਰਮਤਿ ਸੰਗੀਤ ਵਿਭਾਗ ਲਈ ਪ੍ਰਕਾਸ਼ਤ ਕੀਤਾ ਹੈ। ਪੰਜਾਬੀ ਵਿੱਚ ਇਹ ਪੁਸਤਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਛਾਪਣ ਦਾ ਐਲਾਨ ਕਰ ਚੁੱਕੀ ਹੈ।
ਅਮਿਤਾਬ ਬੱਚਨ ਨੇ ਆਪਣੀ ਮੋਹਭਿੱਜੀ ਵਿਚਾਰ ਉਤੇਜਕ ਚਿੱਠੀ ਵਿੱਚ ਲਿਖਿਆ ਸੀ ਕਿ ਇਹ ਪੁਸਤਕ ਕੇਵਲ ਪੁਸਤਕ ਨਹੀਂ ਸਗੋਂ ਉਨ੍ਹਾਂ ਭਾਵਨਾਵਾਂ ਦਾ ਉਜਾਲਾ ਕਰਦੀ ਹੈ ਜੋ ਸਾਨੂੰ ਰੱਬੀ ਰਮਜ਼ਾਂ ਦੇ ਨਿਕਟ ਦਰਸ਼ਨ ਕਰਵਾਉਂਦੀਆਂ ਹਨ। ਇਹ ਤੀਸਰਾ ਨੇਤਰ ਖੋਲ੍ਹ ਕੇ ਰੂਹ ਦੇ ਅੰਦਰਵਾਰ ਅਸਰ ਪਾਉਣ ਵਾਲੀ ਕਿਤਾਬ ਹੈ। ਉਨ੍ਹਾਂ ਬੜੇ ਹੀ ਭਾਵ-ਭਿੱਜੇ ਸ਼ਬਦਾਂ 'ਚ ਪੁਸਤਕ ਦੀ ਪ੍ਰਸੰਸਾ ਕਰਦਿਆਂ ਲਿਖਿਆ ਹੈ ਸ਼੍ਰੀ ਗੁਰੂ ਗਰੰਥ ਸਾਹਿਬ ਵਿੱਚ ਦਰਸਾਏ 31 ਸ਼ੁੱਧ ਰਾਗਾਂ ਦੇ ਸਰੂਪ ਅਤੇ ਵੇਰਵਾ-ਲਿਖ਼ਤ ਰਾਹੀਂ ਸਾਨੂੰ ਅਲੌਕਿਕ ਸਿਰਜਣਾਤਮਕ ਪ੍ਰਤਿਭਾ ਦੇ ਦਰਸ਼ਨ ਹੁੰਦੇ ਹਨ। ਮੇਰੇ ਲਈ ਇਹ ਪੁਸਤਕ ਕਿਸੇ ਵੱਡਮੁੱਲੇ ਖਜ਼ਾਨੇ ਤੋਂ ਘੱਟ ਨਹੀਂ ਹੈ ਜੋ ਮੈਂ ਵਿਸਮਾਦ ਦੇ ਪਲ ਮਾਨਣ ਲਈ ਬਾਰ ਬਾਰ ਪੜ੍ਹ ਤੇ ਵੇਖ ਸਕਾਂਗਾ।
ਤ੍ਰੈਲੋਚਨ ਲੋਚੀ ਨੇ ਕਿਹਾ ਕਿ ਸ. ਤੇਜ ਪ੍ਰਤਾਪ ਸਿੰਘ ਸੰਧੂ ਲੁਧਿਆਣਾ ਵਿਖੇ ਪਿਛਲੇ 40 ਸਾਲਾਂ ਤੋਂ ਫੋਟੋ ਕਲਾਕਾਰੀ ਨਾਲ ਸਬੰਧਤ ਕਾਰਜਾਂ ਵਿੱਚ ਸਰਗਰਮ ਹਨ ਅਤੇ ਇਸ ਤੋਂ ਪਹਿਲਾਂ "ਕੈਮਰੇ ਦੀ ਅੱਖ" ਸਚਿੱਤਰ ਵਾਰਤਕ ਪੁਸਤਕ 1999 'ਚ ਪ੍ਰਕਾਸ਼ਤ ਕਰ ਚੁੱਕੇ ਹਨ। ਇਸ ਪੁਸਤਕ ਵਿੱਚ ਵਾਤਾਵਰਣ, ਸੜਕ ਸਲੀਕਾ ਤੇ ਸਮਾਜਕ ਤਾਣੇ ਬਾਣੇ ਬਾਰੇ ਲਿਖਤ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਹੈ ਅਤੇ ਤਸਵੀਰਾਂ ਸ. ਸੰਧੂ ਦੀਆਂ ਹਨ।
ਭਾਸ਼ਾ ਵਿਭਾਗ ਪਾਸੋਂ 2010 'ਚ ਪੁਸਤਕ ਬਾਰਾਂ ਮਾਹ (ਮਾਝ) ਲਈ ਉਹ ਇੱਕ ਲੱਖ ਰੁਪਏ ਦਾ ਪੁਰਸਕਾਰ ਹਾਸਲ ਕਰ ਚੁੱਕੇ ਹਨ। ਫੋਟੋਗ੍ਰਾਫੀ ਲਈ ਸ. ਸੋਭਾ ਸਿੰਘ ਪੁਰਸਕਾਰ ਅਤੇ ਡਾ. ਮ.ਸ. ਰੰਧਾਵਾ ਪੁਰਸਕਾਰ ਵੀ ਜਿੱਤ ਚੁੱਕੇ ਹਨ।