ਚੰਡੀਗੜ੍ਹ 16 ਦਸੰਬਰ 2018: ਭਾਰਤ ਦੀ ਦੂਸਰੀ ਕੌਮੀ ਮੁੱਕੇਬਾਜੀ ਪ੍ਰਤੀਯੋਗਤਾ ੨੦੧੮ ਦੇ ਪੰਜਵੇ ਦਿਨ ਭਾਰਤ ਦੇ ਵੱਖ ਕੋਨਿਆਂ, ਰਾਜਾਂ ਤੋਂ ਆਏ ਬੌਕਸਰਾਂ ਦੇ ਕੁਆਟਰ ਫਾਈਨਲ ਰਾਊਂਡ ਦੇ ਮੁਕਾਬਲੇ ਹੋਏ। ੧੬ ਦਿਸੰਬਰ ਦੀ ਸਵੇਰ ਨੂੰ ਸ਼ੁਰੂ ਹੋਏ ਇਹਨਾਂ ਕੁਅਟਰ ਫਾਈਨਲ ਮੁਕਾਬਲਿਆਂ ਵਿੱਚ ਪੁਰਸ਼ 'ਤੇ ਮਹਿਲਾ ਸ਼੍ਰੇਣੀਆਂ ਦੇ ਵੱਖ-ਵੱਖ ਭਾਰ ਵਰਗਾਂ ਦੇ ਵਿੱਚ ੫੨-੫੨ ਮੈਚਾਂ ਨੂੰ ਮਿਲਾ ਕੇ ਕੁੱਲ ੧੦੪ ਮੁਕਾਬਲੇ ਵੇਖਣ ਨੂੰ ਮਿਲੇ। ਆਪੋ-ਆਪਣੇ ਮੁਕਾਬਲਿਆਂ ਵਿੱਚ ਜਿੱਤ ਦਰਜ ਕਰਨ ਵਾਲੇ ਇਹ ਮੁੱਕੇਬਾਜ ੧੭ ਦਿਸੰਬਰ ਨੂੰ ਹੋਣ ਵਾਲੇ ਸੈਮੀਫਾਈਨਲ ਮੁਕਾਬਲਿਆਂ ਵਿੱਚ ਇੱਕ ਦੂਜੇ ਨੂੰ ਚੁਣੌਤੀ ਦੇਣਗੇ,ਜਿਸ ਵਿੱਚ ਜਿੱਤਾਂ ਪ੍ਰਾਪਤ ਕਰਨ ਵਾਲੇ ਮੁੱਕੇਬਾਜ ਇਸ ਦੂਸਰੀ ਸਰਵ ਭਾਰਤੀ ਮੁੱਕੇਬਾਜੀ ਚੈਂਪੀਅਨਸ਼ਿਪ ਦੇ ਖਿਤਾਬੀ ਮੁਕਾਬਲਿਆਂ ਵਿੱਚ ੧੮ ਦਿਸੰਬਰ ਨੂੰ ਇੱਕ ਦੂਸਰੇ ਨਾਲ ਟੱਕਰ ਲੈਣਗੇ। ਸ਼ਨੀਵਾਰ ਨੂੰ ਹੋਏ ਮੈਚਾਂ ਵਿੱਚ ਸਾਰੇ ਹੀ ਖਿਡਾਰੀ ਪਹਿਲਾਂ ਨਾਲੋਂ ਵਧੇਰੇ ਜੋਸ਼ ਜਜਬੇ ਅਤੇ ਉਤਸ਼ਾਹ ਨਾਲ ਭਰਪੂਰ ਨਜ਼ਰ ਆਏ।
ਭਾਰਤ ਵਿੱਚ ਬੌਕਸਿੰਗ ਨੂੰ ਹੋਰ ਵੀ ਉਚਾਈਆਂ 'ਤੇ ਲੈਕੇ ਜਾਣ ਦੇ ਮੰਤਵ ਨਾਲ ਅੱਜ ਸਵੇਰੇ ਮੁਕਾਬਲਿਆਂ ਦੇ ਸ਼ੁਰੂ ਹੋਣ ਤੋਂ ਪਹਿਲਾ ਬੌਕਸਿੰਗ ਫੈਡਰੇਸ਼ਨ ਆੱਫ ਇੰਡੀਆ ਵੱਲੋਂ ਦੇਸ਼ ਦੇ ਵੱਖ ਵੱਖ ਰਾਜਾਂ, ਕੇਂਦਰੀ ਸ਼ਾਸ਼ਿਤ ਪ੍ਰਦੇਸ਼ਾਂ 'ਤੇ ਸਰਵਿਸਿਜ਼ ਦੀਆਂ ਟੀਮਾਂ ਲੈ ਕੇ ਆਏ ਭਿੰਨ-ਭਿੰਨ ਕੋਚਾਂ ਦੇ ਲਈ ਇੱਕ ਸੈਮੀਨਾਰ ਰੱਖਿਆ ਗਿਆ, ਜਿਸ ਵਿੱਚ ਅਰਜਨਟੀਨਾ ਨਾਲ ਸਬੰਧਿਤ ਫੈਡਰੇਸ਼ਨ ਦੇ ਪਰਫੌਰਮੈਂਸ ਡਾਇਰੈਕਟਰ ਨੀਵਾ ਸੈਂਟੀਆਗੋ ਵੱਲੋਂ ਬੌਕਸਿੰਗ ਦੇ ਬਾਰੀਕ ਗੁਰ ਸਾਂਝੇ ਕੀਤੇ ਗਏ। ਟੂਰਨਾਮੈਂਟ ਦੇ ਪੰਜਵੇ ਦਿਨ ਭਾਰਤੀ ਮੁੱਕੇਬਾਜੀ ਟੀਮ ਦੇ ਰਾਸ਼ਟਰੀ ਕੋਚ ਦਰੋਣਾਚਾਰੀਆ ਅਵਾਰਡੀ ਕੁਟੱਪਾ, ਮਹਿਲਾ ਵਰਗ ਦੇ ਮੁੱਖ ਰਾਸ਼ਟਰੀ ਕੋਚ ਸ਼ਿਵ ਸਿੰਘ, ਜੂਨੀਅਰ ਵਰਗ (ਮਹਿਲਾ) ਦੀ ਮੁੱਖ ਕੋਚ ਦ੍ਰੋਣਾਚਾਰੀਆ ਅਵਾਰਡੀ ਅਮਨਪ੍ਰੀਤ ਕੌਰ ਵੀ ਦੇਸ਼ ਦੇ ਜੂਨੀਅਰ ਵਰਗ ਦੇ ਮੁੱਕੇਬਾਜਾਂ ਨੂੰ ਹੱਲਾ-ਸ਼ੇਰੀ ਦੇਣ ਦੇ ਲਈ ਉਨ੍ਹਾਂ ਦੇ ਵਿੱਚ ਪਹੁੰਚੇ ਸਨ। ਉਹਨਾਂ ਤੋਂ ਇਲਾਵਾ ਦੇਸ਼ ਦੇ ਲਈ ਸਭ ਤੋਂ ਛੋਟੀ ਉੱਮਰ ਵਿੱਚ ਭਾਰਤ ਲਈ ਕੌਮਾਂਤਰੀ ਮੈਡਲ ਜਿੱਤਣ ਵਾਲੇ ਮੁੱਕੇਬਾਜ ਅਰਜੁਨਾ ਅਵਾਰਡੀ ਓਲੰਪੀਅਨ ਧਰਮਿੰਦਰ ਯਾਦਵ ਵੀ ਇੱਥੇ ਪਹੁੰਚੇ ਸਨ।
ਜੇਕਰ ਹੋਏ ਕੁਅਟਰਫਾਈਨਲ ਮੁਕਾਬਲਿਆਂ ਦੀ ਗੱਲ੍ਹ ਕੀਤੀ ਜਾਵੇ ਤਾਂ ਅੱਜ ਦੇ ਦਿਨ ਪੰਜਾਬ ਦੇ ਖਿਡਾਰੀਆਂ ਦਾ ਦਬਦਬਾ ਕਾਇਮ ਰਿਹਾ, ਇਸਦੇ ਨਾਲ ਹੀ ਹਰਿਆਣਾ ਦੇ ਮੁੱਕੇਬਾਜ ਵੀ ਆਪਣੇ ਹੁਨਰ ਦਾ ਲੋਹਾ ਮਨਵਾਉਣ ਵਿੱਚ ਕਾਮਯਾਬ ਰਹੇ। ੪੬ ਕਿਲੋ ਭਾਰ ਵਰਗ ਵਿੱਚ ਪੰਜਾਬ ਦੇ ਮੁੱਕੇਬਾਜ ਵਿਕਾਸ ਠਾਕੁਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਹਿਮਾਚਲ ਪ੍ਰਦੇਸ਼ ਦੇ ਖਿਡਾਰੀ ਦਿਵਿਆਂਸ਼ੂ ਗੌਤਮ ਨੂੰ ੫-੦ ਨਾਲ ਹਰਾਕੇ ਸੈਮੀਫਾਈਨਲ ਰਾਊਂਡ ਵਿੱਚ ਦਾਖਲਾ ਲਿਆ।ਸਪੋਰਟਸ ਸਰਵਿਸਿਜ ਕੰਟਰੋਲ ਬੋਰਡ ਦੇ ਮੁੱਕੱਬਾਜ ਸੰਜੀਤ ਨੇ ਫਸਵੇਂ ਮੁਕਾਬਲੇ ਵਿੱਚ ਉੱਤਰ ਪ੍ਰਦੇਸ਼ ਦੇ ਮਨੀਸ਼ ਰਾਠੌਰ ਨੂੰ ਜੋਰਦਾਰ ਟੱਕਰ ਦਿੱਤੀ, ਪਰ ਸੰਜੀਤ ੩-੨ ਨਾਲ ਮੁਕਾਬਲਾ ਜਿੱਤਣ ਵਿੱਚ ਕਾਮਯਾਬ ਰਿਹਾ।੪੮ ਕਿਲੋਗ੍ਰਾਮ ਭਾਰ ਵਰਗ ਮੁਕਾਬਲੇ ਵਿੱਚ ਹਿਮਾਚਲ ਪ੍ਰਦੇਸ਼ ਦੇ ਅਭਿਨਵ ਕਟੌਚ ਅੱਗੇ ਆਸਾਮ ਦੇ ਮੁੱਕੇਬਾਜ ਜੁਬਿਨ ਕੋਟਲਾ ਦੀ ਨਹੀਂ ਚੱਲ ਸਕੀ ਅਤੇ ਅਭਿਨਵ ੪-੧ ਨਾਲ ਮੁਕਾਬਲਾ ਜਿੱਤ ਕੇ ਸੈਮੀਫਾਈਨਲ ਵਿੱਚ ਪਹੁੰਚਿਆ। ਮਹਿਲਾਵਾਂ ਦੇ ਮੁਕਾਬਲਿਆਂ ਵਿੱਚ ੪੬ ਕਿਲੋਗ੍ਰਾਮ ਭਾਰ ਸ਼੍ਰੇਣੀ ਵਿੱਚ ਮਹਾਰਾਸ਼ਟਰ ਦੀ ਯੋਗਤਾ ਪ੍ਰਦੇਸ਼ੀ ਉੱਤਰ ਪ੍ਰਦੇਸ਼ ਦੀ ਰਾਗਿਨੀ ਉਪਾਧਾਏ ਕੋਲੋਂ ਸਖਤ ਮੁਕਾਬਲੇ ਵਿੱਚ ੩-੨ ਦੇ ਅੰਤਰ ਨਾਲ ਹਾਰਦੀ ਹੋਈ ਸੈਮੀਫਾਈਨਲ ਦੀ ਦੌੜ ਵਿੱਚੋਂ ਬਾਹਰ ਹੋ ਗਈ, ਇਸੇ ਸ਼੍ਰੇਣੀ ਵਿੱਚ ਆਸਾਮ ਦੀ ਪ੍ਰਿਯੰਕਾ ਬੋਰਾਹ ਨੇ ਮਿਜ਼ੋਰਮ ਦੀ ਲਲਰਿੰਚਾਨੀ ਪਾਊਟੋ 'ਤੇ ਹਾਵੀ ਹੁੰਦੇ ਹੋਏ ੫-੦ ਨਾਲ ਮੁਕਾਬਲਾ ਜਿੱਤ ਕੇ ਸੈਮੀਫਾਈਨਲ ਵਿੱਚ ਪੁੱਜੀ, ਜਦਕਿ ਪੰਜਾਬ ਦੀ ਮੁੱਕੇਬਾਜ ਏਕਤਾ ਸਰੋਜ ਨੇ ੪੮ ਕਿਲੋਗ੍ਰਾਮ ਭਾਰ ਵਰਗ ਵਿੱਚ ੫-੦ ਦੇ ਫਰਕ ਨਾਲ ਇੱਕ ਤਰਫਾ ਮੁਕਾਬਲੇ ਵਿੱਚ ਮਨੀਪੁਰ ਦੀ ਖਿਡਾਰਨ ਤਿੰਗਮਿਲਾ ਡੌਂਗੇਲ ਨੂੰ ਹਰਾਕੇ ਸੈਮੀਫਾਈਨਲ ਵਿੱਚ ਆਪਣੀ ਜਗਹ ਪੱਕੀ ਕੀਤੀ, ਇਸੇ ਭਾਰ ਵਰਗ ਵਿੱਚ ਹਰਿਆਣਾ ਦੀ ਜੈਸ਼੍ਰੀ ਨੇ ਮਿਜ਼ੋਰਮ ਦੀ ਮੁੱਕੇਬਾਜ ਮਲਸਵਮਡੌਂਗਜੈਲੀ ਨੂੰ ਰਿੰਗ ਵਿੱਚ ਇਸ ਕਦਰ ਦਰੜਿਆ ਕਿ ਰੈਫਰੀ ਵੱਲੋਂ ਉਸਨੂੰ ਸੈਮੀਫਾਈਨਲ ਵਿੱਚ ਭੇਜਣ ਦਾ ਫੈਸਲਾ ਲਿਆ ਗਿਆ।
ਅੱਜ ਦੇ ਦਿਨ ਦੇ ਨਤੀਜੇ:
ਮਹਿਲਾ ਮੁਕਾਬਲਿਆਂ ਦੇ ਨਤੀਜੇ:
੪੬ ਕਿਲੋਗ੍ਰਾਮ ਭਾਰ ਸ਼੍ਰੇਣੀ ਵਿੱਚ ਮਹਾਰਾਸ਼ਟਰ ਦੀ ਯੋਗਤਾ ਪ੍ਰਦੇਸ਼ੀ ਨੇ ਉੱਤਰ ਪ੍ਰਦੇਸ਼ ਦੀ ਰਾਗਿਨੀ ਉਪਾਧਾਏ ਨੂੰ ੩-੨ ਦੇ ਅੰਤਰ ਨਾਲ, ਆਸਾਮ ਦੀ ਪ੍ਰਿਯੰਕਾ ਬੋਰਾਹ ਨੇ ਮਿਜ਼ੋਰਮ ਦੀ ਲਲਰਿੰਚਾਨੀ ਪਾਊਟੋ ਨੂੰ ੫-੦ ਨਾਲ, ਹਰਿਆਣਾ ਦੀ ਰਜਨੀ ਨੇ ਰਾਜਸਥਾਨ ਦੀ ਅੰਜਲੀ ਚੌਧਰੀ ਨੂੰ ੫-੦ ਨਾਲ, ਮਣੀਪੁਰ ਦੀ ਓ ਪਿੰਕੀ ਛਾਨੂੰ ਨੇ ਗੋਆ ਦੀ ਆਰਤੀ ਚਵਨ ਨੂੰ ੫-੦ ਨਾਲ ਹਰਾਇਆ।
੪੮ ਕਿਲੋਗ੍ਰਾਮ ਭਾਰ ਵਰਗ ਵਿੱਚ ਪੰਜਾਬ ਦੀ ਮੁੱਕੇਬਾਜ ਏਕਤਾ ਸਰੋਜ ਨੇ ੫-੦ ਦੇ ਫਰਕ ਨਾਲ ਮਨੀਪੁਰ ਦੀ ਤਿੰਗਮਿਲਾ ਡੌਂਗੇਲ ਨੂੰ, ਹਰਿਆਣਾ ਦੀ ਜੈਸ਼੍ਰੀ ਨੇ ਮਿਜ਼ੋਰਮ ਦੀ ਮੁੱਕੇਬਾਜ ਮਲਸਵਮਡੌਂਗਜੈਲੀ ਨੂੰ ਇੱਕ ਤਰਫਾ ਮੁਕਾਬਲੇ ਵਿੱਚ ਹਰਾਇਆ। ਮੱਧ ਪ੍ਰਦੇਸ਼ ਦੀ ਅਯੂਸ਼ੀ ਅਵੱਸਥੀ ਨੇ ਦਿੱਲੀ ਦੀ ਵਿਪਾਸ਼ਾ ਨੂੰ ੫-੦ ਨਾਲ, ਉੱਤਰ ਪ੍ਰਦੇਸ਼ ਦੀ ਆਂਚਲ ਸਿੰਘ ਨੇ ਮਹਾਰਾਸ਼ਟਰ ਦੀ ਲਕਸ਼ਮੀ ਪਾਟਿਲ ਨੂੰ ਹਰਾਇਆ।
੫੦ ਲੋਗ੍ਰਾਮ ਭਾਰ ਵਰਗ ਵਿੱਚ ਪੰਜਾਬ ਦੀ ਕੋਮਲ ਨੇ ਗੋਆ ਦੀ ਸੁਮਨ ਯਾਦਵ ਨੂੰ ੪-੧ ਨਾਲ, ਕੇਰਲਾ ਦੀ ਦੇਵਿਕਾ ਡੀ ਨੇ ਹਿਮਾਚਲ ਪ੍ਰਦੇਸ਼ ਦੀ ਈਸ਼ਾ ਨੂੰ ਹਰਾਇਆ।
੫੨ ਕਿਲੋ ਭਾਰ ਵਰਗ ਵਿੱਚ ਪੰਜਾਬ ਦੀ ਸੰਦੀਪ ਕੌਰ ਨੇ ਮਿਜ਼ੋਰਮ ਦੀ ਲੱਲਠੂਠੂਲੂੰਗਿਦਕੀ ਨੂੰ ੫-੦ ਨਾਲ, ਹਰਿਆਣਾ ਦੀ ਤੰਨੂ ਨੇ ਮਹਾਰਾਸ਼ਟਰ ਦੀ ਆਰਿਆ ਕੁਲਕਰਨੀ ਨੂੰ ੪-੧ ਨਾਲ ਮਾਤ ਦਿੱਤੀ।
ਪੁਰਸ਼ ਮੁਕਾਬਲਿਆਂ ਦੇ ਨਤੀਜੇ:
੪੬ ਕਿਲੋ ਭਾਰ ਵਰਗ ਵਿੱਚ ਪੰਜਾਬ ਦੇ ਵਿਕਾਸ ਠਾਕੁਰ ਨੇ ਹਿਮਾਚਲ ਪ੍ਰਦੇਸ਼ ਦੇ ਦਿਵਿਆਂਸ਼ੂ ਗੌਤਮ ਨੂੰ ੫-੦, ਸਪੋਰਟਸ ਸਰਵਿਸਿਜ ਕੰਟਰੋਲ ਬੋਰਡ ਦੇ ਸੰਜੀਤ ਨੇ ਉੱਤਰ ਪ੍ਰਦੇਸ਼ ਦੇ ਮਨੀਸ਼ ਰਾਠੌਰ ਨੂੰ ੩-੨ ਨਾਲ, ਹਰਿਆਣਾ ਦੇ ਸਚਿਨ ਨੇ ਮਿਜ਼ੋਰਮ ਦੇ ਜ਼ੋਰਾਮਮੁਆਨਾ ਨੂੰ ੪-੧ ਨਾਲ, ਸਪੋਰਟਸ ਸਰਵਿਸਿਜ ਕੰਟਰੋਲ ਬੋਰਡ ਦੇ ਬਿਸਵਾਮਿੱੱਤਰ ਨੇ ਪੰਜਾਬ ਦੇ ਅਭਿਸ਼ੇਕ ਸਿੰਘ ਨੂੰ ੪-੧ ਨਾਲ ਹਰਾਇਆ।
੪੮ ਕਿਲੋਗ੍ਰਾਮ ਭਾਰ ਵਰਗ ਮੁਕਾਬਲੇ ਵਿੱਚ ਹਿਮਾਚਲ ਪ੍ਰਦੇਸ਼ ਦੇ ਅਭਿਨਵ ਕਟੌਚ ਨੇ ਆਸਾਮ ਦੇ ਮੁੱਕੇਬਾਜ ਜੁਬਿਨ ਕੋਟਲਾ ਨੂੰ ੪-੧ ਨਾਲ ਹਰਾਇਆ।
੫੦ ਕਿਲੋ ਭਾਰ ਵਰਗ ਵਿੱਚ ਪੰਜਾਬ ਦੇ ਕੁਲਦੀਪ ਸਿੰਘ ਨੇ ਹਿਮਾਚਲ ਪ੍ਰਦੇਸ਼ ਦੇ ਵਰਿੰਦਰ ਸਿੰਘ ਨੂੰ ੫-੦ ਨਾਲ, ਸਰਵਿਸਿਜ਼ ਦੇ ਐਸ ਵਿਕਟਰ ਸਿੰਘ ਨੇ ਹਰਿਆਣਾ ਦੇ ਵਿਕਾਸ ਨੂੰ ੩-੨ ਨਾਲ ਹਰਾਇਆ।
੫੨ ਕਿਲੋ ਵਿੱਚ ਪੰਜਾਬ ਦੇ ਕੁਲਜੀਤ ਨੇ ਉੱਤਰਾਖੰਡ ਦੇ ਸਿਧਾਰਥ ਖੱਤਰੀ ਨੂੰ ੪-੧ ਨਾਲ, ਸਰਵਿਸਿਜ਼ ਦੇ ਏ ਨਾਓਬਾ ਸਿੰਘ ਨੇ ਉੱਤਰ-ਪ੍ਰਦੇਸ਼ ਦੇ ਆਕਾਸ਼ ਪੁੰਡਿਰ ਨੂੰ ੫-੦ ਨਾਲ ਹਰਾਇਆ।