ਪੋਜੇਵਾਲ, 16 ਦਸੰਬਰ 2018: 1971 ਦੀ ਭਾਰਤ-ਪਾਕਿ ਜੰਗ ਮੌਕੇ ਲੌਂਗੇਵਾਲਾ ਚੌਕੀ ’ਤੇ ਪਾਕਿਸਤਾਨੀ ਫੌਜ ਦਾ ਅਸਾਧਾਰਨ ਬਹਾਦਰੀ ਤੇ ਹੌਂਸਲੇ ਨਾਲ ਮੁਕਾਬਲਾ ਕਰਨ ਵਾਲੇ ਬਿ੍ਰਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੀ ਯਾਦ ’ਚ ਅੱਜ ਉਨ੍ਹਾਂ ਦੇ ਜੱਦੀ ਪਿੰਡ ਚਾਂਦਪੁਰ ਰੁੜਕੀ ਵਿਖੇ ਪਿੰਡ ਵਾਸੀਆਂ ਵੱਲੋਂ ਸਾਂਝੇ ਤੌਰ ’ਤੇ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਪਾਠ ਦੇ ਭੋਗ ਪਾਏ ਗਏ, ਜਿਸ ਦੌਰਾਨ ਪੰਜਾਬ ਦੇ ਕੈਬਿਨਟ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਸੁੰਦਰ ਸ਼ਾਮ ਅਰੋੜਾ ਵਿਸ਼ੇਸ਼ ਤੌਰ ’ਤੇ ਸ਼ਰਧਾ ਸੁਮਨ ਭੇਟ ਕਰਨ ਪੁੱਜੇ।
ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਪਣੇ ਸੰਬੋਧਨ ’ਚ ਬਿ੍ਰਗੇਡੀਅਰ ਚਾਂਦਪੁਰੀ ਦੀ ਮੋਹਾਲੀ ਵਿਖੇ ਬਣੀ ਸਾਂਝ ਦਾ ਜ਼ਿਕਰ ਕਰਦਿਆਂ ਆਖਿਆ ਕਿ ਉਨ੍ਹਾਂ ’ਚ ਅਗਵਾਈ ਦੇਣ ਦੇ ਗੁਣ ਤੋਂ ਉਹ ਹਮੇਸ਼ਾਂ ਪ੍ਰਭਾਵਿਤ ਰਹੇ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਅਸਾਧਾਰਨ ਬਹਾਦਰੀ ਭਰੀ ਅਗਵਾਈ ਹੀ ਸੀ ਕਿ ਮੁੱਠੀ ਭਰ ਗਿਣਤੀ ਹੋਣ ਦੇ ਬਾਵਜੂਦ, ਉਨ੍ਹਾਂ ਦੀ ਅਗਵਾਈ ਹੇਠਲੀ ਭਾਰਤ ਸੈਨਿਕਾਂ ਦੀ ਟੁਕੜੀ ਨੇ 3000 ਦੀ ਗਿਣਤੀ ’ਚ ਹਮਲਾ ਕਰਨ ਆਈ ਪਾਕਿਸਤਾਨੀ ਫੌਜ ਨੂੰ ਲੌਂਗੇਵਾਲ ਪੋਸਟ ’ਤੇ ਹਵਾਈ ਸੈਨਾ ਦੀ ਮੱਦਦ ਆਉਣ ਤੱਕ ਰੋਕ ਕੇ ਰੱਖਿਆ। ਉਨ੍ਹਾਂ ਕਿਹਾ ਕਿ ਜੇਕਰ ਉਸ ਦਿਨ ਮੇਜਰ ਚਾਂਦਪੁਰੀ ਅਜਿਹੀ ਦਲੇਰੀ ਅਤੇ ਅਗਵਾਈ ਦੇ ਗੁਣ ਦਾ ਪ੍ਰਗਟਾਵਾ ਨਾ ਕਰਦੇ ਤਾਂ ਅੱਜ ਲੌਂਗੇਵਾਲਾ ਸਾਡੇ ਦੇਸ਼ ਦਾ ਹਿੱਸਾ ਨਹੀਂ ਸੀ ਹੋਣਾ। ਉਨ੍ਹਾਂ ਕਿਹਾ ਕਿ ਚਾਂਦਪੁਰ ਰੁੜਕੀ ਦੇ ਲੋਕ ਇਸ ਲਈ ਭਾਗਸ਼ਾਲੀ ਹਨ ਕਿ ਉਹ ਦੇਸ਼ ਦੇ ਇਸ ਮਹਾਨ ਨਾਇਕ ਦੇ ਪਿੰਡ ਦੇ ਵਸਨੀਕ ਹਨ। ਉਨ੍ਹਾਂ ਕਿਹਾ ਕਿ ਬਹਾਦਰੀ ਦੇ ਮਾਣਮੱਤੇ ਸੈਨਾ ਪੁਰਸਕਾਰਾਂ ਮਹਾਂਵੀਰ ਚੱਕਰ ਤੇ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨੇ ਗਏ ਚਾਂਦਪੁਰੀ ਦਾ ਨਾਂ ‘ਬਾਰਡਰ’ ਫ਼ਿਲਮ ’ਚ ਉਨ੍ਹਾਂ ਦੀ ਬਹਦਾਰੀ ਨੂੰ ਸਿਨੇਮਾਈ ਪਰਦੇ ’ਤੇ ਪੇਸ਼ ਕਰਨ ਬਾਅਦ ਤਾਂ ਬੱਚੇ-ਬੱਚੇ ਦੇ ਨਾਂ ’ਤੇ ਆ ਗਿਆ ਅਤੇ ਇਹ ਨਾਇਕ ਇਤਿਹਾਸ ’ਚ ਵੀ ਹਮੇਸ਼ਾਂ ‘ਅਮਰ’ ਰਹੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਖੁਦ ਫੌਜੀ ਪਿਛੋਕੜ ਦੇ ਹੋਣ ਕਾਰਨ, ਭਾਰਤੀ ਸੈਨਾ ਅਤੇ ਅਜਿਹੇ ਜਾਂਬਾਜ਼ਾ ਪ੍ਰਤੀ ਬਹੁਤ ਸਤਿਕਾਰ ਰੱਖਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਿੰਡ ’ਚ ਬਿ੍ਰਗੇਡੀਅਰ ਚਾਂਦਪੁਰੀ ਦੀ ਢੁਕਵੀਂ ਯਾਦਗਾਰ ’ਤੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਪੰਚਾਇਤ ਚੋਣਾਂ ਹੋਣ ਕਾਰਨ ਆਦਰਸ਼ ਚੋਣ ਜ਼ਾਬਤੇ ਦਾ ਸਨਮਾਨ ਕਰਦਿਆਂ ਅੱਜ ਉਹ ਕੋਈ ਐਲਾਨ ਨਹੀਂ ਕਰ ਸਕਦੇ ਪਰ ਦੇਸ਼ ਦੇ ਇਸ ਮਹਾਨ ਨਾਇਕ ਦਾ ਸਥਾਨ ਪੰਜਾਬ ਸਰਕਾਰ ਦੀਆਂ ਨਜ਼ਰਾਂ ’ਚ ਸਰਵਉੱਚ ਰਹੇਗਾ।
ਸਨਅਤ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਇਸ ਮੌਕੇ ਬਿ੍ਰਗੇਡੀਅਰ ਚਾਂਦਪੁਰੀ ਨੂੰ ਸ਼ਰਧਾ ਸੁਮਨ ਭੇਟ ਕਰਦਿਆਂ ਆਖਿਆ ਕਿ ਬਿ੍ਰਗੇਡੀਅਰ ਚਾਂਦਪੁਰ ਹੁਸ਼ਿਆਰਪੁਰ ਦੇ ਸਰਕਾਰੀ ਕਾਲਜ ਦੇ ਵਿਦਿਆਰਥੀ ਰਹੇ ਹੋਣ ਕਾਰਨ ਅਤੇ ਉਨ੍ਹਾਂ ਦਾ ਜੱਦੀ ਪਿੰਡ ਚਾਂਦਪੁਰ ਰੁੜਕੀ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦਾ ਹਿੱਸਾ ਬਣਨ ਤੋਂ ਪਹਿਲਾਂ ਹੁਸ਼ਿਆਰਪੁਰ ਦਾ ਹਿੱਸਾ ਰਿਹਾ ਹੋਣ ਕਾਰਨ, ਦੋਵਾਂ ਜ਼ਿਲ੍ਹਿਆਂ ਦੇ ਸਾਂਝੇ ਨਾਇਕ ਵਜੋਂ ਸਤਿਕਾਰੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਇੱਕ ਇੰਚ ਧਰਤੀ ਵੀ ਦੂਸਰੇ ਮੁਲਕ ਨੂੰ ਨਾ ਜਾਣ ਦੇਣ ਦੇ ਆਪਣੇ ਤਹੱਈਏ ਕਾਰਨ ਆਪਣੀ ਜਾਨ ਤੱਕ ਦੀ ਬਾਜ਼ੀ ਲਾ ਕੇ ਲੌਂਗੇਵਾਲ ਲੜਾਈ ’ਚ ਭਾਰਤੀ ਸੈਨਾ ਦਾ ਜਿੱਤ ਦਾ ਪਰਚਮ ਲਹਿਰਾਉਣ ਵਾਲੇ ਇਸ ਨਾਇਕ ’ਤੇ ਇੱਕ ਯਾਦਗਾਰ ਤਾਂ ਕੀ, ਸੈਂਕੜੇ ਯਾਦਗਾਰਾਂ ਕੁਰਬਾਨ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਨੌਜੁਆਨਾਂ ਨੂੰ ਆਪਣੀ ਮਾਤਭੂਮੀ ਪ੍ਰਤੀ ਜਨੂੰਨ ਦੀ ਹੱਦ ਤੱਕ ਪਿਆਰ ਕਰਨ ਦਾ ਸੁਨੇਹਾ ਦੇਣ ਵਾਲੇ ਇਸ ਮਹਾਨ ਨਾਇਕ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਸਰਕਾਰ ਪਾਸੋਂ ਜੋ ਵੀ ਸਹਿਯੋਗ ਚਾਹੀਦਾ ਹੋਇਆ, ਉਹ ਮੁਹੱਈਆ ਕਰਵਾਇਆ ਜਾਵੇਗਾ।
ਹਲਕਾ ਵਿਧਾਇਕ ਚੌ. ਦਰਸ਼ਨ ਲਾਲ ਮੰਗੂਪੁਰ ਨੇ ਇਸ ਮੌਕੇ ਆਖਿਆ ਕਿ ਬਲਾਚੌਰ ਹਲਕੇ ਨੂੰ ਇਸ ਗੱਲ ਦਾ ਹਮੇਸ਼ਾਂ ਮਾਣ ਰਹੇਗਾ ਕਿ 1971 ਦੀ ਹਿੰਦ-ਪਾਕਿ ਜੰਗ ਦੇ ਹੀਰੋ ਬਿ੍ਰਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਚਾਂਦਪੁਰ ਰੁੜਕੀ ਦੀ ਬਾਬਾ ਗੁਰਦਿੱਤਾ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ’ਤੇ ਖੇਡ-ਕੁੱਦ ਕੇ ਜੁਆਨ ਹੋਏ ਅਤੇ ਦੇਸ਼ ਦੀ ਸੇਵਾ ਲਈ ਫੌਜ ’ਚ ਕਮਿਸ਼ਨ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਅਸਲ ਨਾਇਕ ਉਹ ਹੁੰਦੇ ਹਨ ਜਿਨ੍ਹਾਂ ਦਾ ਨਾਮ ਆਪ-ਮੁਹਾਰੇ ਲੋਕਾਂ ਦੀ ਜ਼ੁਬਾਨ ’ਤੇ ਉਨ੍ਹਾਂ ਦੇ ਬਹਾਦਰੀ ਭਰੇ ਕਾਰਨਾਮਿਆਂ ਕਰਕੇ ਹੁੰਦਾ ਹੈ ਤੇ ਉਨ੍ਹਾਂ ਨੂੰ ਜਿਊਂਦੇ-ਜੀਅ ਨਾਇਕ ਦਾ ਦਰਜਾ ਮਿਦਲਾ ਹੈ। ਉਨ੍ਹਾਂ ਕਿਹਾ ਕਿ ਬਿ੍ਰਗੇਡੀਅਰ ਚਾਂਦਪੁਰੀ ਜਿਊਂਦੇ ਜੀਅ ਵੀ ਲੋਕ ਨਾਇਕ ਰਹੇ ਹਨ ਅਤੇ ਸਦੀਵੀ ਵਿਛੋੜੇ ਉਪਰੰਤ ਵੀ ਨਾਇਕ ਬਣੇ ਰਹਿਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਚਾਂਦਪੁਰ ਰੁੜਕੀ ਦੇ ਆਪਣੇ ਹਲਕੇ ’ਚ ਹੋਣ ਦਾ ਮਾਣ ਹੈ ਅਤੇ ਇਸ ਇਲਾਕੇ ਦੇ ਲੋਕਾਂ ਦੀ ਸੇਵਾ ’ਚ ਉਹ ਹਰ ਸਮੇਂ ਤਤਪਰ ਰਹਿਣਗੇ।
ਇਸ ਮੌਕੇ ਬਿ੍ਰਗੇਡੀਅਰ ਚਾਂਦਪੁਰੀ ਦੀ ਪਤਨੀ ਸੁਰਿੰਦਰ ਕੌਰ ਅਤੇ ਪੁੱਤਰ ਹਰਦੀਪ ਸਿੰਘ ਚਾਂਦਪੁਰੀ ਨੂੰ ਸਨਮਾਨਿਤ ਕੀਤਾ ਗਿਆ ਜਦਕਿ ਉਨ੍ਹਾਂ ਦੇ ਪੋਤੇ ਮਨਰਾਜ ਸਿੰਘ ਨੇ ਆਪਣੀ ਕਵਿਤਾ ਰਾਹੀਂ ਆਪਣੇ ਦਾਦਾ ਜੀ ਨੂੰ ਸ਼ਰਧਾਂਜਲੀ ਦਿੱਤੀ।
ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ, ਗੜ੍ਹਸ਼ੰਕਰ ਦੇ ਵਿਧਾਇਕ ਜੈ ਕਿਸ਼ਨ ਰੌੜੀ, ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ, ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਭਾਰਤੀ ਸੈਨਾ ਦੀ ਪੱਛਮੀ ਕਮਾਂਡ ਤੋਂ ਕਰਨਲ ਜਸਬੀਰ ਸਿੰਘ ਸੰਧੂ, ਏ ਡੀ ਸੀ (ਜ) ਸ੍ਰੀਮਤੀ ਅਮਿ੍ਰਤ ਸਿੰਘ, ਐਸ ਡੀ ਐਮ ਬਲਾਚੌਰ ਜਗਜੀਤ ਸਿੰਘ, ਐਸ ਪੀ (ਐਚ) ਹਰੀਸ਼ ਦਿਆਮਾ, ਬਾਬਾ ਗੁਰਦਿੱਤਾ ਜੀ ਗੁਰਦੁਆਰਾ ਸਾਹਬ ਦੀ ਕਮੇਟੀ ਦੇ ਪ੍ਰਧਾਨ ਹਰਮੰਦਰ ਸਿੰਘ, ਚਾਨਣ ਸਿੰਘ ਪਟਵਾਰੀ, ਗੁਰਮੇਲ ਮੀਲੂ, ਬਿੰਦਰ ਕੁਮਾਰ, ਧਰਮ ਚੰਦ ਬਿੱਟੂ, ਐਡਵੋਕੇਟ ਹਰਮੇਸ਼ ਲਾਲ, ਰਾਮ ਕਿਸ਼ਨ ਕਟਾਰੀਆ ਤੇ ਮਹਾਂ ਸਿੰਘ ਰੌੜੀ ਸਮੇਤ ਵੱਡੀ ਗਿਣਤੀ ’ਚ ਪਿੰਡ ਵਾਸੀ ਤੇ ਇਲਾਕੇ ਦੇ ਲੋਕ ਭਾਰਤੀ ਸੈਨਾ ਦੇ ਇਸ ਮਹਾਨ ਯੋਧੇ ਨੂੰ ਸ਼ਰਧਾ ਸੁਮਨ ਭੇਟ ਕਰਨ ਪੁੱਜੇ ਹੋਏ ਸਨ।