ਕਾਲਚਰਾਨੀ ਦੇ ਪਟਵਾਰੀ ਰੰਗੇ ਹੱਥੀਂ ਵਿਜੀਲੈਂਸ ਦੇ ਸਿਕੰਜੇ ਵਿਚ ਫਸੇ
ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਪਾਲ ਬਰਾੜ
ਬਠਿੰਡਾ, 11 ਜਨਵਰੀ 2019: ਵਿਜੀਲੈਂਸ ਬਠਿੰਡਾ ਨੇ ਕ੍ਰਪਸ਼ਨ ਵਿਰੁੱਧ ਆਪਣੀ ਮੁਹਿੰਮ ਨੂੰ ਹੋਰ ਤੇਜ਼ ਕਰਦੇ ਹੋਏ ਕਲ ਹਲਕਾ ਕਾਲਚਰਾਨੀ ਦੇ ਪਟਵਾਰੀ ਸੁਖਦੇਵ ਸਿੰਘ ਨੂੰ ਰੰਗੇ ਹਾਥੀ ਗ੍ਰਿਫ਼ਤਾਰ ਕਰ ਲਿਆ ਹੈ I ਉਕਤ ਪਟਵਾਰੀ ਵਿਰੁੱਧ ਕਾਲਚਰਾਨੀ ਦੇ ਵਸਨੀਕ ਜਸਬੀਰ ਸਿੰਘ ਪੁੱਤਰ ਕਾਕਾ ਸਿੰਘ ਨੇ ਵਿਜੀਲੈਂਸ ਅਧਿਕਾਰੀਆਂ ਕੋਲ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਨੇ ਪਟਵਾਰੀ ਨੂੰ ਮੁਕੰਮਲ ਕਾਗਜ਼ਾਤ ਦੇ ਕੇ ਆਪਣੇ ਭਰਾ ਚਰਨਜੀਤ ਸਿੰਘ ਨਾਲ ਜ਼ਮੀਨ ਦੇ ਤਬਾਦਲੇ ਦਾ ਇੰਤਕਾਲ ਦਰਜ ਕਰਵਾਉਣ ਲਈ ਕਿਹਾ ਸੀ ਤੇ ਪਟਵਾਰੀ ਸੁਖਦੇਵ ਸਿੰਘ ਨੇ ਮੌਕੇ ਤੇ ਹੀ ਵੱਢੀ ਦੇ ਦੋ ਹਜਾਰ ਲੈਕੇ ਬਾਕੀ ਅੱਠ ਹਜਾਰ ਰੁਪਏ ਇੰਤਕਾਲ ਦਰਜ ਕਰਨ ਸਮੇ ਲੈਣ ਹਾਮੀ ਭਾਰੀ ਸੀ I
ਕਲ ਡੀ ਐਸ ਪੀ ਮਨਜੀਤ ਸਿੰਘ ਸਿੱਧੂ ਦੀ ਰਹਿਨੁਮਾਈ ਹੇਠ ਵਿਜੀਲੈਂਸ ਦੀ ਟੀਮ ਨੇ ਪਟਵਾਰੀ ਸੁਖਦੇਵ ਸਿੰਘ ਨੂੰ ਰੰਗੇ ਹੱਥੀਂ 8000 /- ਰੁਪਏ ਵੱਢੀ ਲੈਂਦੇ ਗ੍ਰਿਫ਼ਤਾਰ ਕਰ ਲਿਆ I ਡੀ ਐਸ ਪੀ ਨੇ ਦੱਸਿਆ ਕਿ ਮੁਲਜ਼ਮ ਪਟਵਾਰੀ ਸੁਖਦੇਵ ਸਿੰਘ ਖਿਲਾਫ 7 ਪੀ ਸੀ ਐਕਟ 1988 (ਅਮੈਂਡਡ 2018) ਤਹਿਤ ਥਾਣਾ ਵਿਜੀਲੈਂਸ ਬਠਿੰਡਾ ਵਿਖੇ ਮੁਕਦਮਾ ਨੰਬਰ ਇਕ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ I
ਲੋਕਾਂ ਵਲੋਂ "ਰਾਹ ਦਸੇਰਾ" ਨੂੰ ਮੁੜ ਚਾਲੂ ਕਰਨ ਦੀ ਮੰਗ
ਭਾਵੇ ਕਈ ਜ਼ਿਲਿਆਂ ਵਿਚ ਕੁਝ ਡੀ ਸੀ ਸਾਹਿਬਾਨ ਨੇ ਮਾਲ ਵਿਭਾਗ ਵਿਚ ਰਿਸ਼ਵਤ ਖੋਰੀ ਨੂੰ ਠੱਲ ਪਾਉਣ ਲਈ ਯਤਨ ਕੀਤੇ ਹਨ ਪਰ ਰਿਸ਼ਵਤ ਖੋਰ ਕਰਮਚਾਰੀ ਕੋਈ ਨਾ ਕੋਈ ਰਾਹ ਲੱਭ ਹੀ ਲੈਂਦੇ ਹਨ I ਇਸੇ ਹੀ ਤਰ੍ਹਾਂ ਇਕ ਉਪਰਾਲਾ ਬਠਿੰਡਾ ਵਿਖੇ ਰਹਿ ਚੁਕੇ ਡੀ ਸੀ ਬਸੰਤ ਗਰਗ ਵਲੋਂ ਆਪਣੇ ਕਾਰਜਕਾਲ ਸਮੇ ਕੀਤਾ ਗਿਆ ਸੀ I
ਉਨ੍ਹਾਂ ਨੇ ਇਕ "ਰਾਹ ਦਸੇਰਾ" ਨਾਮ ਦੀ ਵਿਧੀ (ਐੱਪ) ਸ਼ੁਰੂ ਕਾਰਵਾਈ ਸੀ I ਜਿਸ ਰਾਹੀਂ ਕੋਈ ਵੀ ਰਜਿਸਟਰੀ ਜਾਂ ਤਬਾਦਲਾ ਜੋ ਬਠਿੰਡਾ ਤਹਿਸੀਲ ਵਿਚ ਦਰਜ ਹੁੰਦਾ ਸੀ ਤਾਂ ਉਸ ਦਾ ਮੈਸਜ (ਸੂਚਨਾ) ਤਬਾਦਲਾ ਕਰਵਾਉਣ ਵਾਲੀਆਂ ਧਿਰਾਂ ਨੂੰ ਮੋਬਾਈਲ ਫੋਨ ਉਪਰ ਮਿਲ ਜਾਂਦੀ ਸੀ ਤੇ ਉਸ ਤੋਂ 30 ਦਿਨਾਂ ਦੇ ਅੰਦਰ ਉਨ੍ਹਾਂ ਨੂੰ ਆਪਣੇ ਮੋਬਾਈਲ ਫੋਨ ਉਪਰ ਹੀ ਇੰਤਕਾਲ ਦਾ ਨੰਬਰ ਵੀ ਪ੍ਰਾਪਤ ਹੋ ਜਾਂਦਾ ਸੀ I ਇਸ ਵਿਧੀ ਦੀ ਵਰਤੋਂ ਨਾਲ ਆਮ ਲੋਕਾਂ ਨੂੰ ਕਾਫੀ ਰਾਹਤ ਮਿਲੀ ਸੀ I
ਇਹ ਵਿਧੀ (ਐੱਪ) ਸਫਲਤਾ ਨਾਲ ਬਠਿੰਡਾ ਤਹਿਸੀਲ ਵਿਚ ਚਲੀ ਤੇ ਇਸ ਨੂੰ ਡਾਇਰੈਕਟਰ ਲੈਂਡ ਰਿਕਾਡਸ ਦੇ ਦਫਤਰ ਨੇ ਵੀ ਅਪਣਾਇਆ ਸੀ ਤੇ ਉੱਥੇ ਵੀ ਇਸ ਦੀ ਚੰਗੀ ਕਾਰਗੁਜਾਰੀ ਸਾਮਣੇ ਆਈ ਸੀ I ਪਰ ਬਦਕਿਸਮਤੀ ਨਾਲ ਪੰਜਾਬ ਵਿਚ ਰਿਵਾਜ਼ ਹੈ ਕਿ ਜਦ ਅਫਸਰ ਬੱਦਲ ਜਾਂਦਾ ਹੈ ਤਾਂ ਉਸ ਵਲੋਂ ਸ਼ੁਰੂ ਕੀਤੇ ਕਾਰਜ ਵੀ ਉੱਥੇ ਹੀ ਠੱਪ ਹੋ ਜਾਂਦੇ ਹਨ I ਸਵਰਾਜ ਅਭਿਆਨ ਦੇ ਆਗੂ ਗਿਆਨ ਚੰਦ ਬੰਸਲ ਨੇ ਮੰਗ ਕੀਤੀ ਹੈ ਕਿ "ਰਾਹ ਦਸੇਰਾ " ਵਰਗੀਆਂ ਵਿਧੀਆਂ ਨੂੰ ਚਾਲੂ ਕਰਨਾ ਚਾਹੀਦਾ ਹੈ ਤਾਂ ਕੁਝ ਨਾ ਕੁਝ ਰਾਹਤ ਲੋਕਾਂ ਨੂੰ ਮਿਲਦੀ ਰਹੇ I
ਇਹ ਇਤਫ਼ਾਕ ਹੈ, ਕਿ ਸਾਬਕਾ ਡੀ ਸੀ ਬਸੰਤ ਗਰਗ ਅੱਜਕਲ ਮਾਲ ਮਹਿਕਮੇ ਵਿਚ ਵਿਸ਼ੇਸ਼ ਸਕੱਤਰ ਵਜੋਂ ਤਾਇਨਾਤ ਹਨ ਤੇ ਨਾਲ ਹੀ ਡਾਇਰੈਕਟਰ ਲੈਂਡ ਰਿਕਾਰਡ ਵੀ ਹਨ I