ਹੁਸ਼ਿਆਰਪੁਰ, 19 ਜਨਵਰੀ 2019 - ਕਿਸਮਤ ਕਿਸ ਸਮੇਂ ਕਿਸੇ ਦੀ ਕਾਇਆ ਪਲਟ ਦੇਵੇ, ਇਹ ਅਜੇ ਵੀ ਬੁਝਾਰਤ ਹੀ ਐ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਹੁਸ਼ਿਆਰਪੁਰ ਦੇ ਸਦਰ ਥਾਣੇ ਦਾ, ਜਿਥੋਂ ਦੇ ਥਾਣੇ 'ਚ ਤਾਇਨਾਤ ਸਿਪਾਹੀ ਮਿੰਟਾਂ 'ਚ ਹੀ ਕਰੋੜਪਤੀ ਬਣ ਗਿਆ। ਭਾਵ ਕਿ ਸਿਪਾਹੀ ਨੂੰ 2 ਕਰੋੜ ਰੁਪਏ ਦੇ ਲੋਹੜੀ ਬੰਪਰ ਦੀ ਲਾਟਰੀ ਲੱਗ ਗਈ।
ਸਿਪਾਹੀ ਅਸ਼ੋਕ ਕੁਮਾਰ ਦੇ ਦੱਸਣ ਅਨੁਸਾਰ ਕੁਝ ਦਿਨ ਪਹਿਲਾਂ ਹੀ ਥਾਣੇ ਵਿਚ ਲਾਟਰੀ ਟਿਕਟਾਂ ਵੇਚਣ ਵਾਲਾ ਆਇਆ ਸੀ, ਉਹ ਸਾਰੇ ਥਾਣਾ ਵਿਚ ਚੱਕਰ ਕੱਟ ਆਇਆ ਪਰ ਕਿਸੇ ਨੇ ਟਿਕਟ ਨਾ ਖਰੀਦੀ ਪਰ ਉਸ ਨੇ ਇਸ ਲਾਟਰੀ ਵਾਲੇ ਦੀ ਬੋਹਣੀ ਕਰਵਾਉਣ ਦੀ ਸੋਚੀ ਤੇ ਇਕ ਟਿਕਟ ਖਰੀਦ ਲਈ। ਉਸ ਨੇ ਕਿਹਾ ਕਿ ਕਦੇ ਵੀ ਇਹ ਸੋਚਿਆ ਨਹੀਂ ਸੀ ਕਿ 2 ਕਰੋੜ ਦਾ ਪਹਿਲਾ ਇਨਾਮ ਉਸ ਨੂੰ ਹੀ ਨਿਕਲ ਆਵੇਗਾ।
ਅਸ਼ੋਕ ਕੁਮਾਰ 9 ਸਾਲ ਪਹਿਲਾਂ ਪੁਲਿਸ ਵਿਚ ਭਰਤੀ ਹੋਇਆ ਸੀ। ਕਸਬਾ ਮਹਿਲਪੁਰ ਦੇ ਪਿੰਡ ਮੋਤਿਆ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਨੇ ਦੱਸਿਆ ਕਿ ਲਾਟਰੀ ਵਾਲਾ ਉਸ ਨੂੰ ਆਖ ਰਿਹਾ ਸੀ ਕਿ ਦੋ ਸੀਰੀਜ਼ ਵਾਲੀ ਟਿਕਟ ਲਵੇ, ਜਿਸ ਤੋਂ ਬਾਅਦ ਉਸ ਨੇ ਇਹ ਸੋਚ ਕੇ ਟਿਕਟ ਲੈ ਲਈ ਕਿ ਜੇਕਰ ਨਿਕਲਣੀ ਹੋਵੇਗੀ ਤਾਂ ਇਹੀ ਨਿਕਲ ਆਵੇਗੀ। ਬੀਤੇ ਦਿਨ ਜਦੋਂ ਉਹ ਮਾਰਕੀਟ ਵਿਚ ਸੀ ਤੇ ਉਸ ਨੂੰ ਫੋਨ ਆ ਗਿਆ ਕਿ ਉਸ ਦੀ 2 ਕਰੋੜ ਦੀ ਲਾਟਰੀ ਨਿਕਲੀ ਹੈ। ਜਿਸ ਦਾ ਉਸ ਨੂੰ ਯਕੀਨ ਨਾ ਹੋਇਆ।
ਉਸ ਨੇ ਟਿਕਟ ਥਾਣੇ ਵਿਚ ਹੀ ਰੱਖੀ ਹੋਈ ਸੀ। ਰਾਤ ਨੂੰ ਥਾਣੇ ਗਿਆ ਤੇ ਟਿਕਟ ਵੇਖੀ। ਉਸ ਦੀਆਂ ਖ਼ੁਸ਼ੀਆਂ ਦਾ ਕੋਈ ਟਿਕਾਣਾ ਨਾ ਰਿਹਾ। ਉਹ 2 ਕਰੋੜ ਰੁਪਏ ਜਿੱਤ ਚੁੱਕਾ ਸੀ। ਅਸ਼ੋਕ ਕੁਮਾਰ ਦੇ ਸਾਥੀਆਂ ਦਾ ਕਹਿਣਾ ਹੈ ਕਿ ਉਹ ਬੜਾ ਦਿਲਵਾਲਾ ਤੇ ਇਮਾਨਦਾਰ ਇਨਸਾਨ ਹੈ। ਹਰ ਕਿਸੇ ਦੀ ਮਦਦ ਕਰਦਾ ਹੈ। ਇਸੇ ਲਈ ਪ੍ਰਮਾਤਮਾ ਨੇ ਇਹ ਇਨਾਮ ਅਸ਼ੋਕ ਨੂੰ ਦਿੱਤਾ ਹੈ। ਲਾਟਰੀ ਲੱਗਣ ਉਪਰੰਤ ਅਸ਼ੋਕ ਨੇ ਸਾਰੇ ਥਾਣੇ ਨੂੰ ਲੱਡੂ ਵੰਡੇ।