ਅੰਮ੍ਰਿਤਸਰ 19 ਜਨਵਰੀ 2019: 26 ਜਨਵਰੀ ਨੂੰ ਜਦੋਂ ਭਾਰਤ ਆਪਣਾ 70ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ, ਸਿੱਖਾਂ ਦੀ ਆਜ਼ਾਦੀ ਪਸੰਦ ਜਥੇਬੰਦੀ ਦਲ ਖਾਲਸਾ ਉਸੇ ਦਿਨ ਸਰਕਾਰੀ ਜਸ਼ਨਾਂ ਦੇ ਸਮਾਨਾਂਤਰ ਪੰਜਾਬ ਦੇ ਤਿੰਨ ਸ਼ਹਿਰਾਂ ਹੁਸ਼ਿਆਰਪੁਰ, ਲੁਧਿਆਣਾ ਅਤੇ ਜ਼ੀਰਾ ਵਿਖੇ ਪੰਜਾਬ ਲਈ ਸਵੈ-ਨਿਰਣੇ ਦੇ ਅਧਿਕਾਰ ਨੂੰ ਪ੍ਰਾਪਤ ਕਰਨ ਲਈ ਮਾਰਚ ਕਰੇਗੀ।
ਮਾਰਚ ਦਾ ਮੁੱਖ ਮਕਸਦ ਅਤੇ ਉਦੇਸ਼ ਭਾਰਤੀ ਨਿਜ਼ਾਮ ਨੂੰ ਇਹ ਯਾਦ ਦਿਵਾਉਣਾ ਹੈ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵੱਲੋਂ ੩ ਜੂਨ ੧੯੪੭ ਨੂੰ ਪੰਜਾਬ ਸਮੇਤ ਸਾਰੇ ਸੂਬਿਆਂ ਦੇ ਲੋਕਾਂ/ਕੌਮਾਂ ਨੂੰ ਸਵੈ-ਨਿਰਣੇ ਦਾ ਹੱਕ ਦੇਣ ਦਾ ਜੋ ਵਾਅਦਾ ਕੀਤਾ ਗਿਆ ਸੀ ਜਿਸ ਤੋਂ ਭਾਰਤੀ ਲੀਡਰਸ਼ਿਪ ਅੱਜ ਮੁਨਕਰ ਹੋਈ ਬੈਠੀ ਹੈ।
ਜਥੇਬੰਦੀ ਦਾ ਮੰਨਣਾ ਹੈ ਕਿ ਇਸ ਹੱਕ ਪ੍ਰਤੀ ਭਾਰਤੀ ਨਿਜ਼ਾਮ ਦਾ ਰਾਜਨੀਤਿਕ ਸਟੈਂਡ ਭਾਂਵੇ ਕੁਝ ਵੀ ਹੋਵੇ, ਪਰ ਭਾਰਤ ਯੂ.ਐਨ.ਉ ਦੇ ਚਾਰਟਰ ਅਤੇ ਕਨਵੈਨਸ਼ਨ ਅਨੁਸਾਰ ਲੋਕਾਂ ਨੂੰ ਇਹ ਹੱਕ ਦੇਣ ਲਈ ਪਾਬੰਦ ਹੈ। ਉਹਨਾਂ ਕਿਹਾ ਕਿ ਜਦ ਭਾਰਤ ਦੇ ਲੋਕ ਆਪਣਾ ਗਣਤੰਤਰ ਦਿਵਸ ਮਨਾਉਣਗੇ, ਉਸੇ ਸਮੇ ਦੇਸ਼ ਅੰਦਰ ਜਬਰੀ ਲਤਾੜੀਆਂ ਅਤੇ ਦਬਾਈਆਂ ਗਈਆਂ ਕੌਮਾਂ ਜਿਨਾਂ ਵਿੱਚ ਸਿੱਖ ਵੀ ਸ਼ਾਮਿਲ ਹਨ, ਉਹ ਆਪਣੇ ਇਸ ਖੁੱਸੇ ਹੱਕ ਨੂੰ ਪ੍ਰਾਪਤ ਕਰਨ ਲਈ ਅਸਰਦਾਰ ਢੰਗ ਨਾਲ ਆਪਣੀ ਆਵਾਜ਼ ਬੁਲੰਦ ਕਰਨਗੀਆਂ।
ਉਹਨਾਂ ਪ੍ਰੋਗਰਾਮ ਬਾਰੇ ਵਧੇਰੇ ਖੁਲਾਸਾ ਕਰਦਿਆਂ ਕਿਹਾ ਕਿ ਇਹ ਮਾਰਚ ੭੦ ਸਾਲਾਂ ਦੀ ਸੰਵਿਧਾਨਕ ਗੁਲਾਮੀ ਅਤੇ ਬੇਇਸਾਫੀਆਂ ਵਿਰੁਧ ਆਵਾਜ਼ ਬੁਲੰਦ ਕਰਨ, ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀ ਸੁਮੇਧ ਸਿੰਘ ਸੈਣੀ, ਚਰਨਜੀਤ ਸ਼ਰਮਾ ਆਦਿ ਅਫਸਰਾਂ ਨੂੰ ਸਜ਼ਾਵਾਂ ਦਿਵਾਉਣ, ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਰਾਜਨੀਤਿਕ ਨਜ਼ਰਬੰਦਾਂ ਦੀ ਰਿਹਾਈ ਦਾ ਹੋਕਾ ਦੇਣ ਅਤੇ ਭਾਰਤੀ ਸੰਵਿਧਾਨ ਅਤੇ ਕਾਨੂੰਨਾਂ ਦੇ ਦੋਹਰੇ ਮਾਪਦੰਡ ਦੀ ਮਾਰ ਝੱਲ ਰਹੀਆਂ ਘੱਟ-ਗਿਣਤੀ ਕੌਮਾਂ ਨਾਲ ਇੱਕਜੁੱਟਤਾ ਪ੍ਰਗਟਾਉਣ ਲਈ ਸੂਬੇ ਦੇ ੩ ਸ਼ਹਿਰਾਂ ਅੰਦਰ ਉਲੀਕੇ ਗਏ ਹਨ।
੨੬ ਜਨਵਰੀ ਨੂੰ ਕਾਲਾ ਗਣਤੰਤਰ ਦਿਵਸ ਦੱਸਦੇ ਹੋਏ, ਪਾਰਟੀ ਆਗੂ ਕੰਵਰਪਾਲ ਸਿੰਘ, ਰਣਵੀਰ ਸਿੰਘ ਅਤੇ ਯੂਥ ਵਿੰਗ ਆਗੂ ਪਰਮਜੀਤ ਸਿੰਘ ਮੰਡ ਨੇ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਮੌਜੂਦਾ ਸੰਵਿਧਾਨ ਹੇਠ ਭਾਰਤ ਨੇ ਸਿੱਖਾਂ ਦੀ ਵੱਖਰੀ ਪਛਾਣ ਨੂੰ ਲੁੱਟਿਆ ਹੈ,ਸੁਰੱਖਿਆ ਫੋਰਸਾਂ ਨੂੰ ਇਹ ਖੁੱਲ੍ਹ ਦਿੱਤੀ ਹੋਈ ਹੈ ਕਿ ਉਹ ਲੋਕਾਂ ਉੱਤੇ ਤਸ਼ੱਦਦ ਕਰਨ ਅਤੇ ਇਸੇ ਹੀ ਸੰਵਿਧਾਨ ਹੇਠ ਪੰਜਾਬ ਦੇ ਕੁਦਰਤੀ ਸਰੋਤਾਂ ਨੂੰ ਵੀ ਲੁੱਟਿਆ ਜਾ ਰਿਹਾ ਹੈ।
ਮਾਰਚ ਵਿਚ ਜਥੇਬੰਦੀ ਸੰਵਿਧਾਨਿਕ ਵਧੀਕੀਆਂ, ਬੇਇਨਸਾਫੀਆਂ ਅਤੇ ਸਟੇਟ ਦੀ ਸਿੱਖਾਂ ਪ੍ਰਤੀ ਨਕਾਰਾਤਮਕ ਪਹੁੰਚ ਨੂੰ ਵੀ ਉਜਾਗਰ ਕਰੇਗੀ। ਪਾਰਟੀ ਆਗੂਆਂ ਨੇ ਕਿਹਾ ਕਿ ਗਣਤੰਤਰ ਦਿਵਸ ਦਾ ਰਾਜ ਪੱਧਰੀ ਸਮਾਗਮ ਹੁਸ਼ਿਆਰਪੁਰ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ, ਇਸ ਲਈ ਉਹਨਾਂ ਵਲੋਂ ਮੁੱਖ ਸਮਾਗਮ ਹੁਸ਼ਿਆਰਪੁਰ ਸ਼ਹਿਰ ਵਿੱਚ ਆਯੋਜਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜਿਥੇ ਜਥੇਬੰਦੀ ਦੇ ਕਾਰਜਕਰਤਾ ਸਿੱਖ ਰਾਜ ਦਾ ਪ੍ਰਤੀਕ ਖਾਲਸਾਈ ਝੰਡਾ ਫੜ੍ਹ ਕੇ ਸ਼ਹਿਰ ਅੰਦਰ ਮਾਰਚ ਕਰਨਗੇ। ਪਾਰਟੀ ਬੁਲਾਰੇ ਨੇ ਕਿਹਾ ਕਿ ਸਵੈ-ਨਿਰਣੇ ਪੰਜਾਬ ਦੇ ਲੋਕਾਂ ਸਮੇਤ ਸਾਰੇ ਨਾਗਰਿਕਾਂ ਅਤੇ ਲੋਕਾਂ ਦਾ ਅਨਿੱਖੜਵਾਂ ਹੱਕ ਹੈ। ਸਿੱਖ ਇਸ ਅਧਿਕਾਰ ਨੂੰ ਪੰਜਾਬ ਦੇ ਲੋਕਾਂ ਲਈ ਪ੍ਰਾਪਤ ਕਰਨ ਲਈ ਭਾਰਤੀ ਰਾਜ ਪ੍ਰਬੰਧ ਖਿਲਾਫ ਸੰਘਰਸ਼ ਕਰ ਰਹੇ ਹਨ, ਜਿਸ ਨੇ ਨਾ ਕੇਵਲ ਉਨ੍ਹਾਂ ਨੂੰ ਅਧਿਕਾਰ ਦੇਣ ਤੋਂ ਇਨਕਾਰ ਕੀਤਾ ਹੈ ਸਗੋਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਗ਼ੈਰ ਕਾਨੂੰਨੀ ਕਰਾਰ ਦਿੱਤਾ ਹੋਇਆ ਹੈ ਅਤੇ ਸਿੱਖਾਂ ਉੱਪਰ ਵੱਖਵਾਦੀ ਹੋਣ ਦਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ੀਲ ਲੋਕਾਂ ਨੂੰ ਸਵੈ-ਨਿਰਣੇ ਦਾ ਹੱਕ ਦੇਣਾ ਹੀ ਜਮਹੂਰੀਅਤ ਦਾ ਤਕਾਜਾ ਹੈ। ਇਸ ਮੌਕੇ ਉਹਨਾਂ ਨਾਲ ਗੁਰਵਿੰਦਰ ਸਿੰਘ ਅਤੇ ਰਾਜਿੰਦਰ ਸਿੰਘ ਵੀ ਹਾਜ਼ਿਰ ਸਨ।