ਪਟਿਆਲਾ 19 ਜਨਵਰੀ 2019 (ਜੀ ਐੱਸ ਪੰਨੂ): ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਿਹਤ ਵਿਭਾਗ ਵਿੱਚ ਐੱਨ ਐੱਚ ਐੱਮ ਪੰਜਾਬ ਅਧੀਨ ਕੰਮ ਕਰਦੇ ਸਮੂਹ ਕਾਮੇ ਐਤਵਾਰ ਨੂੰ ਸ਼ਾਹੀ ਸ਼ਹਿਰ ਪਟਿਆਲਾ ਵਿਖੇ ਵਿਸ਼ਾਲ ਰੋਸ ਰੈਲੀ ਕਰਕੇ ਸੂਬਾ ਸਰਕਾਰ ਦੇ ਖੋਖਲੇ ਵਾਅਦਿਆਂ ਦਾ ਪੁਤਲਾ ਫੂਕਣਗੇ। ਉਕਤ ਜਾਣਕਾਰੀ ਐੱਨ ਅੱੈਚ ਐੱਮ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਅਤੇ ਸੂਬਾ ਜਨਰਲ ਸਕੱਤਰ ਡਾ. ਵਿਸ਼ਵਜੀਤ ਸਿੰਘ ਖੰਡਾ ਨੇ ਸਾਂਝੇ ਬਿਆਨ ਵਿੱਚ ਦਿੱਤੀ। ਆਗੂਆਂ ਨੇ ਕਿਹਾ ਕਿ ਐੱਨ ਐੱਚ ਐੱਮ ਅਧੀਨ ਸਿਹਤ ਵਿਭਾਗ ਵਿੱਚ ਤੈਨਾਤ ਤਕਰੀਬਨ 9000 ਮੈਡੀਕਲ, ਪੈਰਾਮੈਡੀਕਲ ਅਤੇ ਦਫਤਰੀ ਕਰਮਚਾਰੀ ਬੀਤੇ ਕਈ ਸਾਲਾਂ ਤੋਂ ਬਹੁਤ ਹੀ ਨਿਗੂਣੀਆਂ ਤਨਖਾਹਾਂ ਤੇ ਕੰਮ ਕਰਦੇ ਆ ਰਹੇ ਹਨ।ਇੰਨੀ ਮਹਿੰਗਾਈ ਵਿੱਚ ਇੰਨੀਆਂ ਨਿਗੂਣੀਆਂ ਤਨਖਾਹਾਂ ਤੇ ਸਰਕਾਰ ਲਗਾਤਾਰ ਉਨ੍ਹਾਂ ਦਾ ਸ਼ੋਸ਼ਨ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਵੀ ਬਰਾਬਰ ਕੰਮ ਬਰਾਬਰ ਤਨਖਾਹ ਦਾ ਉਨ੍ਹਾਂ ਦੇ ਹੱਕ ‘ਚ ਫੈਸਲਾ ਕੀਤਾ ਹੋਇਆ ਹੈ, ਪਰ ਸਮੇਂ ਦੀਆਂ ਹਾਕਮ ਧਿਰਾਂ ਸੁਪਰੀਮ ਕੋਰਟ ਦੇ ਫੈਸਲੇ ਨੂੰ ਵੀ ਟਿੱਚ ਜਾਣ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਸਿਹਤ ਵਿਭਾਗ ਨੂੰ ਸਾਰੇ ਨੈਸ਼ਨਲ ਸਿਹਤ ਪ੍ਰੋਗਰਾਮ ਪਲਸ ਪੋਲੀਓ, ਜਨਨੀ ਸੁਰੱਖਿਆ ਯੋਜਨਾ, ਰਾਸ਼ਟਰੀ ਬਾਲ ਸੁਰੱਖਿਆ ਯੋਜਨਾ ਸਭ ਤਰਾਂ ਦੇ ਟੀਕਾਕਰਨ, ਕੈਂਸਰ ਅਤੇ ਟੀ.ਬੀ. ਆਦਿ ਦੇ ਸਾਰੇ ਯੁਨਿਟਾਂ ਵਿੱਚੋਂ ਜਿੰਨੇ ਵੀਂ ਐਵਾਰਡ ਹਾਸਿਲ ਹੁੰਦੇ ਹਨ ਉਹ ਸਾਰੇ ਐੱਨ ਐੱਚ ਐੱਮ ਕਰਮਚਾਰੀਆਂ ਦੀ ਹੱਡ ਤੋੜਵੀਂ ਮਿਹਨਤ ਸਦਕਾ ਹੀ ਸੰਭਵ ਹੁੰਦੇ ਹਨ, ਪਰ ਇਹ ਅਤਿਅੰਤ ਦੁੱਖਦਾਈ ਗੱਲ ਹੈ ਕਿ ਪੰਜਾਬ ਦੇ ਐੱਨ ਐੱਚ ਐੱਮ ਕਰਮਚਾਰੀ ਆਪਣੀਆਂ ਨਿਗੂਣੀਆਂ ਤਨਖਾਹਾਂ ਨਾਲ ਆਪਣਾਂ ਚੁੱਲ੍ਹਾ ਤੱਕ ਬਾਲਣ ਤੋਂ ਅਸਮਰਥ ਹਨ। ਉਨਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਆਪਣੇ ਸੂਬੇ ਦੇ ਐੱਨ ਐੱਚ ਐੱਮ ਕਰਮਚਾਰੀਆਂ ਦੀਆਂ ਮੁਸ਼ਕਲਾਂ ਨੂੰ ਦੇਖਦਿਆਂ ਸਰਵਿਸ ਬਾਏ ਲਾਅਜ਼ ਬਣਾ ਕੇ ਰੈਗੂਲਰ ਮੁਲਾਜਮਾਂ ਦੇ ਬਰਾਬਰ ਤਨਖਾਹਾਂ ਜਾਰੀ ਕਰਕੇ ਨਾਲ ਮਹਿੰਗਾਈ ਭੱਤਾ ਵੀ ਦਿੱਤਾ ਹੋਇਆ ਹੈ। ਪਰ ਪੰਜਾਬ ਸਰਕਾਰ ਆਪਣੇ ਐੱਨ ਐੱਚ ਐੱਮ ਕਰਮਚਾਰੀਆਂ ਦੀਆਂ ਮੁਸ਼ਕਲਾਂ ਵੱਲ ਉੱਕਾ ਹੀ ਧਿਆਨ ਨਹੀਂ ਦੇ ਰਹੀ। ਇਨ੍ਹਾਂ ਮੁਸ਼ਕਲਾਂ ਵੱਲ ਧਿਆਨ ਦਿਵਾਉਣ ਅਤੇ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਪੂਰੇ ਪੰਜਾਬ ਦੇ ਐੱਨ ਅੱੈਚ ਐੱਮ ਕਰਮਚਾਰੀ ਐੱਨ ਐੱਚ ਐੱਮ ਇੰਪਲਾਈਜ਼ ਯੂਨੀਅਨ ਪੰਜਾਬ ਦੇ ਬੈਨਰ ਹੇਠ ਸੂਬਾ ਪੱਧਰੀ ਰੋਸ ਰੈਲੀ ਪਟਿਆਲਾ ਵਿਖੇ ਕਰਨਗੇ, ਜਿਸ ਵਿੱਚ ਸੂਬਾ ਸਰਕਾਰ ਦੇ ਵਾਅਦਿਆਂ ਦੀ ਪੰਡ ਫੂਕ ਕੇ ਪਿੱਟ ਸਿਆਪਾ ਕੀਤਾ ਜਾਵੇਗਾ। ਰੈਲੀ ਵਿੱਚ ਪਟਿਆਲਾ ਜਿਲ਼ੇ ਦੇ ਸਾਰੇ ਐੱਨ ਐੱਚ ਐੱਮ ਕਰਮਚਾਰੀ ਭਾਗ ਲੈਣਗੇ ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਮੁਲਾਜਮ ਮਾਰੂ ਨੀਤੀਆਂ ਖਿਲਾਫ ਐੱਨ ਐੱਚ ਐੱਮ ਕਰਮਚਾਰੀਆਂ ਦਾ ਸੂਬਾ ਪੱਧਰੀ ਇਹ ਲਾਮਿਸਾਲ ਇਕੱਠ ਹੋਵੇਗਾ ਅਤੇ ਹਰਿਆਣਾਂ ਸਰਵਿਸ ਬਾਏ ਲਾਅਜ਼ ਦੀ ਤਰਜ਼ ਤੇ ਪੰਜਾਬ ਵਿੱਚ ਵੀ ਬਰਾਬਰ ਤਨਖਾਹਾਂ ਨੂੰ ਲਾਗੂ ਕਰਵਾਉਣ ਲਈ ਸਰਕਾਰ ਖਿਲਾਫ ਸੂਬਾ ਪੱਧਰੀ ਸੰਘਰਸ਼ ਦਾ ਆਗਾਜ਼ ਹੋਵੇਗਾ। ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਜਗਜੀਤ ਸਿੰਘ, ਦੇਵਰਾਜ, ਹਰੀਸ਼ ਕੁਮਾਰ, ਰਮੇਸ਼ ਕੁਮਾਰ, ਅਮਿਤ ਜੈਨ, ਸੋਨਿਕਾ ਰਾਣੀ, ਮੋਨਿਕਾ ਰਾਣੀ,ਕੁਲਜੀਤ ਕੌਰ, ਕੁਲਦੀਪ ਕੌਰ, ਤ੍ਰਿਪਤਾ ਰਾਣੀ, ਮਨਪ੍ਰੀਤ ਕੌਰ, ਹੇਮਾ ਰਾਵਲ ਤੌਰ ਤੇ ਹਾਜਿਰ ਸਨ।