ਬਰਨਾਲਾ, 20 ਜਨਵਰੀ 2019 - ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਰਨਾਲਾ ਵਿਚ ਰੈਲੀ ਲ਼ਈ ਟਰੇਨ ਉਤੇ ਪੰਜਾਬ ਪੁੱਜੇ ਹਨ। ਰੇਲ ਤੋਂ ਉਤਰਦਿਆਂ ਹੀ ਉਨ੍ਹਾਂ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੋਂ ਚੋਣਾਂ ਲੜੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਅਕਾਲੀ ਦਲ ਤੇ ਕਾਂਗਰਸ ਤੋਂ ਦੁਖੀ ਹੈ। ਕਾਂਗਰਸ ਸਰਕਾਰ ਨੇ ਪੰਜਾਬ ਵਿਚ ਸੱਤਾ ਮਿਲਣ ਤੋਂ ਬਾਅਦ ਆਪਣਾ ਕੋਈ ਵਾਅਦਾ ਪੂਰਾ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਪਾਰਟੀ ਦਿੱਲੀ ਮਾਡਲ ਉਤੇ ਪੰਜਾਬ ਵਿਚ ਚੋਣਾਂ ਲੜੇਗੀ। ਜੋ ਕੰਮ ਉਨ੍ਹਾਂ ਨੇ ਦਿੱਲੀ ਵਿਚ ਕੀਤੇ ਹਨ, ਉਸ ਨੂੰ ਮੁੱਖ ਰੱਖ ਕੇ ਪੰਜਾਬ ਵਿਚ ਚੋਣ ਲੜੀ ਜਾਵੇਗੀ। ਉਨ੍ਹਾਂ ਕਿਹਾ ਕਿ ਮੋਦੀ ਤੇ ਸ਼ਾਹ ਦੀ ਜੋੜੀ ਨੇ ਦੇਸ਼ ਨੂੰ ਬਰਬਾਦ ਕਰ ਦਿੱਤਾ ਹੈ। ਲੋਕ ਭਾਜਪਾ ਨੂੰ ਲਾਂਭੇ ਕਰਨ ਲਈ ਤਿਆਰ ਬਰ ਤਿਆਰ ਹਨ। ਉਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਮੋਦੀ ਸਰਕਾਰ ਬਣ ਗਈ ਤਾਂ ਦੇਸ਼ ਦੇ ਟੁਕੜੇ ਟੁਕੜੇ ਹੋ ਜਾਣਗੇ। ਇਸ ਲਈ ਸਾਰੀਆਂ ਪਾਰਟੀਆਂ ਮੋਦੀ ਖਿਲਾਫ ਇਕੱਠੀਆਂ ਹੋ ਰਹੀਆਂ ਹਨ।