ਫਿਰੋਜ਼ਪੁਰ 22 ਜਨਵਰੀ (ਗੁਰਿੰਦਰ ਸਿੰਘ) ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਆਈ ਕੇ ਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਇੰਟਰ-ਕਾਲਜ ਲਾਅਨ-ਟੈਨਿਸ ਦੇ ਦੋ-ਰੋਜ਼ਾ ਮੁਕਾਬਲੇ ਕਰਵਾਏ ਗਏ। ਸੰਸਥਾ ਦੇ ਡਾਇਰੈਕਟਰ ਡਾ: ਟੀ.ਐਸ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਇਸ ਟੂਰਨਾਮੈਂਟ ਦਾ ਰਸਮੀ ਉਦਘਾਟਨ ਕੀਤਾ। ਆਪਣੇ ਸੰਬੋਧਨ ਦੌਰਾਨ ਉਹਨਾਂ ਸਾਰੀਆਂ ਟੀਮਾਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ ਅਤੇ ਉਹਨਾਂ ਨੂੰ ਖੇਡ ਦੌਰਾਨ ਵਧੀਆ ਪ੍ਰਦਰਸ਼ਨ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਵਿਸ਼ੇਸ਼ ਮਹਿਮਾਨ ਵਜੋਂ ਕਮਾਂਡਿੰਗ ਅਫਸਰ ਬੀਐਸਐਫ ਫਿਰੋਜ਼ਪੁਰ ਦੇਸ ਰਾਜ ਸ਼ਾਮਿਲ ਹੋਏ। ਡਾਇਰੈਕਟਰ ਫਿਜ਼ੀਕਲ ਐਜੂਕੇਸ਼ਨ ਡਾ: ਵੀ.ਐਸ ਭੁੱਲਰ ਅਤੇ ਕੈਂਪਸ ਪੀਆਰਓ ਬਲਵਿੰਦਰ ਸਿੰਘ ਮੋਹੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਵੱਖ-ਵੱਖ ਇੰਜੀਨੀਅਰਿੰਗ ਕਾਲਜਾਂ ਤੋਂ ਲੜਕਿਆਂ ਦੀਆਂ ਕੁੱਲ 8 ਅਤੇ ਲੜਕੀਆਂ ਦੀਆਂ 5 ਟੀਮਾਂ ਨੇ ਭਾਗ ਲਿਆ। ਇਸ ਟੂਰਨਾਮੈਂਟ ਵਿੱਚ ਲੜਕਿਆਂ ਦੇ ਮੁਕਾਬਲਿਆਂ ਦੌਰਾਨ ਸੀ.ਜੀ.ਸੀ ਝੰਜੇੜੀ ਦੀ ਟੀਮ ਪਹਿਲੇ, ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਦੀ ਟੀਮ ਦੂਸਰੇ ਅਤੇ ਤੀਸਰਾ ਸਥਾਨ ਡੀ.ਏ.ਵੀ ਆਈਈਟੀ ਜਲੰਧਰ ਦੀ ਟੀਮ ਨੇ ਹਾਸਲ ਕੀਤਾ। ਲੜਕੀਆਂ ਵਿੱਚੋਂ ਮਿਮਿਟ ਮਲੋਟ ਦੀ ਟੀਮ ਨੇ ਪਹਿਲਾ, ਡੀ.ਏ.ਵੀ ਆਈਈਟੀ ਜਲੰਧਰ ਦੂਸਰੇ ਅਤੇ ਜੀ.ਐਨ.ਡੀ.ਈ.ਸੀ ਲੁਧਿਆਣਾ ਦੀਆਂ ਲੜਕੀਆਂ ਨੇ ਤੀਸਰਾ ਸਥਾਨ ਹਾਸਲ ਕੀਤਾ।
ਟੂਰਨਾਂਮੈਂਟ ਦੇ ਦੂਸਰੇ ਦਿਨ ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਡਾ. ਏ ਕੇ ਤਿਆਗੀ ਨੇ ਜੇਤੂ ਟੀਮਾਂ ਨੂੰ ਮੈਡਲ ਅਤੇ ਟਰਾਫੀਆਂ ਤਕਸੀਮ ਕੀਤੀਆਂ। ਇਸ ਮੌਕੇ ਉਹਨਾਂ ਆਪਣੇ ਸੰਬੋਧਨ ਵਿੱਚ ਜੇਤੂ ਟੀਮਾਂ ਅਤੇ ਉਹਨਾਂ ਦੇ ਕੋਚ ਸਾਹਿਬਾਨ ਨੂੰ ਮੁਬਾਰਕਬਾਦ ਦਿੱਤੀ। ਡਾ. ਤਿਆਗੀ ਨੇ ਡਾ. ਵੀ ਐਸ ਭੁੱਲਰ, ਡੀਨ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਤੇਜਪਾਲ, ਐਸ.ਬੀ.ਐਸ ਕੈਂਪਸ ਦੀ ਲਾਅਨ-ਟੈਨਿਸ ਟੀਮ ਦੇ ਇੰਚਾਰਜ ਡਾ. ਮਨੋਜ ਖੁਸ਼ਵਾਹਾ ਅਤੇ ਸਮੁੱਚੀ ਪ੍ਰਬੰਧਕੀ ਕਮੇਟੀ ਦੀ ਸ਼ਲਾਘਾ ਕਰਦਿਆਂ ਇਸ ਟੂਰਨਾਮੈਂਟ ਦੇ ਸਫਲ ਆਯੋਜਨ ਲਈ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਮਨਜਿੰਦਰ ਸਿੰਘ, ਡਾ. ਏ ਕੇ ਅਸਾਟੀ, ਡਾ. ਤੇਜੀਤ ਸਿੰਘ, ਪ੍ਰੋ. ਵਿਵੇਕ ਸੂਦ, ਜੇ.ਐਸ ਮਾਂਗਟ, ਯਸ਼ਪਾਲ, ਮਨਜੀਤ ਸਿੰਘ ਬਾਜਵਾ, ਨਰਿੰਦਰ ਸਿੰਘ ਬਾਜਵਾ, ਗੁਰਪ੍ਰੀਤ ਸਿੰਘ, ਵਿਜੇ ਸ਼ਰਮਾ, ਮੁਕੇਸ਼ ਸਚਦੇਵਾ, ਰਾਜਿੰਦਰ ਕੁਮਾਰ, ਹਰਪਿੰਦਰਪਾਲ ਸਿੰਘ ਅਤੇ ਅਮਰਜੀਤ ਸਿੰਘ ਹਾਜ਼ਰ ਸਨ।