ਫਿਰੋਜ਼ਪੁਰ, 11 ਫਰਵਰੀ (ਗੁਰਿੰਦਰ ਸਿੰਘ) ਪੰਜਾਬ ਸਰਕਾਰ ਦੀ ਬੇਟੀ ਬਚਾਓ ਬੇਟੀ ਪੜਾ੍ਓ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਹੋਇਆਂ ਮਾਈ ਭਾਗੋ ਯੋਜਨਾ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਚ 353 ਵਿਦਿਆਰਥਣਾਂ ਨੂੰ ਸਾਈਕਲ ਵੰਡੇ ਗਏ। ਇਸ ਮੌਕੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਸਰਕਾਰੀ ਸਕੂਲਾਂ ਵਿਚ ਵਿੱਦਿਆ ਦਾ ਪੱਧਰ ਉੱਚਾ ਚੁੱਕਣਾ ਹੈ ਤੇ ਸਿੱਖਿਆ ਲੈਣ ਦੀ ਸੋਚ ਰੱਖਣ ਵਾਲੇ ਵਿਦਿਆਰਥੀਆਂ ਨੂੰ ਸਹੂਲਤਾਂ ਪ੍ਰਦਾਨ ਕਰਨਾ ਹੈ। ਉਨਾਂ ਦੱਸਿਆ ਕਿ ਇਸੇ ਉਦੇਸ਼ ਦੀ ਪੂਰਤੀ ਲਈ ਮਾਈ ਭਾਗੋ ਯੋਜਨਾ ਦੇ ਅਧੀਨ ਸਕੂਲਾਂ ਵਿਚ ਪੜ੍ਹਣ ਵਾਲੀਆਂ ਵਿਦਿਆਰਥਣਾਂ ਨੂੰ ਸਾਈਕਲਾਂ ਤਕਸੀਮ ਕੀਤੀਆਂ ਜਾਂਦੀਆਂ ਹਨ ਤਾਂ ਕਿ ਦੂਰ ਦੁਰਾਡੇ ਤੋਂ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਸਕੂਲ ਆਉਣ ਵਿੱਚ ਕੋਈ ਪ੍ਰੇਸ਼ਾਨੀ ਨਾ ਪੇਸ਼ ਆਵੇ। ਪਿੰਕੀ ਨੇ ਇਸ ਮੌਕੇ ਸਕੂਲ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਅਧਿਕਾਰੀਆਂ ਦੀ ਮੰਗ 'ਤੇ ਹੋਸਟਲ ਦੀ ਰਿਪੇਅਰ ਤੇ ਸਕੂਲ ਵਿੱਚ ਹੋਰ ਜ਼ਰੂਰੀ ਵਿਕਾਸ ਦੇ ਕੰਮ ਕਰਵਾਉਣ ਲਈ 10 ਲੱਖ ਰੁਪਏ ਗ੍ਰਾਂਟ ਦੇਣ ਦੀ ਘੋਸ਼ਣਾ ਕੀਤੀ। ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇਕ ਸਿੰਘ ਤੇ ਸਕੂਲ ਪ੍ਰਿੰਸੀਪਲ ਰਜੇਸ਼ ਮਹਿਤਾ ਨੇ ਵਿਧਾਇਕ ਦਾ ਸਾਈਕਲ ਵੰਡ ਸਮਾਗਮ ਵਿਚ ਪੁੱਜਣ ਤੇ ਧੰਨਵਾਦ ਕੀਤਾ ਤੇ ਸਕੂਲ ਦੇ ਵਿਕਾਸ ਲਈ ਗ੍ਰਾਂਟ ਦੇ ਐਲਾਨ ਤੇ ਖੁਸ਼ੀ ਪ੍ਰਗਟਾਈ ਤੇ ਵਿਸ਼ਵਾਸ ਦੁਆਇਆ ਕਿ ਉਨਾਂ ਵੱਲੋਂ ਦਿੱਤੀ ਗਈ ਗ੍ਰਾਂਟ ਨੂੰ ਵਿਦਿਆਰਥਣਾਂ ਨੂੰ ਸਹੂਲਤਾਂ ਦੇਣ 'ਤੇ ਖਰਚ ਕੀਤਾ ਜਾਵੇਗਾ। ਜ਼ਿਲਾ ਸਿੱਖਿਆ ਅਫਸਰ ਨੇਕ ਸਿੰਘ ਨੇ ਐਲਾਨ ਕੀਤਾ ਕਿ +2 ਵਿੱਚੋਂ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ 11-11 ਹਜ਼ਾਰ ਰੁਪਏ ਇਨਾਮ ਦਿੱਤਾਾ ਜਾਵੇਗਾ।ਇਸ ਮੌਕੇ ਕਾਂਗਰਸੀ ਆਗੂ ਬਿੱਟੂ ਸਾਂਘਾ, ਰਿੰਕੂ ਗਰੋਵਰ, ਦਲਜੀਤ ਸਿੰਘ, ਬਲਵੀਰ ਸਿੰਘ ਆਦਿ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀਣਾ ਹਾਜ਼ਰ ਸਨ।