ਚੰਡੀਗੜ੍ਹ, 18 ਫਰਵਰੀ 2019 - ਪਾਰਟੀ ਪ੍ਰਧਾਨ ਨੂੰ ਸਿੱਧੇ ਅਧਿਕਾਰ ਦੇਣ ਦੇ ਪਿਛਲੇ ਅਮਲ ਨੂੰ ਵਿਦਾਇਗੀ ਦਿੰਦੇ ਹੋਏ ਪੰਜਾਬ ਕਾਂਗਰਸ ਸੂਬੇ ਦੀਆਂ 13 ਸੀਟਾਂ ਵਾਸਤੇ ਚੋਣਵੇਂ ਉਮੀਦਵਾਰਾਂ ਦੀ ਮੁਕੰਮਲ ਸੂਚੀ ਅੰਤਿਮ ਚੋਣ ਵਾਸਤੇ ਰਾਹੁਲ ਗਾਂਧੀ ਨੂੰ ਭੇਜੇਗੀ |
ਇਹ ਫੈਸਲਾ ਪੰਜਾਬ ਭਵਨ ਵਿੱਚ ਐਤਵਾਰ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਚੋਣ ਕਮੇਟੀ ਦੀ ਇਕ ਮੀਟਿੰਗ ਦੌਰਾਨ ਲਿਆ ਗਿਆ |
ਇਹ ਫੈਸਲਾ ਰਾਹੁਲ ਗਾਂਧੀ ਦੀ ਗਤੀਸ਼ੀਲ ਅਗਵਾਈ ਹੇਠ ਪਾਰਟੀ ਦੀ ਮਜ਼ਬੂਤ ਜਮਹੂਰੀ ਪ੍ਰਣਾਲੀ ਅਤੇ ਨਵੇਂ ਖੁੱਲ੍ਹੇਪਨ ਦਾ ਚਿੰਨ ਹੈ | ਇਹ ਪਾਰਟੀ ਪ੍ਰਧਾਨ ਦੇ ਸੁਝਾਅ ਦੇ ਹੁੰਗਾਰ ਵਜੋਂ ਆਇਆ ਹੈ ਜਿਸ ਵਿੱਚ ਉਨ੍ਹਾਂ ਕਿਹਾ ਕਿ ਸੂਬਾ ਇਕਾਈਆਂ ਫੈਸਲਾ ਲੈਣ ਲਈ ਸਿਰਫ਼ ਹਾਈ ਕਮਾਂਡ ਨੂੰ ਅਧਿਕਾਰਿਤ ਕਰਨ ਦੀ ਥਾਂ ਪ੍ਰਸਤਾਵਿਤ ਉਮੀਦਵਾਰਾਂ ਦੇ ਨਾਂ ਭੇਜਣ |
ਸੁਝਾਅ ਦਾ ਜ਼ਿਕਰ ਕਰਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀ.ਪੀ.ਸੀ.ਸੀ.) ਦੇ ਮੁਖੀ ਸੁਨੀਲ ਜਾਖੜ ਨੇ ਇਹ ਪ੍ਰਸਤਾਵ ਮੀਟਿੰਗ ਵਿੱਚ ਪ੍ਰਵਾਨ ਕਰਨ ਲਈ ਪੇਸ਼ ਕੀਤਾ | ਉਨ੍ਹਾਂ ਕਿਹਾ ਕਿ ਇਸ ਦਾ ਉਦੇਸ਼ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਹੈ ਜਿਸ ਵਾਸਤੇ ਸਾਰੇ ਹਲਕਿਆਂ ਤੋਂ ਜਿੱਤਣ ਵਾਲੇ ਉਮੀਦਵਾਰ ਖੜ੍ਹੇ ਕਰਨ ਦੀ ਜ਼ਰੂਰਤ ਹੈ |
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਦਾ ਉਦੇਸ਼ ਕਾਂਗਰਸ ਦੀ ਜਿੱਤ ਨੂੰ ਯਕੀਨੀ ਬਣਾਉਣਾ ਅਤੇ ਕੇਂਦਰ ਵਿੱਚ ਸਰਕਾਰ ਦਾ ਗਠਨ ਕਰਨਾ ਹੈ | ਉਨ੍ਹਾਂ ਨੇ ਨਿੱਜੀ ਸਬੰਧਾਂ ਤੋਂ ਉੱਪਰ ਉੱਠਣ ਦੀ ਸਾਰੇ ਮੈਂਬਰਾਂ ਨੂੰ ਅਪੀਲ ਕਰਦੇ ਹੋਏ ਸਿਰਫ਼ ਜਿੱਤਣ ਵਾਲੇ ਉਮੀਦਵਾਰਾਂ ਦੀ ਚੋਣ ਕਰਨ ਵਾਸਤੇ ਆਖਿਆ | ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕੀਤਾ ਕਿ ਉਹ ਕਿਸੇ ਵੀ ਗਠਜੋੜ ਦੇ ਹੱਕ ਵਿੱਚ ਨਹੀਂ ਹਨ | ਉਨ੍ਹਾਂ ਸੁਝਾਅ ਦਿੱਤਾ ਕਿ ਸਿਰਫ਼ ਕਾਂਗਰਸ ਦੇ ਮੈਂਬਰਾਂ/ਵਰਕਰਾਂ ਨੂੰ ਇਨ੍ਹਾਂ ਚੋਣਾਂ ਵਿੱਚ ਖੜ੍ਹੇ ਕਰਨਾ ਚਾਹੀਦਾ ਹੈ ਜੋ ਕਿ ਪਾਰਟੀ ਦੇ ਹੱਕ ਵਿੱਚ ਹੈ |
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਤਿੰਨ ਅਕਾਲੀ ਦਲ ਅਤੇ ਦੋ ਆਮ ਆਦਮੀ ਪਾਰਟੀਆਂ ਦੇ ਚੋਣਾਂ ਵਿੱਚ ਹੋਣ ਨਾਲ ਸਥਿਤੀ ਸਪਸ਼ਟ ਤੌਰ 'ਤੇ ਕਾਂਗਰਸ ਦੇ ਹੱਕ ਵਿੱਚ ਹੈ | ਉਨ੍ਹਾਂ ਨੇ ਸਿਲਸਿਲੇਵਾਰ ਸਮਾਜਿਕ ਇੰਜੀਨੀਅਰਿੰਗ ਦੇ ਰਾਹੀਂ ਸਾਰੀਆਂ ਜਾਤਾਂ ਅਤੇ ਧਰਮਾਂ ਨੂੰ ਢੁੱਕਵੀਂ ਨੂਮਾਇੰਦਗੀ ਦੇਣ 'ਤੇ ਜ਼ੋਰ ਦਿੱਤਾ |
ਪੰਜਾਬ ਮਾਮਲਿਆਂ ਦੀ ਇੰਚਾਰਜ ਅਤੇ ਏ.ਆਈ.ਸੀ.ਸੀ. ਦੀ ਸਕੱਤਰ ਆਸ਼ਾ ਕੁਮਾਰੀ ਨੇ ਦੱਸਿਆ ਕਿ 13 ਸੀਟਾਂ ਦੇ ਲਈ ਕੁਲ 180 ਅਰਜ਼ੀਆਂ ਪ੍ਰਾਪਤ ਹੋਈਆਂ ਹਨ | ਰਾਹੁਲ ਗਾਂਧੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਕੋਲ ਚੋਣਵੇਂ ਉਮੀਦਵਾਰਾਂ ਦੇ ਨਾਂ ਭੇਜੇ ਜਾਣ | ਇਹ ਢੰਗ-ਤਰੀਕਾ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵਿੱਚ ਵੀ ਪਾਰਟੀ ਵੱਲੋਂ ਅਪਣਾਇਆ ਗਿਆ | ਉਨ੍ਹਾਂ ਸੁਝਾਅ ਦਿੱਤਾ ਕਿ ਸਾਰੇ ਨਿਵੇਦਕਾਂ ਦੀ ਸੂਚੀ ਸਾਰੇ ਮੈਂਬਰਾਂ ਨੂੰ ਦਿੱਤੀ ਜਾਵੇ ਜਿਹੜੇ ਆਪਣੀ ਪਸੰਦ ਉੱਤੇ ਨਿਸ਼ਾਨੀ ਲਾਉਣ ਅਤੇ ਸੰਭਾਵੀ ਉਮੀਦਵਾਰਾਂ ਬਾਰੇ ਆਪਣੇ ਸੁਝਾਅ ਦੇਣ |
ਆਸ਼ਾ ਕੁਮਾਰੀ ਨੇ ਕਿਹਾ ਕਿ ਇਹ ਚੋਣਾਂ ਦੇਸ਼ ਅਤੇ ਕਾਂਗਰਸ ਲਈ ਬਹੁਤ ਜ਼ਿਆਦਾ ਅਹਿਮ ਹਨ | ਪੰਜਾਬ ਦੀਆਂ ਸਾਰੀਆਂ 13 ਸੀਟਾਂ ਜਿੱਤਣਾ ਪਾਰਟੀ ਲਈ ਬਹੁਤ ਮਹੱਤਵਪੂਰਨ ਹੈ | ਉਨ੍ਹਾਂ ਨੇ ਉਮੀਦਵਾਰਾਂ ਦੀ ਚੋਣ ਦਾ ਮੁੱਖ ਮਾਪਦੰਡ ਜੇਤੂ ਸਮਰਥਾ ਹੋਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ |
ਮੀਟਿੰਗ ਵਿੱਚ ਸੁਝਾਅ ਨੂੰ ਪ੍ਰਵਾਨ ਕਰ ਲਿਆ ਗਿਆ ਅਤੇ ਇਹ ਫੈਸਲਾ ਕੀਤਾ ਕਿ ਨਿਵੇਦਨਕਾਰਾਂ ਦੇ ਨਾਂ ਚੋਣ ਕਮੇਟੀ ਵਿਚਕਾਰ ਸਰਕੂਲੇਟ ਕੀਤੇ ਜਾਣ ਅਤੇ ਫਿਰ ਚੋਣਵੇਂ ਨਾਂ ਸਕਰੀਨਿੰਗ ਕਮੇਟੀ ਕੋਲ ਪੇਸ਼ ਕੀਤੇ ਜਾਣਗੇ ਜੋ ਕੇਂਦਰੀ ਚੋਣ ਕਮੇਟੀ ਨੂੰ ਭੇਜੇ ਜਾਣਗੇ | ਮੀਟਿੰਗ ਵਿੱਚ ਕੀਤੇ ਗਏ ਫੈਸਲੇ ਅਨੁਸਾਰ ਮੈਂਬਰਾਂ ਨੂੰ ਤਰਜੀਹੀ ਨੰਬਰ ਲਾਉਣ ਦੀ ਆਗਿਆ ਦਿੱਤੀ ਜਾਵੇਗੀ |
ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ ਇਹ ਚੋਣਾਂ ਲੜਣ ਲਈ ਮੋਜੂਦਾ ਵਿਧਾਇਕਾਂ 'ਤੇ ਕੋਈ ਪਾਬੰਦੀ ਨਹੀਂ ਹੋਵੇਗੀ | ਇਸ ਦੇ ਨਾਲ ਹੀ ਸਪਸ਼ਟ ਕੀਤਾ ਗਿਆ ਕਿ ਇਸ ਨੂੰ ਵਿਲੱਖਣ ਮਾਮਲਿਆਂ ਵਿੱਚ ਪ੍ਰਵਾਨ ਕੀਤਾ ਜਾਵੇਗਾ |
ਮੀਟਿੰਗ ਵਿੱਚ ਹਾਜ਼ਰ ਚੋਣ ਕਮੇਟੀ ਦੇ ਹੋਰਨਾਂ ਮੈਂਬਰਾਂ ਵਿੱਚ ਪ੍ਰਤਾਪ ਸਿੰਘ ਬਾਜਵਾ, ਰਜਿੰਦਰ ਕੌਰ ਭੱਠਲ, ਰਾਣਾ ਗੁਰਮੀਤ ਸਿੰਘ ਸੋਢੀ, ਗੁਰਪ੍ਰੀਤ ਸਿੰਘ ਕਾਂਗੜ, ਭਾਰਤ ਭੂਸ਼ਣ ਆਸ਼ੂ, ਕੁਲਦੀਪ ਵੈਦ, ਕਿੱਕੀ ਢਿੱਲੋਂ, ਨਿਰਮਲ ਸ਼ਤਰਾਣਾ, ਕੈਪਟਨ ਸੰਦੀਪ ਸੰਧੂ, ਕੁਲਜੀਤ ਨਾਗਰਾ, ਗੁਰਕਿਰਤ ਸਿੰਘ (ਏ.ਆਈ.ਸੀ.ਸੀ. ਸਕੱਤਰ) ਅਤੇ ਪੀ.ਪੀ.ਸੀ.ਸੀ. ਦੀਆਂ ਅਵਾਮੀ ਜੱਥੇਬੰਦੀਆਂ ਦੇ ਮੁਖੀ ਹਾਜ਼ਰ ਸਨ |