ਫਿਰੋਜ਼ਪੁਰ 18 ਅਪ੍ਰੈਲ (ਗੁਰਿੰਦਰ ਸਿੰਘ) ਗਰਭਵਤੀ ਔਰਤਾਂ ਨੂੰ ਮਿਲਣ ਵਾਲੀ ਜਣੇਪਾ ਸਹਾਇਤਾ ਰਾਸ਼ੀ ਟਰਾਂਸਫ਼ਰ ਨਾ ਕਰਨ ਦੇ ਮਾਮਲੇ ਵਿੱਚ ਲਾਪਰਵਾਹੀ ਦਿਖਾਉਣ ਵਾਲੇ ਸਿਹਤ ਵਿਭਾਗ ਦੇ ਦੋ ਕਲਰਕਾਂ ਨੂੰ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਸਸਪੈਂਡ ਕਰਨ ਦਾ ਆਦੇਸ਼ ਜਾਰੀ ਕੀਤੇ ਹਨ। ਅੱਜ ਜ਼ਿਲ੍ਹਾ ਹੈਲਥ ਸੁਸਾਇਟੀ ਦੀ ਮਹੀਨਾਵਾਰ ਮੀਟਿੰਗ ਵਿੱਚ ਇਹ ਮਾਮਲਾ ਸਾਹਮਣੇ ਆਉਣ 'ਤੇ ਉਨ੍ਹਾਂ ਸਿਵਲ ਸਰਜਨ ਨੂੰ ਇਨ੍ਹਾਂ ਦੋਨਾਂ ਕਲਰਕਾਂ ਨੂੰ ਤੁਰੰਤ ਸਸਪੈਂਡ ਕਰਨ ਅਤੇ ਵਿਭਾਗੀ ਕਾਰਵਾਈ ਦੀ ਸਿਫ਼ਾਰਿਸ਼ ਕਰਨ ਲਈ ਕਿਹਾ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਇਸ ਮੀਟਿੰਗ ਵਿੱਚ ਇਹ ਸਾਹਮਣੇ ਆਇਆ ਕਿ ਜ਼ਿਲ੍ਹਾ ਹਸਪਤਾਲ ਅਤੇ ਜ਼ੀਰਾ ਏਰੀਆ ਵਿੱਚ ਗਰਭਵਤੀ ਮਹਿਲਾਵਾਂ ਨੂੰ ਡਲਿਵਰੀ ਦੇ ਬਾਅਦ ਮਿਲਣ ਵਾਲੀ ਰਾਸ਼ੀ ਵਿਚੋਂ ਸਿਰਫ਼ 7 ਅਤੇ 4 ਪ੍ਰਤੀਸ਼ਤ ਨੂੰ ਹੀ ਅਦਾਇਗੀ ਕੀਤੀ ਗਈ ਹੈ, ਜਦਕਿ ਬਾਕੀ ਕੇਸ ਪੈਂਡਿੰਗ ਚੱਲ ਰਹੇ ਹਨ। ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਸਬੰਧਿਤ ਹਸਪਤਾਲਾਂ ਦੇ ਕਲਰਕਾਂ 'ਤੇ ਕਾਰਵਾਈ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਲਾਪਰਵਾਹੀ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਿਵਲ ਸਰਜਨ ਡਾ. ਰਾਜਿੰਦਰ ਕੁਮਾਰ ਨੂੰ ਦੋਨਾਂ ਨੂੰ ਸਸਪੈਂਡ ਕਰਨ ਅਤੇ ਵਿਭਾਗੀ ਕਾਰਵਾਈ ਦੀ ਸਿਫ਼ਾਰਿਸ਼ ਭੇਜਣ ਲਈ ਕਿਹਾ ਹੈ। ਇਸ ਤੋਂ ਇਲਾਵਾ ਡਿਲਿਵਰੀ ਦੇ ਬਾਅਦ ਮਿਲਣ ਵਾਲੇ ਇੰਨਸੈਂਟਿਵ ਦੇ ਸਾਰੇ ਕੇਸ ਜਲਦੀ ਕਲੀਅਰ ਕਰਕੇ 3 ਦਿਨਾਂ ਵਿੱਚ ਰਿਪੋਰਟ ਦੇਣ ਲਈ ਕਿਹਾ ਹੈ। ਉਨ੍ਹਾਂ ਜ਼ਿਲ੍ਹੇ ਦੇ ਹਸਪਤਾਲਾਂ ਵਿੱਚ ਹੋਣ ਵਾਲੀ ਡਿਲੀਵਰੀਜ਼ ਦੀ ਸਥਿਤੀ 'ਤੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿੱਚ ਸਿਰਫ਼ 47 ਫ਼ੀਸਦੀ ਡਲਿਵਰੀ ਹੋ ਰਹੀ ਹੈ ਅਤੇ ਜ਼ਿਆਦਾਤਰ ਲੋਕ ਬਾਹਰ ਜਾ ਰਹੇ ਹਨ, ਇਸ ਟਰੇਂਡ ਨੂੰ ਬਦਲਣ ਦੀ ਜ਼ਰੂਰਤ ਹੈ। ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਨੂੰ ਛੋਟੇ ਕਸਬਿਆਂ ਵਿੱਚ ਸਥਿਤ ਕਮਿਊਨਿਟੀ ਹੈਲਥ ਸੈਂਟਰਾਂ ਵਿੱਚ ਨਰਸਾਂ ਦੀ ਸੰਖਿਆ ਵਧਾਉਣ ਅਤੇ ਲੇਡੀ ਡਾਕਟਰ ਦੀ ਨਿਯੁਕਤੀ ਨੂੰ ਲੈ ਕੇ ਕਾਰਵਾਈ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਅੰਕੜਿਆਂ ਦੇ ਮੁਤਾਬਿਕ ਹੁਣ ਵੀ 7 ਤੋਂ 8 ਫ਼ੀਸਦੀ ਡਲਿਵਰੀ ਦਾਈਆਂ ਦੁਆਰਾ ਕੀਤੀ ਜਾ ਰਹੀ ਹੈ, ਜੋਕਿ ਇਕ ਗੰਭੀਰ ਮਾਮਲਾ ਹੈ। ਇਸ ਲਈ ਸੋ ਫ਼ੀਸਦੀ ਡਲਿਵਰੀ ਹਸਪਤਾਲਾਂ ਵਿੱਚ ਕਰਵਾਉਣ ਲਈ ਕਦਮ ਉਠਾਏ ਜਾਣ। ਔਰਤਾਂ ਦੇ ਗਰਭਵਤੀ ਹੋਣ ਦੇ ਪਹਿਲੇ 12 ਹਫ਼ਤਿਆਂ ਵਿੱਚ ਹੋਣ ਵਾਲੀ ਰਜਿਸਟ੍ਰੇਸ਼ਨ ਸਿਰਫ਼ 71 ਫ਼ੀਸਦੀ ਹੋਣ 'ਤੇ ਵੀ ਉਨ੍ਹਾਂ ਨਾਰਾਜ਼ਗੀ ਪ੍ਰਗਟ ਕਰਦਿਆਂ ਇਸ ਨੂੰ 100 ਪ੍ਰਤੀਸ਼ਤ ਤੱਕ ਲਿਆਉਣ ਲਈ ਕਿਹਾ। ਇਸ ਲਈ ਜ਼ਿਲ੍ਹੇ ਵਿੱਚ ਕੰਮ ਕਰ ਰਹੇ ਆਂਗਣਵਾੜੀ ਅਤੇ ਆਸ਼ਾ ਵਰਕਰਾਂ ਦੀ ਟ੍ਰੇਨਿੰਗ ਕਰਵਾਉਣ ਲਈ ਕਿਹਾ। ਇਸੇ ਤਰ੍ਹਾਂ ਹੀ ਬੱਚਿਆਂ ਦੇ ਟੀਕਾਕਰਨ ਦੇ ਅੰਕੜਿਆਂ ਨੂੰ 86 ਫ਼ੀਸਦੀ ਤੋਂ 100 ਫ਼ੀਸਦੀ ਤੱਕ ਲੈ ਕੇ ਜਾਣ ਲਈ ਕਿਹਾ। ਬੱਚੇ ਨੂੰ ਜਨਮ ਦੇ ਸਮੇਂ ਪਿਆਈਆਂ ਜਾਣ ਵਾਲੀਆਂ ਦਵਾਈਆਂ ਅਤੇ ਟੀਕਾਕਰਨ ਕਈ ਹਸਪਤਾਲਾਂ ਵਿੱਚ ਸਿਰਫ਼ 50 ਤੋਂ 52 ਫ਼ੀਸਦੀ ਸੀ, ਜਿਸ 'ਤੇ ਡਿਪਟੀ ਕਮਿਸ਼ਨਰ ਨੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਇਸ ਨੂੰ ਸੋ ਫ਼ੀਸਦੀ ਤੱਕ ਲੈ ਕੇ ਜਾਣ ਦਾ ਆਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਜੱਚਾ-ਬੱਚਾ ਨੂੰ ਹਸਪਤਾਲ ਤੋਂ ਛੁੱਟੀ ਦੇਣ ਤੋਂ ਪਹਿਲਾਂ ਸਬੰਧਿਤ ਡਾਕਟਰ ਅਤੇ ਨਰਸ ਇਹ ਯਕੀਨੀ ਕਰਨ ਕਿ ਬੱਚੇ ਨੂੰ ਸਾਰੀਆਂ ਦਵਾਈਆਂ ਅਤੇ ਟੀਕੇ ਲਗਾ ਦਿੱਤੇ ਗਏ ਹਨ ਤਾਂ ਜੋ ਕੋਈ ਵੀ ਬੱਚਾ ਟੀਕਾਕਰਨ ਤੋਂ ਵਾਂਝਾ ਨਾ ਰਹਿ ਜਾਵੇ।