ਲੁਧਿਆਣਾ: 15 ਮਈ 2019 - ਸਾਡਾ ਸੁਭਾਗ ਹੈ ਕਿ ਅਸੀਂ ਸਦੀ ਜਿੱਡੇ ਦੋ ਲਿਖਾਰੀਆਂ ਦੇ ਪਿਆਰ ਦੇ ਪਾਤਰ ਹਾਂ। ਜਸਵੰਤ ਸਿੰਘ ਕੰਵਲ ਤੇ ਸ: ਈਸ਼ਰ ਸਿੰਘ ਸੋਬਤੀ ਜੀ ਦੇ। ਇਨ੍ਹਾਂ ਚੋਂ ਕੰਵਲ ਸਾਹਿਬ ਜੂਨ 'ਚ ਸੌ ਸਾਲ ਦੇ ਹੋ ਜਾਣਗੇ। ਇਹ ਸ਼ਬਦ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਸ: ਈਸ਼ਰ ਸਿੰਘ ਸੋਬਤੀ ਦੇ ਸਨਮਾਨ ਸਮਾਗਮ ਵਿੱਚ ਕਹੇ।
ਸਮੂਹ ਮੈਂਬਰਾਂ ਵੱਲੋਂ ਸ਼ੁਭ ਕਾਮਨਾ ਦਿੰਦਿਆਂ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਪੰਜਾਬੀ ਸਾਹਿੱਤ ਅਕਾਡਮੀ ਦੇ ਜੀਵਨ ਮੈਂਬਰ ਸ: ਈਸ਼ਰ ਸਿੰਘ ਸੋਬਤੀ ਨੇ ਅੱਜ ਸੌ ਸਾਲ ਸੰਪੂਰਨ ਕਰ ਲਏ ਨੇ।
ਇਸ ਮੌਕੇ ਪੰਜਾਬੀ ਸਾਹਿੱਤ ਅਕਦਮੀ ਦੇ ਦੋ ਪ੍ਰਧਾਨਾਂ ਡਾ:,ਸ ਸ ਜੌਹਲ ਤੇ ਗੁਰਭਜਨ ਸਿੰਘ ਗਿੱਲ ਤੋਂ ਇਲਾਵਾ ਵਰਤਮਾਨ ਪ੍ਰਧਾਨ ਪ੍ਰੋ: ਰਵਿੰਦਰ ਭੱਠਲ ਨੇ ਪੰਜਾਬੀ ਲੇਖਕਾਂ ਨੂੰ ਨਾਲ ਲੈ ਕੇ ਸਾਂਝੇ ਤੌਰ ਤੇ ਸ: ਈਸ਼ਰ ਸਿੰਘ ਸੋਬਤੀ ਨੂੰ ਗੁਲਦਸਤੇ ਭੇਂਟ ਕੀਤੇ।
ਗੁਰਦੁਆਰਾ ਸਰਾਭਾ ਨਗਰ ਲੁਧਿਆਣਾ ਚ ਅੱਜ ਸ:,ਈਸ਼ਰ ਸਿੰਘ ਸੋਬਤੀ ਪਰਿਵਾਰ ਵੱਲੋਂ ਕੀਰਤਨ ਤੇ ਅਰਦਾਸ ਸਮਾਗਮ ਸ਼ੁਕਰਾਨੇ ਵਜੋਂ ਕਰਵਾਇਆ ਗਿਆ। ਭਾਈ ਸਰਬਜੀਤ ਸਿੰਘ ਪਟਨਾ ਸਾਹਿਬ ਵਾਲਿਆਂ ਨੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵੱਲੋਂ ਪ੍ਰਧਾਨ ਸ: ਜਤਿੰਦਰ ਸਿੰਘ ਸੰਧੂ ਐਡਵੋਕੇਟ ਨੇ ਸ: ਈਸ਼ਰ ਸਿੰਘ ਸੋਬਤੀ ਜੀ ਨੂੰ ਗੁਰੂ ਘਰ ਵੱਲੋਂ ਸਿਰੋਪਾਉ ਦੀ ਬਖ਼ਸ਼ਿਸ਼ ਕੀਤੀ।
ਸਿਰਜਣਧਾਰਾ ਸੰਸਥਾ ਵੱਲੋਂ ਕਰਮਜੀਤ ਸਿੰਘ ਔਜਲਾ ਨੇ ਕਿਹਾ ਕਿ ਸੋਬਤੀ ਜੀ ਕਮਾਲ ਦੇ ਲੇਖਕ ਹਨ। ਦੇਸ਼ ਵੰਡ ਬਾਰੇ ਉਨ੍ਹਾਂ ਦੀ ਪੁਸਤਕ ਬਹੁਤੀਆਂ ਕਿਤਾਬਾਂ ਨਾਲੋਂ ਚੰਗੀ ਹੈ। ਲਾਢੋਵਾਲ ਪਿੰਡ ਚ ਉਨ੍ਹਾਂ ਖੇਤੀ ਕਰਦਿਆਂ ਉਮਰ ਗੁਜ਼ਾਰੀ ਅਤੇ ਉਨ੍ਹਾਂ ਦੇ ਪੁੱਤਰ ਸਿਰਕੱਢ ਵਕੀਲ ਤੇ ਡਾਕਟਰ ਬਣਾਏ ਹਨ।
ਨਾਵਲਕਾਰ ਦੇਵਿੰਦਰ ਸਿੰਘ ਸੇਖਾ ਨੇ ਇਸ ਮੌਕੇ ਦੱਸਿਆ ਕਿ ਸ: ਈਸ਼ਰ ਸਿੰਘ ਸੋਬਤੀ ਨੇ 9 ਕਿਤਾਬਾਂ ਸਾਹਿਤ ਦੀ ਝੋਲੀ ਪਾਈਆਂ ਹਨ ਜੋ ਅੰਗਰੇਜ਼ੀ, ਉਰਦੂ ਅਤੇਪੰਜਾਬੀ ਵਿਚ ਹਨ।
ਆਪ ਦੀ ਵਿਸ਼ਵ ਪ੍ਰਸਿਧ ਪੁਸਤਕ 'ਕਿਵੇਂ ਮਰਨਾ' ਦੇ ਅੰਗਰੇਜੀ ਅਨੁਵਾਦ ਨੂੰ ਕੈਲੀਫੋਰਨੀਆਂ ਯੂਨੀਵਰਸਿਟੀ ਨੇ ਵੀ ਮਾਨਤਾ ਦਿੱਤੀ ਅਤੇ ਸੋਬਤੀ ਨੂੰ ਡੀ ਲਿਟ ਦੀ ਉਪਾਧੀ ਨਾਲ ਨਿਵਾਜਿਆ। ਸਾਬਕਾ ਉਪ ਪ੍ਰਧਾਨ ਮੰਤਰੀ ਸ਼੍ਰੀ ਲਾਲ ਕ੍ਰਿਸ਼ਨ ਆਡਵਾਨੀ ਦੇ ਪਿਤਾ ਜੀ ਦੇਸ਼ ਵੰਡ ਤੋਂ ਪਹਿਲਾਂ ਸ: ਈਸ਼ਰ ਸਿੰਘ ਸੋਬਤੀ ਦੇ ਸਿੰਧ ਵਿੱਚ ਅਧਿਆਪਕ ਰਹੇ ਸਨ।
ਇਸ ਮੌਕੇ ਉੱਘੇ ਪੰਜਾਬੀ ਲੇਖਕ ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਸਰਬਜੀਤ ਕੌਰ, ਡਾ: ਪਰਮਜੀਤ ਸਿੰਘ ਸੋਹਲ, ਡਾ: ਕੁਲਦੀਪ ਸਿੰਘ ਬੇਦੀ, ਹਰਬੰਸ ਸਿੰਘ ਘੇਈ, ਡਾ: ਗੁਲਜ਼ਾਰ ਸਿੰਘ ਪੰਧੇਰ, ਸਰਬਜੀਤ ਵਿਰਦੀ, ਸੁਖਦੇਵ ਸਿੰਘ ਲਾਜ, ਸਤਿਬੀਰ ਸਿੰਘ ਸਿੱਧੂ, ਸਤੀਸ਼ ਗੁਲਾਟੀ,ਅਜੀਤ ਸਿੰਘ ਅਰੋੜਾ, ਡਾ: ਕੰਵਲਜੀਤ ਕੌਰ ਅਰੋੜਾ ਤੇ ਹਰਬੰਸ ਮਾਲਵਾ ਹਾਜ਼ਰ ਸਨ।
ਪਰਿਵਾਰ ਵੱਲੋਂ ਸ: ਈਸ਼ਰ ਸਿੰਘ ਸੋਬਤੀ ਦੇ ਸਪੁੱਤਰ ਸ: ਭਾਰਤਬੀਰ ਸਿੰਘ ਸੋਬਤੀ ਸੀਨੀਅਰ ਐਡਵੋਕੇਟ ਤੇ ਸਮੁੱਚੇ ਪਰਿਵਾਰ ਨੇ ਆਈਆਂ ਸੰਗਤਾਂ ਦਾ ਸਨੇਹ ਲਈ ਧੰਨਵਾਦ ਕੀਤਾ।