ਲੰਡਨ, 19 ਮਈ 2019 - ਇੰਗਲੈਂਡ 'ਚ ਇੱਕ ਨਵਾਂ ਕਾਨੂੰਨ ਪਾਸ ਕੀਤਾ ਗਿਆ ਹੈ ਜਿਸ ਤਹਿਤ ਸਿੱਖਾਂ ਦੇ ਕਕਾਰ ਕ੍ਰਿਪਾਨ ਨੂੰ ਘਾਤਕ ਹਥਿਆਰਾਂ ਦੀ ਸੂਚੀ 'ਚੋਂ ਬਾਹਰ ਰੱਖਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇੰਗਲੈਂਡ ਨੇ ਦੇਸ਼ 'ਚ ਚਾਕੂ ਨਾਲ ਹੋ ਰਹੇ ਹਮਲਿਆਂ ਨੂੰ ਰੋਕਣ ਲਈ ਘਾਤਕ ਹਥਿਆਰ ਬਿਲ ਪਾਸ ਕੀਤਾ ਹੈ ਤਾਂ ਜੋ ਦੇਸ਼ 'ਚ ਵਧ ਰਹੀਆਂ ਵਾਰਦਾਤਾਂ 'ਤੇ ਕਾਬੂ ਪਾਇਆ ਜਾ ਸਕੇ। ਇੰਗਲੈਂਡ ਦੀ ਮਹਾਰਾਣੀ ਵੱਲੋਂ ਬਿੱਲ 'ਤੇ ਮੋਹਰ ਲਾਏ ਜਾਣ ਤੋਂ ਬਾਅਦ ਇਹ ਐਕਟ ਹੋਂਦ 'ਚ ਆ ਗਿਆ ਹੈ। ਜਿਸ ਅਨੁਸਾਰ ਹੁਣ ਸਿੱਖ ਕ੍ਰਿਪਾਨ ਨੂੰ ਪਹਿਨ ਅਤੇ ਦੁਕਾਨਾਂ 'ਤੇ ਇਸ ਦੀ ਵਿਕਰੀ ਵੀ ਕਰ ਸਕਦੇ ਹਨ।
ਸਰਬ ਪਾਰਟੀ ਸੰਸਦੀ ਗਰੁੱਪ ਦੇ ਵਫ਼ਦ ਨੇ ਸਿੱਖਾਂ ਲਈ ਗ੍ਰਹਿ ਮੰਤਰਾਲੇ ਕੋਲੋਂ ਮੰਗ ਕੀਤੀ ਸੀ ਕਿ ਇਸ ਨਵੇਂ ਬਿੱਲ 'ਚੋਂ ਕ੍ਰਿਪਾਨ ਨੂੰ ਬਾਹਰ ਰੱਖਿਆ ਜਾਵੇ। ਇਸ ਤੋਂ ਬਿਨਾਂ ਮੁਖੀ ਲੇਬਰ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਵੀ ਇਸ ਫੈਸਲੇ 'ਤੇ ਖੁਸ਼ੀ ਜ਼ਾਹਿਰ ਕੀਤੀ ਹੈ। ਜਦੋਂ ਕਿ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਵੀ ਇਸ ਐਕਟ 'ਚੋਂ ਕ੍ਰਿਪਾਨ ਨੂੰ ਬਾਹਰ ਰਖਾਉਣ 'ਚ ਅਹਿਮ ਰੋਲ ਅਦਾ ਕੀਤਾ ਹੈ।