ਫਿਰੋਜ਼ਪੁਰ 24 ਮਈ (ਗੁਰਿੰਦਰ ਸਿੰਘ) ਜ਼ਿਲ੍ਹੇ ਵਿੱਚ ਸ਼ਾਂਤੀਪੂਰਵਕ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਲਈ ਜ਼ਿਲ੍ਹੇ ਦੇ ਵੋਟਰਾਂ ਅਤੇ ਚੋਣ ਡਿਊਟੀ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਉਣ ਵਾਲੇ ਮੁਲਾਜ਼ਮਾਂ ਤੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਡਿਪਟੀ ਕਮਿਸ਼ਨਰ-ਕਮ ਜ਼ਿਲ੍ਹਾ ਚੋਣ ਅਫ਼ਸਰ ਚੰਦਰ ਗੈਂਦ ਨੇ ਕਿਹਾ ਕਿ ਸਾਰਿਆਂ ਦੇ ਯੋਗਦਾਨ ਨਾਲ ਫਿਰੋਜ਼ਪੁਰ ਵਿੱਚ ਇੰਨੇ ਚੰਗੇ ਤਰੀਕੇ ਨਾਲ ਚੋਣ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਦੇ ਦੌਰਾਨ ਕਾਨੂੰਨ ਵਿਵਸਥਾ ਤੇ ਚੋਣ ਜ਼ਾਬਤੇ ਦੀ ਉਲੰਘਣਾ ਦੀ ਨਿਗਰਾਨੀ ਲਈ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਟੀਮਾਂ ਦਿਨ-ਰਾਤ ਕੰਮ ਵਿੱਚ ਲੱਗੀਆਂ ਰਹੀਆਂ, ਜਿਸ ਸਦਕਾ ਹੀ ਜ਼ਿਲ੍ਹੇ ਵਿੱਚ ਸ਼ਾਂਤੀਪੂਰਵਕ ਤਰੀਕੇ ਨਾਲ ਵੋਟਾਂ ਮੁਕੰਮਲ ਹੋਈਆਂ।
ਡਿਪਟੀ ਕਮਿਸ਼ਨਰ ਨੇ ਸਾਰੇ ਵੋਟਰਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਵੱਧ ਚੜ੍ਹ ਕੇ ਵੋਟ ਪ੍ਰਕਿਰਿਆ ਵਿੱਚ ਹਿੱਸਾ ਲਿਆ ਅਤੇ ਫਿਰੋਜ਼ਪੁਰ ਨੂੰ ਪੰਜਾਬ ਦੇ ਸਭ ਤੋਂ ਜ਼ਿਆਦਾ ਵੋਟ ਵਾਲੇ ਜ਼ਿਲ੍ਹਿਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸ਼ਮੂਲੀਅਤ ਅਤੇ ਜਾਗਰੂਕਤਾ ਤੋਂ ਬਿਨਾਂ ਏਨਾ ਚੰਗਾ ਵੋਟ ਪ੍ਰਤੀਸ਼ਤ ਸੰਭਵ ਨਹੀਂ ਸੀ। ਉਨ੍ਹਾਂ ਕਿਹਾ ਕਿ ਵੋਟ ਪ੍ਰਕਿਰਿਆ ਵਿੱਚ ਏਨੀ ਚੰਗੀ ਭਾਗੀਦਾਰੀ ਫਿਰੋਜ਼ਪੁਰ ਦੇ ਲੋਕਾਂ ਨੇ ਲੋਕਤੰਤਰ ਵਿਵਸਥਾ ਵਿੱਚ ਵਿਸ਼ਵਾਸ ਅਤੇ ਆਪਣੇ ਲੋਕਤੰਤਰਿਕ ਦੇ ਲਈ ਪਿਆਰ ਨੂੰ ਦਰਸਾਉਂਦਾ ਹੈ।
ਉਨ੍ਹਾਂ ਕਿਹਾ ਕਿ ਪੂਰੀ ਚੋਣ ਪ੍ਰਕਿਰਿਆ ਵਿੱਚ ਹਲਕੇ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਹਿੰਸਕ ਘਟਨਾ ਜਾਂ ਵੋਟਿੰਗ ਵਾਲੇ ਦਿਨ ਕੋਈ ਵਾਰਦਾਤ ਨਹੀਂ ਆਈ। ਇਹ ਸਭ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਕੜੀ ਮਿਹਨਤ ਦਾ ਨਤੀਜਾ ਹੈ। ਸਰਵੀਲੈਂਸ ਟੀਮਾਂ ਦਿਨ ਰਾਤ ਹਲਕੇ ਵਿੱਚ ਸੜਕਾਂ ਤੇ ਤੈਨਾਤ ਰਹੀਆਂ ਤੇ ਚੋਣ ਪ੍ਰਕਿਰਿਆ ਨੂੰ ਬਾਖ਼ੂਬੀ ਨਿਭਾਇਆ। ਗਿਣਤੀ ਵਾਲੇ ਦਿਨ ਵੀ ਲੋਕਾਂ ਨੇ ਆਪਸੀ ਸਹਿਯੋਗ ਅਤੇ ਭਾਈਚਾਰਾ ਬਣਾ ਕੇ ਰੱਖਿਆ। ਉਨ੍ਹਾਂ ਕਿਹਾ ਕਿ ਚੋਣ ਡਿਊਟੀ ਵਿੱਚ ਲੱਗੇ ਮੁਲਾਜ਼ਮਾਂ ਦੀ ਬਦੌਲਤ ਹੀ ਗਿਣਤੀ ਵਾਲੇ ਦਿਨ ਬਿਲਕੁਲ ਵਧੀਆ ਤਰੀਕੇ ਨਾਲ ਗਿਣਤੀ ਮੁਕੰਮਲ ਕੀਤੀ ਗਈ। ਪੂਰੇ ਹਲਕੇ ਵਿੱਚ 1810 ਈ.ਵੀ.ਐੱਮ. ਮਸ਼ੀਨਾਂ ਵਿੱਚ ਪਈਆਂ ਵੋਟਾਂ ਦੀ ਗਿਣਤੀ ਕਰਕੇ ਬਾਅਦ ਦੁਪਹਿਰ ਤੱਕ ਨਤੀਜੇ ਘੋਸ਼ਿਤ ਕਰ ਦਿੱਤੇ ਗਏ।
ਉਨ੍ਹਾਂ ਦੱਸਿਆ ਕਿ ਚੋਣਾਂ ਲਈ 18 ਹਜ਼ਾਰ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਸੀ ਅਤੇ ਇਸੇ ਤਰ੍ਹਾਂ ਗਿਣਤੀ ਦੇ ਲਈ 1500 ਦੇ ਕਰੀਬ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਸੀ। ਸਾਰੇ ਲੋਕਾਂ ਨੇ ਵੋਟਾਂ ਅਤੇ ਗਿਣਤੀ ਪ੍ਰਕਿਰਿਆ ਨਾਲ ਸਬੰਧਿਤ ਆਪਣੀ ਜ਼ਿੰਮੇਵਾਰੀ ਨੂੰ ਚੰਗੇ ਤਰੀਕੇ ਨਾਲ ਨਿਭਾਇਆ ਅਤੇ ਇਸ ਦੇ ਲਈ ਅਸੀਂ ਸਭ ਵਧਾਈ ਦੇ ਪਾਤਰ ਹਾਂ।