ਮਾਨਸਾ 24 ਮਈ 2019 - ਔਰਤਾਂ ਵੱਲੋਂ ਸ਼ਾਂਤਮਈ ਢੰਗ ਨਾਲ ਵਾਰਡ ਵਿੱਚੋਂ ਠੇਕਾ ਚੁਕਵਾਉਣ ਲਈ ਲਗਾਇਆ ਗਿਆ ਲਗਾਤਾਰ ਧਰਨਾ ਅੱਜ 8ਵੇਂ ਦਿਨ ਵਿੱਚ ਪਹੁੰਚ ਗਿਆ ਹੈ। ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ) ਦਾ ਵਫਦ ਅੱਜ ਡਿਪਟੀ ਕਮਿਸ਼ਨਰ ਮਾਨਸਾ ਨੁੂੰ ਸਬੰਧ ਵਿੱਚ ਮਿਲਿਆ ਅਤੇ ਮੰਗ ਪੱਤਰ ਦਿੱਤਾ।
ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ) ਦੇ ਜਿਲ੍ਹਾ ਆਗੂ ਕਾਮਰੇਡ ਨਰਿੰਦਰ ਕੌਰ ਬੁਰਜ ਹਮੀਰਾ ਤੇ ਬਲਵਿੰਦਰ ਕੌਰ ਖਾਰਾ ਨੇ ਕਿਹਾ ਕਿ ਸੱਤਾਧਾਰੀ ਧਿਰ ਵੱਲੋਂ ਪ੍ਰਸ਼ਾਸਨ ਰਾਹੀਂ ਠੇਕਾ ਉੱਥੇ ਹੀ ਰੱਖਣ ਅਤੇ ਧਰਨਾ ਚੁੱਕਣ ਲਈ ਦਬਾਅ ਪਾਇਆ ਜਾ ਰਿਹਾ ਹੈ ਪਰੰਤੂ ਔਰਤਾਂ ਨੂੰ ਸੰਘਣੀ ਅਬਾਦੀ ਵਿੱਚ ਚਲਾਏ ਜਾ ਰਹੇ ਇਸ ਠੇਕੇ ਕਾਰਨ ਆ ਰਹੀਆਂ ਦਿੱਕਤਾਂ ਨੂੰ ਜਾਣ ਬੁੱਝ ਕੇ ਅਣਡਿੱਠ ਕੀਤਾ ਜਾ ਰਿਹਾ ਹੈ ਜਦਕਿ ਥਾਣਾ ਸਿਟੀ 2 ਦੇ ਐਸਐਚਓ ਅਤੇ ਮਾਨਸਾ ਦੇ ਡਿਪਟੀ ਕਮਿਸ਼ਨਰ ਖੁਦ ਇੱਕ ਔਰਤ ਹੋਣ ਕਰਕੇ ਇਸ ਸਮੱਸਿਆ ਨੁੂੰ ਭਲੀ ਭਾਂਤ ਸਮਝ ਸਕਦੇ ਹਨ। ਉਨ੍ਹਾਂ ਕਿਹਾ ਕਿ ਔਰਤਾਂ ਦੇ ਸੰਘਰਸ਼ ਕਾਰਨ ਠੇਕੇ ਤੋਂ ਸ਼ਰਾਬ ਦੀ ਸਪਲਾਈ ਬੇਸ਼ੱਕ ਰੋਕੀ ਗਈ ਹੈ ਪਰ ਜਿੰਅਧਿਕਾਰੀਆਂ ਵੱਲੋਂ ਇਸਦਾ ਕੋਈ ਠੋਸ ਹੱਲ ਨਹੀਂ ਕੀਤਾ ਜਾ ਰਿਹਾ ਸਗੋਂ ਨਸ਼ੇੜੀਆਂ ਵੱਲੋਂ ਔਰਤਾਂ ਨਾਲ ਕੀਤੀਆਂ ਜਾਂਦੀਆਂ ਜ਼ਿਆਦਤੀਆਂ, ਧਮਕੀਆਂ, ਅਸ਼ਲੀਲ ਸ਼ਬਦਾਵਲੀ ਦੇ ਪ੍ਰਯੋਗ ਦਾ ਹੱਲ ਕਰਨ ਦੀ ਬਜਾਏ ਠੇਕੇ ਦੁਆਲੇ ਚਾਰਦਿਵਾਰੀ ਕਰਵਾਉਣ ਦਾ ਕਹਿ ਕੇ ਮਸਲਾ ਟੇਢਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਧਿਆਨ ਦੇਣਾ ਜਰੂਰੀ ਹੈ ਕਿ ਇਸ ਵਾਰਡ ਵਿੱਚ ਤੁਰਸੀਆਂ ਮਾਰੇ ਲੋਕਾਂ ਦੇ ਘਰਾਂ ਵਿੱਚ ਫਲੱਸ਼ਾਂ ਤੱਕ ਦਾ ਇੰਤਜ਼ਾਮ ਨਾ ਹੋਣ ਕਾਰਨ ਔਰਤਾਂ ਖੁਲ੍ਹੇ ਵਿੱਚ ਜਾਣ ਲਈ ਮਜ਼ਬੂਰ ਹਨ ਅਤੇ ਇਸ ਮਜ਼ਬੂਰੀ ਦਾ ਫਾਇਦਾ ਉਠਾਉਂਦੇ ਹੋਏ ਨਸ਼ੇੜੀ ਮਾੜੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ। ਦਿਨ ਦਿਹਾੜੇ ਲੰਘਦੇ ਰਾਹੀਆਂ ਦੀਆਂ ਲੁੱਟਾਂ ਖੋਹਾਂ ਦੇ ਅੱਡਾ ਬਣੀ ਇਸ ਠਹਿਰ ਨੂੰ ਬੰਦ ਕਰਨ ਲਈ ਇੱਕਮੁੱਠ ਹੋਈਆਂ ਔਰਤਾਂ ਨੂੰ ਸ਼ਰ੍ਹੇਆਮ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਦੂਸਰੇ ਪਾਸੇ ਸੀਵਰੇਜ਼ ਵਿਭਾਗ ਵੱਲੋਂ ਓਵਰਫਲੋ ਹੋਏ ਅਤੇ ਬੰਦ ਹੋਏ ਇਸ ਸੀਵਰੇਜ਼ ਦੇ ਸੁਧਾਰ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰੀ ਰਿਕਾਰਡ ਮੁਤਾਬਿਕ ਇਹ ਠੇਕਾ ਕੁਰੜ ਦੇ ਟਿੱਬੇ ਉੱਪਰ ਹੈ ਪਰ ਜਿਸ ਜਗ੍ਹਾ ਚੱਲ ਰਿਹਾ ਹੈ ਉਹ ਕੁਰੜ ਦਾ ਟਿੱਬਾ ਨਹੀਂ ਬਲਕਿ ਇਸ ਦਾ ਐਡਰੈਸ ਨਵੀਂ ਕਚਹਿਰੀ ਰੋਡ ਨਜ਼ਦੀਕ ਗੁਰਦੁਆਰਾ ਸਾਹਿਬ ਗਲੀ ਨੰਬਰ 1 ਹੈ ਅਤੇ ਇਸ ਇਲਾਕੇ ਦੇ ਪਲਾਟਾਂ ਦੀਆਂ ਰਜਿਸਟਰੀਆਂ ਵਿੱਚ ਇਹੋ ਐਡਰੈਸ ਲਿਖਿਆ ਜਾਂਦਾ ਹੈ। ਅੱਜ ਧਰਨੇ ਮੌਕੇ ਥਾਣਾ ਸਿਟੀ 2 ਦੇ ਐਸਐਚਓ ਦੀ ਅਗਵਾਈ ਵਿੱਚ ਥਾਣਾ ਸਿਟੀ 2 ਦੇ ਮੁਲਾਜ਼ਮ ਅਤੇ ਤਹਿਸੀਲਦਾਰ ਮਾਨਸਾ ਪਹੁੰਚੇ ਜਿੰਨ੍ਹਾਂ ਵੱਲੋਂ ਧਰਨਾ ਉਠਾਉਣ ਲਈ ਤਾਂ ਕਿਹਾ ਗਿਆ ਪਰ ਮਸਲੇ ਦੇ ਹੱਲ ਸਬੰਧੀ ਕੋਈ ਗੱਲ ਨਹੀਂ ਕੀਤੀ ਗਈ ਜਿਸ ਦੇ ਮੱਦੇਨਜ਼ਰ ਔਰਤਾਂ ਵੱਲੋਂ ਠੇਕਾ ਨਾ ਚੁੱਕੇ ਜਾਣ ਤੱਕ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ। ਇਸ ਸਮੇਂ ਮਨਜੀਤ ਕੌਰ, ਸੁਨੀਤਾ, ਕੇਸਰ ਕੌਰ, ਸ਼ਿੰਦਰ ਕੌਰ, ਕਾਂਤਾ, ਓਮਪਤੀ, ਮਾਇਆ, ਅਮਰਜੀਤ ਕੌਰ, ਗੁੱਡੀ, ਗੁਰਜੀਤ ਕੌਰ ਆਦਿ ਵੀ ਹਾਜ਼ਰ ਸਨ।