ਵਾਸ਼ਿੰਗਟਨ, 25 ਮਈ 2019 - ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਅਮਰੀਕਾ ਦੀ ਇੱਕ ਸਿੱਖ ਸੰਸਥਾ ਵੱਲੋਂ ਨਿਵੇਕਲੇ ਢੰਗ ਨਾਲ ਪੁਰਬ ਮਨਾਉਣ ਦੀ ਪਹਿਲ ਕੀਤੀ ਗਈ ਹੈ। ਸਿੱਖ ਹਿਊਮਨ ਡਿਵੈਲਮੈਂਟ ਫਾਉਂਡੇਸ਼ਨ ਨਾਮੀ ਸੰਸਥਾ ਵੱਲੋਂ ਪੰਜਾਬ ਵਿਚਲੇ ਗਰੀਬ ਬੱਚਿਆਂ ਦੀ ਪੜ੍ਹਾਈ ਦੇ ਖਰਚ ਚੁੱਕ ਕੇ ਬਾਬੇ ਨਾਨਕ ਦਾ 550 ਸਾਲਾ ਮਨਾਉਣ ਦੀ ਅਪੀਲ ਕੀਤੀ ਗਈ। ਸੰਸਥਾ ਵੱਲੋਂ ਇੱਕ ਬੱਚੇ ਦੀ 540 ਡਾਲਰ ਸਕਾਲਰਸ਼ਿਪ ਪ੍ਰਦਾਨ ਕਰਨ ਲਈ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਜਾ ਰਹੀ ਹੈ।
ਪੰਜਾਬ ਵਿੱਚ ਲੋੜਵੰਦ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਲਈ ਮਾਇਕ ਮਦਦ ਵਾਸ਼ਿੰਗਟਨ ਸਥਿਤ ਸਿੱਖ ਹਿਊਮਨ ਡਿਵੈਲਮੈਂਟ ਫਾਉਂਡੇਸ਼ਨ ਵੱਲੋਂ ਹਰ ਸਾਲ ਦਿੱਤੀ ਜਾਂਦੀ ਹੈ। ਪਿਛਲੇ 20 ਸਾਲਾਂ 'ਚ ਇਹ ਸੰਸਥਾ 6 ਹਜ਼ਾਰ ਬੱਚਿਆਂ ਤੋਂ ਵੱਧ ਬੱਚਿਆਂ ਨੂੰ ਵਜ਼ੀਫੇ ਵੰਡੇ ਚੁੱਕੀ ਹੈ।
ਇਹ ਸੰਸਥਾ ਹਰ ਬੱਚੇ ਨੂੰ 540 ਡਾਲਰ ਇੱਕ ਸਾਲ ਦਾ ਵਜੀਫਾ ਪ੍ਰਦਾਨ ਕਰਦੀ ਹੈ। ਵਜੀਫਿਆਂ ਦੀ ਰਕਮ ਹਰ ਸਾਲ ਵਧਦੀ ਜਾਂਦੀ ਹੈ। ਸੰਸਥਾ ਦੇ ਮੋਢੀਆਂ ਵੱਲੋਂ ਦੱਸਿਆ ਗਿਆ ਕਿ ਬਹੁਤੇ ਬੱਚੇ ਪੰਜਾਬ ਦੇ ਪਿੰਡਾਂ 'ਚੋਂ ਗਰੀਬ ਘਰਾਂ 'ਚੋਂ ਹਨ ਜੋ ਆਪਣੀ ਪੜ੍ਹਾਈ ਕਰਨ 'ਚ ਅਸਮਰਥ ਹਨ। ਸਿੱਖ ਹਿਊਮਨ ਡਵੈਲਪਮੈਂਟ ਫਾਊਂਡੇਸ਼ਨ ਇੰਨ੍ਹਾਂ ਬੱਚਿਆਂ ਨੂੰ ਪੂਰੇ ਪੰਜਾਬ ਦੇ ਕਾਲਜਾਂ ਯੂਨੀਵਰਸਿਟੀਆਂ 'ਚੋਂ ਚੁਣਦੀ ਹੈ ਤੇ ਉਨ੍ਹਾਂ ਦਾ ਖਾਸ ਟੈਸਟ ਲੈਣ ਉਪਰੰਤ ਉਨ੍ਹਾਂ ਨੂੰ ਉਚੇਰੀ ਸਿੱਖਿਆ 'ਚ ਮਦਦ ਕਰਦੀ ਹੈ।
ਉਨ੍ਹਾਂ ਦੱਸਿਆ ਕਿ ਪਿੰਡਾਂ ਦੀਆਂ ਲੜਕੀਆਂ ਦੀ ਖਾਸ ਤੌਰ 'ਤੇ ਮਦਦ ਕੀਤੀ ਜਾਂਦੀ ਹੈ। ੧ ਲੱਖ ੮੦ ਹਜ਼ਾਰ ਤੋਂ ਘੱਟ ਸਲਾਨਾ ਆਮਦਨ ਵਾਲੇ ਪਰਿਵਾਰ ਦੇ ਬੱਚੇ ਇਸ ਸਕਾਲਰਸ਼ਿਪ ਦਾ ਲਾਭ ਲੈ ਸਕਦੇ ਹਨ। ਇਸ ਵਿਚ ਕਈ ਹਰ ਤਰ੍ਹਾਂ ਦੇ ਬੱਚਿਆਂ ਨੂੰ ਸਕਾਲਰਸ਼ਿਪਾਂ ਪ੍ਰਦਾਨ ਕੀਤੀਆਂ ਜਾਂਦੀਆਂ ਨੇ। ਜਿਸ 'ਚ ਹਰਿਆਣਾ, ਹਿਮਾਚਲ, ਜੰਮੂ ਸਮੇਤ ਪੰਜਾਬ ਦੇ ਬੱਚੇ ਇਸ ਸੰਸਥਾ 'ਚ ਪੜ੍ਹਾਈ ਦਾ ਲਾਭ ਲੈਂਦੇ ਹਨ।
ਬੱਚਿਆਂ ਨੂੰ ਚੁਣਨ ਦਾ ਢੰਗ ਪਹਿਲਾਂ ਅਖਬਾਰਾਂ 'ਚ ਇਸ਼ਤਿਹਾਰ ਦਿੱਤੇ ਜਾਂਦੇ ਹਨ ਤੇ ਜਿਸ ਤੋਂ ਬਾਅਦ ਬੱਚਿਆਂ ਦੀ ਯੋਗਤਾ ਦੀ ਪਰਖ ਦੇ ਅਧਾਰ 'ਤੇ ਉਨ੍ਹਾਂ ਨੂੰ ਸਕਾਲਰਸ਼ਿਪਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਸ ਸੰਸਥਾ 'ਚ ਹਰ ਕੋਈ ਆਪਣਾ ਯੋਗਦਾਨ ਪਾ ਸਕਦਾ ਹੈ ਤੇ ਵੈੱਬਸਾਈਟ 'ਤੇ ਜਾ ਕੇ ਬੱਚਿਆਂ ਦੀ ਚੋਣ ਕਰਕੇ ਉਨ੍ਹਾਂ ਨੂੰ ਸਕਾਲਰਸ਼ਿਪ ਪ੍ਰਦਾਨ ਕਰ ਸਕਦੇ ਹਨ। ਸਿੱਖ ਹਿਊਮਨ ਡਿਵੈਲਪਮੈਨਟ ਫਾਊਂਡੇਸ਼ਨ ਮੋਬਾਈਲ ਐਪ ਵੀ ਡਾਊਨਲੋਡ ਕੀਤੀ ਜਾ ਸਕਦੀ ਹੈ।
ਇਸ ਮਦਦ ਨਾਲ ਸੈਕਂੜੇ ਹੀ ਬਹੁਤ ਗਰੀਬ ਨੌਜਵਾਨ ਉਚੇਰੀ ਪੜਾਈ ਖਤਮ ਕਰਕੇ ਆਪਣੇ ਪੈਰਾਂ ਤੇ ਖੜੇ ਹੋ ਗਏ ਹਨ। ਇਹਨਾਂ ਵਿੱਚੋਂ ਕਈ ਮੈਡੀਕਲ ਅਫਸਰ, ਇੰਜੀਨੀਅਰ, ਆਈ ਟੀ ਅਫਸਰ ਅਤੇ ਵਕੀਲ ਬਣ ਗਏ ਹਨ ਅਤੇ ਕਈ ਅੰਤਰਰਾਸ਼ਟਰੀ ਨਾਮੀ ਕੰਪਨੀਆਂ ਵਿੱਚ ਕੰਮ ਕਰ ਰਹੇ ਹਨ।
ਸੰਸਥਾ ਵੱਲੋਂ ਹੋਰ ਵੀ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵੀ ਆਪਣਾ ਯੋਗਦਾਨ ਇਸ ਸੰਸਥਾ 'ਚ ਪਾ ਕੇ ਗਰੀਬ ਬੱਚਿਆਂ ਦੀ ਪੜ੍ਹਾਈ ਕਰਾ ਸਕਦੇ ਹਨ। ਸੰਸਥਾ ਨਾਲ ਹੇਠ ਦਿੱਤੇ ਫੋਨ ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ।
301 963 3928
ਇਸੇ ਵਿਸ਼ੇ ਸਬੰਧਤ ਵੀਡੀੳ ਰਾਹੀਂ ਹੋਰ ਸਪਸ਼ਟਤਾ ਕਰਨ ਲਈ ਹੇਠ ਦਿੱਤੇ ਵੀਡੀੳ ਲਿੰਕ 'ਤੇ ਕਲਿੱਕ ਕਰੋ :-
https://youtu.be/aPXbES6LyvE