ਗੁਰਿੰਦਰ ਸਿੰਘ
ਫਿਰੋਜ਼ਪੁਰ 12 ਜੂਨ 2019: ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੀ ਟੀਮ ਨੇ ਦੋ ਕੌਮਾਂਤਰੀ ਸਮਗਲਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ ਜਦਕਿ ਉਨ੍ਹਾਂ ਦਾ ਇੱਕ ਸਾਥੀ ਮੌਕੇ ਤੋਂ ਫਰਾਰ ਹੋਣ ਵਿੱਚ ਸਫ਼ਲ ਹੋ ਗਿਆ।
ਅੱਜ ਇਥੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੇ ਆਈ.ਜੀ ਅਜੇ ਮਲੂਜਾ ਅਤੇ ਡੀ.ਐੱਸ.ਪੀ ਸੁਖਦੇਵ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਜਦੋਂ ਉਹ ਆਪਣੀ ਟੀਮ ਸਮੇਤ ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਮੌਜੂਦ ਸਨ ਤਾਂ ਸ਼ੱਕ ਦੀ ਬਿਨਾ 'ਤੇ ਇਕ ਕਾਰ ਨੂੰ ਰੋਕਣ ਦੀ ਕੋਸ਼ਿਸ ਕੀਤੀ, ਜਿਸ ਵਿੱਚ ਤਿੰਨ ਵਿਅਕਤੀ ਸਵਾਰ ਸਨ।
ਅਧਿਕਾਰੀਆਂ ਮੁਤਾਬਿਕ ਉਕਤ ਵਿਅਕਤੀਆਂ ਨੇ ਕਾਰ ਭਜਾ ਲਈ, ਜਿਸ ਦਾ ਪੁਲਿਸ ਪਾਰਟੀ ਨੇ ਪਿਛਾ ਕਰਦਿਆਂ ਥੋੜੀ ਦੂਰੀ 'ਤੇ ਕਾਰ ਨੂੰ ਘੇਰ ਕੇ ਕਾਰ ਵਿੱਚ ਸਵਾਰ ਤਿੰਨਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਵਿੱਚੋਂ ਇਕ ਵਿਅਕਤੀ ਨੇ ਪੁਲਿਸ ਕਬਜ਼ੇ ਵਿਚੋਂ ਆਪਣਾ ਹੱਥ ਛੁਡਾ ਕੇ ਮੁਲਾਜ਼ਮ ਅਮਰਦੀਪ ਸਿੰਘ 'ਤੇ ਇੱਟ ਨਾਲ ਹਮਲਾ ਕਰ ਦਿੱਤਾ ਅਤੇ ਘਟਨਾ ਸਥਾਨ ਤੋਂ ਫਰਾਰ ਹੋ ਗਿਆ। ਅਧਿਕਾਰੀਆਂ ਮੁਤਾਬਿਕ ਜਦੋਂ ਫੜੇ ਗਏ ਵਿਅਕਤੀਆਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਦੇ ਕਬਜ਼ੇ ਵਿਚੋਂ ਇੱਕ ਕਿਲੋ ਹੈਰੋਇਨ ਬਰਾਮਦ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਹਰਜਿੰਦਰ ਸਿੰਘ ਉਰਫ ਕਲਾਕਾਰ ਵਾਸੀ ਅਲਫੂ ਕੇ ਥਾਣਾ ਲੱਖੋ ਕੇ ਬਹਿਰਾਮ ਜ਼ਿਲ੍ਹਾ ਫਿਰੋਜ਼ਪੁਰ, ਲਖਬੀਰ ਸਿੰਘ ਪੁੱਤਰ ਤਾਰਾ ਸਿੰਘ ਵਜੋਂ ਹੋਈ ਹੈ, ਜਦੋਂਕਿ ਫਰਾਰ ਵਿਅਕਤੀ ਦੀ ਪਛਾਣ ਹਰਜਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀਅਨ ਗੰਧੂ ਕਿਲਚਾ ਉਤਾੜ ਨਾਗਰ ਵਾਲੇ ਝੁੱਗੇ ਥਾਣਾ ਮਮਦੋਟ ਵਜੋਂ ਕੀਤੀ ਗਈ ਹੈ।
ਕਾਊਂਟਰ ਇਟੈਲੀਜੈਂਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਫੜੇ ਗਏ ਸਮੱਗਲਰਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਨੇ ਹੈਰੋਇਨ ਦੀ ਇਹ ਖੇਪ ਹਿੰਦ-ਪਾਕਿਸਤਾਨ ਸਰਹੱਦ 'ਤੇ ਸਥਿਤ ਸਰਹੱਦੀ ਸੁਰੱਖਿਆ ਬਲ ਦੀ ਚੌਂਕੀ ਡੀਟੀ ਮੱਲ ਦੇ ਏਰੀਏ ਵਿਚੋਂ ਟਰੈਕਟਰ ਦੇ ਗੇਅਰ ਬੌਕਸ ਵਿੱਚ ਲੁਕਾ ਕੇ ਲਿਆਂਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫੜੇ ਗਏ ਸਮੱਗਲਰਾਂ ਨੇ ਮੰਨਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਹੈਰੋਇਨ ਸਪਲਾਈ ਦਾ ਕਾਰੋਬਾਰ ਕਰਦੇ ਆ ਰਹੇ ਹਨ ਅਤੇ ਇਹ ਹੈਰੋਇਨ ਵੀ ਉਨ੍ਹਾਂ ਵਲੋਂ ਅੱਗੇ ਨੌਜਵਾਨਾਂ ਨੂੰ ਸਪਲਾਈ ਕੀਤੀ ਜਾਣੀ ਸੀ। ਅਧਿਕਾਰੀਆਂ ਮੁਤਾਬਿਕ ਫਰਾਰ ਹੋਏ ਵਿਅਕਤੀ ਦੀ ਗ੍ਰਿਫਤਾਰੀ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਫਰਾਰ ਮੁਲਜ਼ਮ ਵੀ ਫੜ ਲਿਆ ਜਾਵੇਗਾ।