ਪਾਣੀ 'ਚ ਘੁਲਣਯੋਗ ਖਾਦਾਂ ਨੂੰ ਹੁਲਾਰਾ ਦੇਵੇਗਾ ਮਾਰਕਫੈੱਡ
ਕਿਸਾਨਾਂ ਦੀ ਬਿਹਤਰੀ ਲਈ ਮਾਰਕਫੈੱਡ ਅਤੇ ਜੀ.ਐੱਸ.ਐੱਫ.ਸੀ. ਮਿਲ ਕੇ ਕਰ ਰਹੇ ਨੇ ਉੱਦਮ
ਚੰਡੀਗੜ੍ਹ, 11 ਜੁਲਾਈ 2019 - ਪੰਜਾਬ ਮਾਰਕਫੈੱਡ ਅਤੇ ਗੁਜਰਾਤ ਸਰਕਾਰ ਦੇ ਸਿਰਕੱਢ ਅਦਾਰੇ ਜੀ.ਐੱਸ.ਐੱਫ.ਸੀ. (ਗੁਜਰਾਤ ਸਟੇਟ ਫਰਟੀਲਾਇਜ਼ਰਸ ਕੋਆਪ੍ਰੇਸ਼ਨ) ਦਰਮਿਆਨ ਹੋਏ ਸਮਝੌਤੇ ਤਹਿਤ ਦੋਨੋਂ ਅਦਾਰੇ ਮਿਲ ਕੇ ਕਿਸਾਨਾਂ ਦੀ ਬੇਹਤਰੀ ਲਈ ਸਾਂਝੇ ਉੱਦਮ ਜਾਰੀ ਰੱਖ ਰਹੇ ਹਨ। ਇਸੇ ਤਹਿਤ ਮਾਰਕਫੈੱਡ ਦੇ ਮੁੱਖ ਦਫਤਰ, ਚੰਡੀਗੜ੍ਹ ਵਿਖੇ ਜੀ.ਐਸ.ਐਫ.ਸੀ. ਦੇ ਬੜੌਦਾ ਤੋਂ ਆਏ ਐੱਮ ਡੀ ਸੁਜੀਤ ਗੁਲਾਟੀ, ਆਈ.ਏ.ਐਸ. ਨੇ ਮਾਰਕਫੈੱਡ ਦੇ ਚੇਅਰਮੈਨ ਅਮਰਜੀਤ ਸਿੰਘ ਸਮਰਾ ਅਤੇ ਐੱਮਡੀ ਵਰੁਣ ਰੂਜ਼ਮ, ਆਈ.ਏ.ਐੱਸ. ਨਾਲ ਪਾਣੀ 'ਚ ਘੁਲਣ ਯੋਗ ਖਾਦਾਂ ਦੀ ਇੱਕ ਖੇਪ ਨੂੰ ਝੰਡੀ ਦੇ ਕੇ ਰਵਾਨਾ ਕੀਤਾ।
ਪੰਜਾਬ ਦੇ ਦੱਖਣ-ਪੱਛਮੀ ਜਿਲ੍ਹਿਆਂ ਜਿਵੇਂ ਫਾਜ਼ਿਲਕਾ , ਮੁਕਤਸਰ, ਬਠਿੰਡਾ ਅਤੇ ਮਾਨਸਾ ਵਿੱਚ ਹੋ ਰਹੀ ਨਰਮੇ ਕਪਾਹ ਦੀ ਫਸਲ ਦਾ ਵੱਧ ਝਾੜ ਪ੍ਰਾਪਤ ਕਰਨ ਲਈ ਜੀ.ਐੱਸ.ਐੱਫ.ਸੀ. ਦੇ ਉਤਪਾਦਾਂ ਦੀ ਭਾਰੀ ਮੰਗ ਹੈ ਅਤੇ ਨਰਮਾ ਪੱਟੀ ਦੇ ਕਿਸਾਨਾਂ ਨੂੰ ਮਾਰਕਫੈੱਡ ਦੀਆਂ ਸਾਖਾਵਾਂ ਅਤੇ ਸਹਿਕਾਰੀ ਸਭਾਵਾਂ ਨੂੰ ਇਹ ਮੁਹੱਈਆ ਕਰਵਾਈ ਜਾਵੇਗੀ।
ਜ਼ਿਕਰਯੋਗ ਹੈ ਕਿ ਸਹਿਕਾਰਤਾ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ 'ਚ ਪਿਛਲੇ ਵਰ੍ਹੇ ਇੱਕ ਉੱਚ ਪੱਧਰੀ ਵਫਦ ਨੇ ਗੁਜਰਾਤ ਦਾ ਦੌਰਾ ਕੀਤਾ, ਜਿਸ ਨਾਲ ਮਾਰਕਫੈੱਡ ਅਤੇ ਜੀ.ਐਸ.ਐਫ.ਸੀ. ਦੇ ਸਬੰਧ ਹੋਰ ਮਜ਼ਬੂਤ ਹੋਏ ਅਤੇ ਦੋਵਾਂ ਅਦਾਰਿਆਂ ਦੇ ਉਤਪਾਦਾਂ ਦੀ ਵਿਕਰੀ ਇੱਕ-ਦੂਜੇ ਦੇ ਰਾਜ ਵਿੱਚ ਕਿਸਾਨਾਂ ਦੀ ਬਿਹਤਰੀ ਲਈ ਵਧਾਈ ਜਾ ਰਹੀ ਹੈ। ਇਸ ਮੌਕੇ 'ਤੇ ਸੰਬੋਧਨ ਕਰਦਿਆਂ ਜੀ.ਐਸ.ਐਫ.ਸੀ. ਗੁਲਾਟੀ ਜੋ ਕਿ 1985 ਬੈਚ ਦੇ ਆਈ.ਏ.ਅੇੈੱਸ. ਅਧਿਕਾਰੀ ਹਨ, ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਰਦਾਰ ਬਰਾਂਡ ਯੂਰੀਆ ਅਤੇ ਡੀ.ਏ.ਪੀ. ਦੇ ਨਾਲ-ਨਾਲ ਜੀ.ਐੱਸ.ਐੱਫ.ਸੀ. ਦੇ ਬਾਕੀ ਉਤਪਾਦ ਵੀ ਵੱਡੀ ਮਾਤਰਾ ਵਿੱਚ ਮੁਹੱਈਆ ਕਰਾਏ ਜਾਣਗੇ। ਚੇਅਰਮੈਨ, ਮਾਰਕਫੈੱਡ ਅਮਰਜੀਤ ਸਿੰਘ ਸਮਰਾ ਨੇ ਮਾਰਕਫੈੱਡ ਦੇ ਹਫਤਾਵਾਰੀ ਟੀ.ਵੀ. ਅਤੇ ਰੇਡੀਓ ਸ਼ੋਅ ਸਾਡਾ ਸੋਹਣਾ ਪੰਜਾਬ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਮਾਰਕਫੈੱਡ ਨਰਮਾ ਪੱਟੀ ਵਿੱਚ ਜੀ.ਐਸ.ਐਫ.ਸੀ. ਨਾਲ ਮਿਲ ਕੇ ਸਾਂਝੇ ਕੈਂਪ ਲਗਾਵੇਗੀ, ਤਾਂ ਜੋ ਕਿਸਾਨਾਂ ਨੂੰ ਇਨ੍ਹਾਂ ਉਤਪਾਦਾਂ ਦੇ ਲਾਭ ਬਾਰੇ ਦੱਸਿਆ ਜਾ ਸਕੇ।
ਵਰੂਣ ਰੂਜ਼ਮ, ਆਈ.ਏ.ਐਸ. ਨੇ ਗੁਲਾਟੀ ਦਾ ਧੰਨਵਾਦ ਕਰਦਿਆਂ ਯਕੀਨ ਦਿਵਾਇਆ ਕਿ ਦੋਵਾਂ ਅਦਾਰਿਆਂ ਦੇ ਆਪਸੀ ਸਹਿਯੋਗ ਨੂੰ ਹੋਰ ਵਧਾਇਆ ਜਾਵੇਗਾ। ਬੀ.ਐਮ.ਰਮਾ, ਏ.ਐਮ.ਡੀ. (ਡੀ.), ਨੇ ਗੁਜਰਾਤ ਤੋੋਂ ਆਈ ਸਮੁੱਚੀ ਟੀਮ ਨੂੰ ਜੀ ਆਇਆਂ ਕਿਹਾ ਅਤੇ ਮਾਰਕਫੈੱਡ ਦੀ ਖਾਦ ਸ਼ਾਖਾ ਵੱਲੋਂ ਕੀਤੇ ਇਸ ਉੱਦਮ ਦੀ ਸ਼ਲਾਂਘਾ ਕੀਤੀ।