ਲੁਧਿਆਣਾ, 12 ਸਤੰਬਰ 2019 - ਅੱਜ ਲੁਧਿਆਣਾ 'ਚ ਮਾਲ ਵਿਭਾਗ ਦੇ ਅਫਸਰਾਂ ਦੀ ਹੰਗਾਮੀ ਮੀਟਿੰਗ ਹੋਈ। ਜਿਸ 'ਚ ਰੂਪਨਗਰ ਦੇ ਐੱਸਐੱਸਪੀ ਸਵਪਨ ਸ਼ਰਮਾ ਵੱਲੋਂ ਮੋਰਿੰਡਾ ਦੇ ਤਹਿਸੀਲਦਾਰ ਅਮਨਦੀਪ ਚਾਵਲਾ ਨਾਲ ਕੀਤੀ ਬਤਮੀਜੀ ਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ ਅਤੇ ਕਿਹਾ ਕਿ ਜਦੋਂ ਤੱਕ ਸਬੰਧਿਤ ਪੁਲਿਸ ਅਧਿਕਾਰੀ 'ਤੇ ਕੇਸ ਦਰਜ ਨਹੀਂ ਕੀਤਾ ਜਾਂਦਾ, ਉਦੋਂ ਮਾਲ ਵਿਭਾਗ ਦੇ ਅਫਸਰ ਆਪਣੀਆਂ ਡਿਊਟੀਆਂ ਦਾ ਬਾਈਕਾਟ ਕਰਨਗੇ ਅਤੇ ਉਨ੍ਹਾਂ ਨੇ ਮੰਗ ਕੀਤੀ ਕਿ ਮਾਮਲੇ ਦੀ ਸਾਰੀ ਜਾਂਚ 10 ਦਿਨਾਂ ਦੇ ਅੰਦਰ ਖਤਮ ਕੀਤੀ ਜਾਵੇ। ਮਾਲ ਵਿਭਾਗ ਦੇ ਕਰਮਚਾਰੀਆਂ ਨੇ ਕਿਹਾ ਕਿ ਜੇ ਇਸ ਸਬੰਧੀ ਪ੍ਰਸ਼ਾਸਨ ਵੱਲੋਂ ਕੋਈ ਸਖਤ ਕਦਮ ਨਹੀਂ ਚੁੱਕਿਆ ਗਿਆ ਤਾਂ 22 ਸਤੰਬਰ ਦੀ ਮੀਟਿੰਗ ਤੋਂ ਬਾਅਦ ਇਸ ਸਬੰਧੀ ਕੋਈ ਸਖਤ ਐਕਸ਼ਨ ਲਿਆ ਜਾਵੇਗਾ।
ਇਸ ਬਾਰੇ ਜਦੋਂ ਐਸ ਐਸ ਪੀ ਰੋਪੜ ਸਵਪਨ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ 2 ਸਤੰਬਰ ਦੀ ਰਾਤ ਨੂੰ ਮੋਰਿੰਡਾ ਵਿਖੇ ਅਮਨ ਕਾਨੂੰਨ ਦਾ ਮਸਲਾ ਰਾਤ ਨੂੰ ਅਮਨ ਕਾਨੂੰਨ ਦਾ ਇੱਕ ਗੰਭੀਰ ਮਸਲਾ ਖੜ੍ਹਾ ਹੋਇਆ ਸੀ ਜਦੋਂ ਇੱਕ ਭੀੜ ਇੱਕ ਔਰਤ ਅਤੇ ਬੱਚੀ ਨੂੰ ਘੇਰ ਕੇ ਮਾਰਨ ਦੇ ਯਤਨ ਵਿਚ ਸਨ .ਉਹ ਖ਼ੁਦ , ਪੁਲਿਸ ਕਰਮੀਂ ਅਤੇ ਹੋਰ ਕਰਮਚਾਰੀ ਉੱਥੇ ਪੁੱਜੇ ਅਤੇ ਬਹੁਤ ਖ਼ਤਰਾ ਸ਼ੇਰ ਕੇ ਮੁਸ਼ਕਿਲ ਨਾਲ ਉਨ੍ਹਾਂ ਦੋਵਾਂ ਨੂੰ ਭੀੜ ਤੋਂ ਬਚਾ ਕੇ ਬਾਹਰ ਕੱਢਿਆ ਗਿਆ .
ਉਕਤ ਤਹਿਸੀਲਦਾਰ ਡਿਊਟੀ ਮੈਜਿਸਟਰੇਟ ਵਜੋਂ ਤਾਇਨਾਤ ਹੁੰਦੇ ਹੋਏ ਮੌਕੇ ਤੇ ਨਹੀਂ ਪੁੱਜੇ . ਇੱਥੋਂ ਤੱਕ ਕਿ ਫ਼ੋਨ ਕਰਨ ਤੇ ਜਦੋਂ ਘਰ ਮਿਲੇ ਤਾਂ ਵੀ ਬੁਲਾਉਣ ਤੇ ਨਹੀਂ ਪੁੱਜੇ . ਬੇਹੱਦ ਸੰਵੇਦਨਸ਼ੀਲ ਹਾਲਤ ਹੋਣ ਅਤੇ ਕਿਸੇ ਵੀ ਸਮੇਂ ਗੜਬੜ ਵਧਣ ਤੇ ਪੁਲਿਸ ਫੋਰਸ ਵਰਤਣੀ ਪਈ ਸਕਦੀ ਜਿਸ ਲਈ ਡਿਊਟੀ ਮੈਜਿਸਟਰੇਟ ਦਾ ਹੋਣਾ ਜ਼ਰੂਰੀ ਸੀ .
ਸਵਪਨ ਸ਼ਰਮਾ ਨੇ ਕਿਹਾ ਇੱਕ ਸੀਨੀਅਰ ਅਫ਼ਸਰ ਦੀ ਹੈਸੀਅਤ ਵਿਚ ਉਨ੍ਹਾਂ ਦੀ ਇਹ ਜ਼ਿੰਮੇਵਾਰੀ ਸੀ ਕਿ ਜੇਕਰ ਕੋਈ ਅਫ਼ਸਰ ਡਿਊਟੀ ਨਹੀਂ ਨਿਭਾ ਰਿਹਾ ਤਾਂ ਉਸ ਨੂੰ ਜ਼ੋਰ ਦੇ ਕੇ ਕਹਿਣਾ ਕਿ ਉਹ ਆਪਣੀ ਡਿਊਟੀ ਕਰੇ . ਉਨ੍ਹਾਂ ਕਿਹਾ ਕਿ ਤਹਿਸੀਲਦਾਰ ਨੂੰ ਡਿਊਟੀ ਲਈ ਹੀ ਘਰੋਂ ਬੁਲਾ ਕੇ ਲਿਆਂਦਾ ਗਿਆ ਸੀ . ਉਨ੍ਹਾਂ ਤਹਿਸੀਲਦਾਰ ਦੀ ਗੈਰ-ਕਾਨੂੰਨੀ ਹਿਰਾਸਤ ਦੇ ਦੋਸ਼ ਦਾ ਵੀ ਖੰਡਨ ਕੀਤਾ .ਇਸ ਸਬੰਧੀ ਬਾਬੂਸ਼ਾਹੀ ਕੋਲ ਪੁੱਜੀ ਸੀ ਸੀ ਟੀ ਵੀ ਦੀ ਰਿਪੋਰਟ ਵੀ ਐਸ ਐਸ ਪੀ ਦੇ ਪੱਖ ਨੂੰ ਹੀ ਸਹੀ ਠਹਿਰਾਉਂਦੀ ਹੈ .
ਇੱਥੋਂ ਤੱਕ ਕਿ ਰੈਵੀਨਿਊ ਅਫ਼ਸਰ ਐਸੋਸੀਏਸ਼ਨ ਵੱਲੋਂ ਖ਼ੁਦ ਆਪਣੇ ਪ੍ਰੈੱਸ ਨੋਟ ਵਿਚ ਮੰਨਿਆ ਗਿਆ ਕਿ ਤਹਿਸੀਲਦਾਰ ਉਸ ਮੌਕੇ ਆਪਣੀ ਡਿਊਟੀ ਤੋਂ ਗ਼ੈਰਹਾਜ਼ਰ ਰਿਹਾ .
ਐਸ ਐਸ ਪੀ ਨੇ ਅੱਗੇ ਕਿਹਾ ਕਿ "ਇਸ ਸਾਰੀ ਘਟਨਾ ਬਾਰੇ ਮਾਲ ਮਹਕਿਮੇ ਦੇ ਉੱਚ ਅਧਿਕਾਰੀਆਂ ਨੂੰ ਪੂਰੀ ਰਿਪੋਰਟ ਦੇਕੇ , ਇਸਦੀ ਕਾਪੀ ਡਿਵੀਜ਼ਨਲ ਕਮਿਸ਼ਨਰ ਅਤੇ ਡੀ ਸੀ ਨੂੰ ਭੇਜ ਕੇ ਵੀ ਮੈਂ ਆਪਣੀ ਜ਼ਿੰਮੇਵਾਰੀ ਹੀ
ਨਿਭਾਈ ਹੈ ਕੋਈ ਗਲਤ ਕੰਮ ਨਹੀਂ ਕੀਤਾ ."
ਇਸ ਸਬੰਧੀ ਜਦੋਂ ਪੰਜਾਬ ਦੇ ਸਪੈਸ਼ਲ ਚੀਫ਼ ਸੈਕਟਰੀ ਅੱਤ ਐਫ ਸੀ ਆਰ ਕੇ ਬੀ ਐਸ ਸਿੱਧੂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਚਰਚਾ ਅਧੀਨ ਘਟਨਾ ਬਾਰੇ ਐਸ ਐਸ ਪੀ ਰੋਪੜ ਸਵਪਨ ਸ਼ਰਮਾ ਵੱਲੋਂ ਸਾਰੇ ਮਾਮਲੇ ਬਾਰੇ ਭੇਜੀ ਗਈ ਰਿਪੋਰਟ ਤਾਂ ਮਿਲ ਗਈ ਹੈ ਪਰ ਉਸ ਤਹਿਸੀਲਦਾਰ ਅਮਰਜੀਤ ਸਿੰਘ ਚਾਵਲਾ ਵੱਲੋਂ ਅਜੇ ਤੱਕ ਆਪਣਾ ਕੋਈ ਪੱਖ ਲਿਖਤੀ ਰੂਪ ਵਿਚ ਨਹੀਂ ਦਿੱਤਾ ਗਿਆ ਕਿ ਉਸਨੂੰ ਕੋਈ ਸ਼ਿਕਾਇਤ ਹੈ ਜਾਂ ਨਹੀਂ . ਜੇਕਰ ਉਸਦਾ ਕੋਈ ਪੱਖ ਆਏਗਾ ਤਾਂ ਇਸ ਦੀ ਪੜਤਾਲ ਕੀਤੀ ਜਾਵੇਗੀ .
ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਰੈਵੀਨਿਊ ਅਫ਼ਸਰਾਂ ਵੱਲੋਂ ਮਜਿਸਟਰੇਟੀ ਕੰਮ ਦੇ ਬਾਈਕਾਟ ਅਤੇ ਹੋਰ ਐਲਾਨਾਂ ਦਾ ਸਬੰਧ ਹੈ , ਸਰਕਾਰ ਉਨ੍ਹਾਂ ਦੇ ਮਸਲਿਆਂ ਤੇ ਗੱਲ ਕਰਨ ਲਈ ਤਿਆਰ ਹੈ . ਮੁੱਖ ਸਕੱਤਰ ਅਤੇ ਏ ਸੀ ਐਸ ਗ੍ਰਹਿ ਨਾਲ ਗੱਲਬਾਤ ਕਰਕੇ ਹਰ ਮਸਲਾ ਹੱਲ ਹੋ ਸਕਦਾ ਹੈ ਇਸ ਲਈ ਕੰਮ ਦਾ ਬਾਈਕਾਟ ਕਿਸੇ ਤਰ੍ਹਾਂ ਨਹੀਂ ਕਰਨਾ ਚਾਹੀਦਾ .