ਐੱਸ. ਏ. ਐੱਸ. ਨਗਰ, 18 ਸਤੰਬਰ 2019 - ਮੋਹਾਲੀ ਦੀ ਅਦਾਲਤ ਵੱਲੋਂ ਗਾਇਕ ਐਲੀ ਮਾਂਗਟ ਅਤੇ ਹਰਮਨ ਵਾਲੀਆ ਨੂੰ ਅੱਜ ਜ਼ਮਾਨਤ ਦੇ ਦਿੱਤੀ ਗਈ ਹੈ। ਦੋ ਦਿਨਾਂ ਪੁਲਿਸ ਰਿਮਾਂਡ ਤੋਂ ਬਾਅਦ ਪੁਲਿਸ ਨੇ ਐਲੀ ਮਾਂਗਟ ਤੋਂ ਪੁੱਛਗਿੱਛ ਕੀਤੀ ਤੇ ਬਾਅਦ ‘ਚ ਉਸ ਨੂੰ ਨਿਆਇਕ ਹਿਰਾਸਤ ‘ਚ ਰੋਪੜ ਜੇਲ੍ਹ ਭੇਜ ਦਿੱਤਾ ਗਿਆ ਸੀ। ਅੱਜ ਸੁਣਵਾਈ ਦੌਰਾਨ ਜੱਜ ਨੇ ਦੋਵਾਂ ਨੂੰ ਧਾਰਾ-294, 295 ਏ, 504, 506, 120 ਬੀ, 67 ਆਈ. ਟੀ. ਐਕਟ ਦੇ ਤਹਿਤ ਜ਼ਮਾਨਤ ਦਿੱਤੀ ਹੈ। ਅਦਾਲਤ ਨੇ ਜ਼ਮਾਨਤ ਮਨਜ਼ੂਰ ਕਰਨ ਦੇ ਨਾਲ ਹੀ ਦੋਹਾਂ ਨੂੰ 1-1 ਲੱਖ ਦੇ ਦੋ-ਦੋ ਮੁਚੱਲਕੇ ਵੱਖਰੇ-ਵੱਖਰੇ ਭਰਨ ਲਈ ਕਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਐਲੀ ਮਾਂਗਟ ਤੇ ਰੰਮੀ ਰੰਧਾਵਾ ਦੀ ਤਕਰਾਰ ਨੇ ਸੋਸ਼ਲ ਮੀਡੀਆ ‘ਤੇ ਵੱਡੇ ਵਿਵਾਦ ਦਾ ਰੂਪ ਲੈ ਲਿਆ ਸੀ। ਇਸ ‘ਚ ਦੋਵਾਂ ਨੇ ਇੱਕ ਦੂਜੇ ਨੂੰ ਧਮਕੀਆਂ ਦਿੱਤੀਆਂ ਸੀ। ਜਿਸ ਤੋਂ ਬਾਅਦ ਮੋਹਾਲੀ ਪੁਲਿਸ ਨੇ ਪਹਿਲਾਂ ਰੰਮੀ ਰੰਧਾਵਾ ਅਤੇ ਬਾਅਦ 'ਚ ਐਲੀ ਮਾਂਗਟ ਨੂੰ ਗ੍ਰਿਫਤਾਰ ਕਰ ਲਿਆ ਸੀ।