ਯਾਦਵਿੰਦਰ ਸਿੰਘ ਤੂਰ
ਚੰਡੀਗੜ੍ਹ, 21 ਸਤੰਬਰ 2019 - ਇੰਨ੍ਹੀ ਦਿਨੀਂ ਸੋਸ਼ਲ ਮੀਡੀਆ 'ਤੇ ਪੰਜਾਬ ਦੇ ਨਾਮੀ ਗਾਇਕ ਗੁਰਦਾਸ ਮਾਨ ਦੀ ਰੈੱਡ ਐਫ.ਐਮ ਰੇਡੀੳ ਸਰੀ, ਕੈਨੇਡਾ ਵਿਖੇ ਹਰਜਿੰਦਰ ਸਿੰਘ ਥਿੰਦ ਨਾਲ ਹੋਈ ਇੰਟਰਵੀਊ ਦਾ ਇੱਕ ਛੋਟਾ ਜਿਹਾ ਕਲਿੱਪ ਕਾਫੀ ਅੱਗ ਵਾਂਗਰਾ ਵਾਇਰਲ ਹੋ ਰਿਹਾ ਹੈ। ਇਸ ਕਲਿੱਪ 'ਚ ਗੁਰਦਾਸ ਮਾਨ ਨੇ ਕਿਹਾ ਕਿ ਪੰਜਾਬੀ ਸਾਡੀ ਮਾਂ ਹੈ ਤਾਂ ਹਿੰਦੀ ਸਾਡੀ ਮਾਸੀ ਹੈ ਤੇ ਇਸਨੂੰ ਸਿੱਖਣ 'ਚ ਕੋਈ ਹਰਜ਼ ਵੀ ਨਹੀਂ ਹੋਣਾ ਚਾਹੀਦਾ। ਜਿਸ 'ਤੇ ਹਰ ਕੋਈ ਟਿੱਪਣੀ ਕਰ ਰਿਹਾ ਹੈ।
ਰੈੱਡ ਐਫ.ਐਮ ਨਾਲ ਇੰਟਰਵੀਊ ਦੌਰਾਨ ਗੁਰਦਾਸ ਮਾਨ
ਇੰਟਰਵੀਊ ਦੌਰਾਨ ਮਾਨ ਨੇ ਕਿਹਾ ਕਿ ਦੇਸ਼ 'ਚ ਇੱਕ ਭਾਸ਼ਾ ਹੋਵੇ ਤਾਂ ਚੰਗਾ ਹੈ ਕਿਉਂਕਿ ਜੇਕਰ ਕੋਈ ਸ਼ਖਸ ਦੱਖਣ ਵੱਲ੍ਹ ਜਾਂਦਾ ਹੈ ਤਾਂ ਉਸਨੂੰ ਉਥੋਂ ਦੀ ਭਾਸ਼ਾ ਨਹੀਂ ਆਉਂਦੀ ਤੇ ਨਾ ਹੀ ਉਨ੍ਹਾਂ ਨੂੰ ਤੁਹਾਡੀ ਖੇਤਰੀ ਭਾਸ਼ਾ ਆਉਂਦੀ ਹੈ। ਦੋਵੇਂ ਇੱਕ ਦੂਜੇ ਦੇ ਮੂੰਹ ਵੱਲ੍ਹ ਦੇਖਦੇ ਰਹਿਣਗੇ ਕਿ ਅਗਲਾ ਕਹਿਣਾ ਕੀ ਚਾਹੁੰਦਾ ਹੈ। ਪਰ ਉਥੇ ਹੀ ਜੇਕਰ ਪੂਰੇ ਦੇਸ਼ 'ਚ ਇੱਕ ਭਾਸ਼ਾ, ਜੋ ਕਿ ਹਿੰਦੀ ਨੂੰ ਜਾਣਦਾ ਹੋਏਗਾ ਤਾਂ ਇਸਨੂੰ ਸਮਝਣਾ ਅਸਾਨ ਹੋਏਗਾ।
ਉਸ ਨੇ ਕਿਹਾ ਕਿ ਸਾਰੇ ਆਪਣਾ ਹਿੰਦੀ ਗਾਣੇ ਵੀ ਸੁਣਦੇ ਹਾਂ , ਜੇਕਰ ਹਿੰਦੀ ਸੁਣ ਸਕਦੇ ਹਨ ਤਾਂ ਪੜ੍ਹ ਵੀ ਸਕਦੇ ਹਾਂ .
ਗੁਰਦਾਸ ਮਾਨ ਨੇ ਸਪਸ਼ਟ ਲਫਜ਼ਾਂ 'ਚ ਕਿਹਾ ਕਿ ਆਪਣੀ ਮਾਂ ਬੋਲੀ ਨੂੰ ਕਦੇ ਨਾ ਭੁੱਲੋ।
ਗੁਰਦਾਸ ਨੇ ਪੰਜਾਬੀ ਅਤੇ ਹਿੰਦੀ ਦੇ ਰਿਸ਼ਤੇ ਬਾਰੇ ਗੱਲ ਕਰਦੇ ਹੋਏ ਸਪਸ਼ਟ ਕਿਹਾ ਕਿ ਜੇਕਰ ਆਪਾਂ ਆਪਣੀ ਮਾਂ ਬੋਲੀ ( ਪੰਜਾਬੀ ) ਤੇ ਜ਼ੋਰ ਦਿੰਦੇ ਹਾਂ ਤਾਂ ਆਪਣੀ ਮਾਸੀ ( ਇਸ਼ਾਰਾ ਹਿੰਦੀ ਵੱਲ ਸੀ ) ਤੇ ਜ਼ੋਰ ਦੇਣ 'ਚ ਕੀ ਹਰਜ ਹੈ .
ਗੁਰਦਾਸ ਮਾਨ ਦੇ ਕਹੇ ਇੰਨ੍ਹਾਂ ਸ਼ਬਦਾਂ 'ਤੇ ਸੋਸ਼ਲ ਮੀਡੀਆ 'ਤੇ ਅਜਿਹਾ ਵਿਵਾਦ ਛਿੜਿਆ ਕਿ ਹਰ ਕੋਈ ਉਸਦੇ ਖਿਲਾਫ ਪੋਸਟਾਂ ਸ਼ੇਅਰ ਕਰ ਰਿਹਾ ਹੈ। ਕੋਈ ਉਸਨੂੰ ਡੇਰਾਵਾਦ ਨਾਲ ਜੋੜ ਰਿਹਾ ਹੈ ਤੇ ਕੋਈ ਕੁਝ। ਕਈ ਲੋਕ ਬਿਨਾ ਕਿਸੇ ਗੱਲ ਨੂੰ ਜਾਣਿਆਂ ਹੀ ਉਸ ਖਿਲਾਫ ਡਟ ਗਏ ਹਨ। ਪਰ ਜਦਕਿ ਜੇਕਰ ਵੀਡੀੳ ਨੂੰ ਧਿਆਨ ਨਾਲ ਸੁਣਿਆ ਜਾਏ ਤਾਂ ਪਤਾ ਲੱਗਦਾ ਹੈ ਕਿ ਗੁਰਦਾਸ ਮਾਨ ਨੇ ਪੰਜਾਬੀ ਭਾਸ਼ਾ ਲਈ ਕੋਈ ਗਲਤ ਲਫਜ਼ ਵਰਤਿਆ ਹੀ ਨਹੀਂ। ਉਸਨੇ ਇਹ ਤਾਂ ਕਿਹਾ ਹੀ ਨਹੀਂ ਕਿ ਪੰਜਾਬੀ ਪੜ੍ਹਨੀ ਜਾਂ ਸਿੱਖਣੀ ਨਹੀਂ ਚਾਹੀਦੀ। ਗੁਰਦਾਸ ਮਾਨ ਦਾ ਤਾਂ ਇਹ ਕਹਿਣਾ ਹੈ ਕਿ ਪੰਜਾਬੀ ਆਪਣੀ ਮਾਂ ਬੋਲੀ ਹੈ ਤੇ ਰਹੇਗੀ ਪਰ ਹਿੰਦੀ ਆਪਣੀ ਮਾਸੀ ਹੈ ਤੇ ਇੱਕ ਦੇਸ਼ 'ਚ ਜਿਥੇ ਅਨੇਕਾਂ ਭਾਸ਼ਾਵਾਂ ਦੇ ਲੋਕ ਵੱਸਦੇ ਹਨ, ਉਨ੍ਹਾਂ ਨਾਲ ਤਾਲਮੇਲ ਬਣਾਉਣ ਦਾ ਚੰਗਾ ਜ਼ਰੀਆ ਹੈ। ਪਰ ਫਿਲਹਾਲ ਸੋਸ਼ਲ ਮੀਡੀਆ 'ਤੇ ਪਏ ਇਸ ਝਮੇਲੇ 'ਚੋਂ ਗੁਰਦਾਸ ਮਾਨ ਕਿੰਝ ਬਾਹਰ ਨਿੱਕਲੇਗਾ ਇਹ ਤਾਂ ਸਮਾਂ ਹੀ ਦੱਸੇਗਾ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
https://www.facebook.com/BabushahiDotCom/videos/366420350902667/