ਨਵਾਂਸ਼ਹਿਰ, 21 ਸਤੰਬਰ 2019 - ਵਿਧਾਇਕ ਅੰਗਦ ਸਿੰਘ ਨੇ ਇਤਿਹਾਸਕ ਬਾਗ਼ ਬਾਰਾਂਦਰੀ ਦੇ ਵਿਕਾਸ ਅਤੇ ਸਾਂਭ ਸੰਭਾਲ ਲਈ ਕਾਰਜ ਯੋਜਨਾ ਉਲੀਕਣ ਲਈ ਅੱਜ ਬਾਗ਼ ਦਾ ਦੌਰਾ ਕੀਤਾ।
ਉਨ੍ਹਾਂ ਇਸ ਮੌਕੇ ਉੱਥੇ ਮੌਜੂਦ ਸੀਨੀਅਰ ਸਿਟੀਜਨਜ਼ ਨਾਲ ਵਿਚਾਰ ਵਟਾਂਦਰਾ ਕਰਦਿਆਂ ਜਿੱਥੇ ਉਨ੍ਹਾਂ ਦੀਆਂ ਬਾਗ਼ ਨੂੰ ਲੈ ਕੇ ਮੁਸ਼ਕਿਲਾਂ ਪੁੱਛੀਆਂ ਉੱਥੇ ਬਾਗ਼ ਦੇ ਵਿਕਾਸ ਲਈ ਆਪਣੇ ਵੱਲੋਂ ਉਲੀਕੀਆਂ ਯੋਜਨਾਵਾਂ ਵੀ ਸਾਂਝੀਆਂ ਕੀਤੀਆਂ।
ਬਜ਼ੁਰਗਾਂ ਨੇ ਇਸ ਮੌਕੇ ਬਾਗ਼ ਚ ਸੀਨੀਅਰ ਸਿਟੀਜਨਜ਼ ਲਈ ਇਕ ਕਮਰਾ ਕਮ ਦਫ਼ਤਰ ਹੋਣ ਦੀ ਮੰਗ ਰੱਖੀ। ਵਿਧਾਇਕ ਅੰਗਦ ਸਿੰਘ ਨੇ ਭਰੋਸਾ ਦਿੱਤਾ ਕਿ ਉਹ ਅਗਲੀ ਦਿਨਾਂ ਚ ਉਨ੍ਹਾਂ ਦੀ ਇਸ ਮੰਗ ਨੂੰ ਪੂਰਾ ਕਰਨ ਦੇ ਯਤਨ ਕਰਨਗੇ।
ਇਸ ਤੋਂ ਇਲਾਵਾ ਸ਼ਹਿਰ ਦਾ ਇੱਕੋ ਇੱਕ ਰਮਣੀਕ ਸਥਾਨ ਹੋਣ ਕਾਰਨ ਇੱਥੇ ਆਉਣ ਵਾਲਿਆਂ ਲਈ ਹਲਕੀ ਫੁਲਕੀ ਕਸਰਤ ਲਈ ਜਿੰਮ ਬਣਾਉਣ ਦੀ ਮੰਗ ਵੀ ਉੱਥੇ ਮੌਜੂਦ ਲੋਕਾਂ ਵੱਲੋਂ ਰੱਖੀ ਗਈ।
ਵਿਧਾਇਕ ਅੰਗਦ ਸਿੰਘ ਨੇ ਸੀਨੀਅਰ ਸਿਟੀਜਨਾਂ ਵੱਲੋਂ ਬਾਗ਼ ਦੀ ਬੇਹਤਰੀ ਲਈ ਅਤੇ ਬਜ਼ੁਰਗਾਂ ਦੇ ਬੈਠਣ ਲਈ ਕਮਰੇ ਦੀ ਲੋੜ ਨਾਲ ਸਹਿਮਤੀ ਜਤਾਉਂਦਿਆਂ ਭਰੋਸਾ ਦਿੱਤਾ ਕਿ ਉਹ ਇਸ ਸਬੰਧੀ ਅਗਲੇ ਦਿਨਾਂ ਚ ਫੰਡ ਦਾ ਪ੍ਰਬੰਧ ਕਰਕੇ ਲੋੜੀਂਦੇ ਕੰਮ ਸ਼ੁਰੂ ਕਰਵਾ ਦੇਣਗੇ।
ਉਨ੍ਹਾਂ ਇਸ ਮੌਕੇ ਬਾਗ ਦੀ ਬੇਹਤਰੀ ਲਈ ਬਣਾਈ ਆਪਣੀ ਕਾਰਜ ਯੋਜਨਾ ਦਾ ਖੁਲਾਸਾ ਕਰਦਿਆਂ ਕਿਹਾ ਕਿ ਉਹ ਲੋਕਾਂ ਦੀਆਂ ਇਛਾਵਾਂ ਮੁਤਾਬਕ ਇੱਥੇ ਅਗਲੀ ਦਿਨਾਂ ਚ ਓਪਨ ਜਿੰਮ ਦੀ ਸਥਾਪਤੀ, ਬਜ਼ੁਰਗਾਂ ਦੇ ਆਰਾਮ ਵਾਸਤੇ ਤੇ ਬੈਠਣ ਲਈ ਇਕ ਕਮਰੇ ਅਤੇ ਬਾਗ਼ ਦੀ ਹਰਿਆਲੀ ਦੀ ਸਾਂਭ ਸੰਭਾਲ ਅਤੇ ਘਾਹ ਦੀ ਕਟਾਈ ਲਈ ਲੋੜੀਂਦੀ ਮਸ਼ੀਨਰੀ ਦਾ ਪ੍ਰਬੰਧ ਕਰਨਗੇ।
ਇਸ ਮੌਕੇ ਬਾਗ਼ ਚ ਰਾਜਿੰਦਰ ਚੋਪੜਾ, ਡਾਕਟਰ ਵਰਮਾ, ਲਲਿਤ ਸ਼ਰਮਾ, ਬਲਵੀਰ ਸਿੰਘ, ਸਚਿਨ ਦੀਵਾਨ, ਰੋਮੀ ਖੋਸਲਾ,ਗੁਰਦੇਵ ਕੌਰ, ਰਚਨਾ ਛਾਬੜਾ, ਰਾਕੇਸ਼ ਕੁਮਾਰ ਤੇ ਸੁਭਾਸ਼ ਪੌਡਵਾਲ ਮੌਜੂਦ ਸਨ।