ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੂੰ ਮੰਗ ਪੱਤਰ ਸੌਂਪਣ ਮੌਕੇ ਬੇਰੁਜ਼ਗਾਰ ਪੁਲਿਸ ਟ੍ਰੇਨਿੰਗ ਪ੍ਰਾਪਤ ਨੌਜਵਾਨ ।ਤਸਵੀਰ : ਜਗਦੀਸ਼ ਥਿੰਦ
ਜਗਦੀਸ਼ ਥਿੰਦ
ਜਲਾਲਾਬਾਦ ਪੱਛਮੀ / ਫਾਜ਼ਿਲਕਾ 22 ਸਤੰਬਰ ਪੰਜਾਬ ਪੁਲਿਸ ਟਰੇਨਿੰਗ ਪ੍ਰਾਪਤ ਬੇਰੁਜ਼ਗਾਰ ਯੂਨੀਅਨ ਵੱਲੋਂ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਜਾਰੀ ਹੈ ।
ਪੰਜਾਬ ਪੁਲੀਸ ਦੇ ਟਰੇਨਿੰਗ ਸੈਂਟਰ ਜਹਾਨ ਖੇਲਾ ( ਹੁਸ਼ਿਆਰਪੁਰ ) ਤੋਂ 6 ਮਹੀਨੇ ਦੀ ਟ੍ਰੇਨਿੰਗ ਪ੍ਰਾਪਤ ਕਰਨ ਵਾਲੇ ਨੌਜਵਾਨ ਲਗਾਤਾਰ ਰੁਜ਼ਗਾਰ ਪ੍ਰਾਪਤੀ ਲਈ ਨੌਕਰੀ ਦੇਣ ਦੀ ਮੰਗ ਪੰਜਾਬ ਸਰਕਾਰ ਪਾਸੋਂ ਕਰਦੇ ਆ ਰਹੇ ਹਨ ।
ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਪੁਲਿਸ ਟਰੇਨਿੰਗ ਪ੍ਰਾਪਤ ਬੇਰੁਜ਼ਗਾਰ । ਤਸਵੀਰ: ਜਗਦੀਸ਼ ਥਿੰਦ
-----------------------------------------------------------------
ਧਰਨੇ ਮੁਜ਼ਾਹਰੇ ਕਰਨ ਤੋਂ ਇਲਾਵਾ ਵੱਖ - ਵੱਖ ਸਮਿਆਂ 'ਤੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਮੰਗ ਪੱਤਰ ਵੀ ਸੌਂਪੇ ਗਏ ਹਨ ।
ਜ਼ਿਲ੍ਹਾ ਫਾਜ਼ਿਲਕਾ ਦੇ ਇੰਚਾਰਜ ਅਤੇ ਪੰਜਾਬ ਦੇ ਸਿਹਤ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਮੰਗ ਪੱਤਰ ਦੇ ਕੇ ਪੰਜਾਬ ਪੁਲੀਸ ਵਿੱਚ ਨੌਕਰੀ ਦੇਣ ਦੀ ਮੰਗ ਕੀਤੀ ਗਈ । ਇਸ ਮੌਕੇ ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਬੇਰੁਜ਼ਗਾਰਾਂ ਦਾ ਮੰਗ ਪੱਤਰ ਸਰਕਾਰ ਕੋਲ ਪਹੁੰਚਾਉਣਗੇ ।
ਇਸ ਸਬੰਧੀ ਪੰਜਾਬ ਪ੍ਰਧਾਨ ਰਮੇਸ਼ ਸਿੰਘ , ਵਾਈਸ ਪ੍ਰਧਾਨ ਰੇਸ਼ਮ ਸਿੰਘ , ਸੰਦੀਪ ਕੁਮਾਰ ਜ਼ਿਲ੍ਹਾ ਪ੍ਰਧਾਨ ਫ਼ਾਜ਼ਿਲਕਾ , ਕੁਲਵਿੰਦਰ ਸਿੰਘ ਖ਼ਜ਼ਾਨਚੀ , ਛਿੰਦਰ ਸਿੰਘ ਸਲਾਹਕਾਰ ਨੇ ਕਿਹਾ ਕਿ ਪੰਜਾਬ ਹੋਮਗਾਰਡ ਦੇ ਜਵਾਨਾਂ ਨੂੰ ਕੇਵਲ ਇੱਕ ਹਫ਼ਤੇ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਉਹ ਨੌਕਰੀ ਕਰ ਰਹੇ ਹਨ ।
ਜਦਕਿ ਅਸੀਂ 6 ਮਹੀਨੇ ਦੀ ਟ੍ਰੇਨਿੰਗ ਕਰਨ ਦੇ ਬਾਵਜੂਦ ਬੇਰੁਜ਼ਗਾਰੀ ਦੇ ਆਲਮ ਵਿੱਚੋਂ ਗੁਜ਼ਰ ਰਹੇ ਹਾਂ ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਆਉਣ ਵਾਲੇ ਸਮੇਂ ਵਿੱਚ ਭਰਤੀ ਕੀਤੀ ਜਾ ਰਹੀ ਹੈ , ਉਸ ਵਿੱਚ ਸਾਨੂੰ ਪਹਿਲ ਦਿੱਤੀ ਜਾਵੇ ।
ਇਸ ਮੌਕੇ ਡੀ ਐੱਸ ਪੀ ਜਲਾਲਾਬਾਦ ਨੇ ਨੌਜਵਾਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਧਰਨੇ ਮੁਜ਼ਾਹਰਿਆਂ ਦਾ ਰਸਤਾ ਨਾ ਅਪਣਾਉਣ । ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਆਵਾਜ਼ ਨੂੰ ਪੰਜਾਬ ਸਰਕਾਰ ਤੱਕ ਪਹੁੰਚਾ ਦਿੱਤਾ ਜਾਵੇਗਾ ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਜੇਕਰ ਹੁਣ ਵੀ ਪੰਜਾਬ ਸਰਕਾਰ ਨੇ ਸਾਡੀ ਸਾਰ ਨਾ ਲਈ ਤਾਂ ਉਹ ਮਰਨ ਵਰਤ 'ਤੇ ਬੈਠਣ , ਟੈਂਕੀ ਉਪਰ ਚੜ੍ਹ ਕੇ ਆਪਣੀ ਫਰਿਆਦ ਸਰਕਾਰ ਤੱਕ ਪਹੁੰਚਾਉਣ ਲਈ ਸਖ਼ਤ ਕਦਮ ਪੁੱਟਣ ਲਈ ਮਜਬੂਰ ਹੋਣਗੇ ।