ਮਾਨਸਾ, 23 ਸਤੰਬਰ 2019 - 20 ਸਤੰਬਰ ਨੂੰ ਅਵਾਰਾ ਪਸ਼ੂਆਂ ਕਾਰਨ ਇਸ ਜਿਲ੍ਹੇ ਦੇ ਪਿੰਡ ਜਵਾਹਰਕੇ ਦੇ ਸਨੀ ਸਿੰਘ (27 ਸਾਲ) ਦਲਿਤ ਨੌਜਵਾਨ ਦੀ ਮੌਤ ਹੋ ਗਈ ਸੀ। ਇਸ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਮਾੜੀ ਹੈ ਅਤੇ ਇਸ ਇਸ ਘਰ ਵਿੱਚ ਹੋਰ ਕੋਈ ਵੀ ਕਮਾਉਣ ਵਾਲਾ ਨਹੀਂ ਹੈ। ਇਸ ਲਈ ਅਵਾਰਾ ਪਸ਼ੂ ਸੰਘਰਸ਼ ਕਮੇਟੀ ਮਾਨਸਾ ਵੱਲੋਂ ਇਸ ਨੌਜਵਾਨ ਨੂੰ ਆਰਥਿਕ ਮੱਦਦ ਦਿਵਾਉਣ ਲਈ ਸੰਘਰਸ਼ ਅਰੰਭਿਆ ਗਿਆ ਅਤੇ ਉਦੋਂ ਤੱਕ ਇਸ ਨੌਜਵਾਨ ਦਾ ਸੰਸਕਾਰ ਨਾ ਕਰਨ ਦਾ ਫੈਸਲਾ ਕੀਤਾ ਗਿਆ ਜਦੋਂ ਤੱਕ ਸਰਕਾਰ ਵੱਲੋਂ ਇਸ ਮਿ੍ਰਤਕ ਨੌਜਵਾਨ ਦੀ ਪਤਨੀ ਨੂੰ ਸਰਕਾਰੀ ਨੌਕਰੀ ਅਤੇ ਆਰਥਿਕ ਸਹਾਇਤਾ ਨਹੀਂ ਦਿੱਤੀ ਜਾਂਦੀ।
21 ਸਤੰਬਰ ਤੋੋਂ ਮਿ੍ਰਤਕ ਨੌਜਵਾਨ ਦੀ ਲਾਸ਼ ਨੂੰ ਜਵਾਹਰਕੇ ਪਿੰਡ ਦੇ ਚੌਰਾਹੇ ਵਿੱਚ ਰੱਖ ਕੇ ਅਵਾਰਾ ਪਸ਼ੂ ਸੰਘਰਸ਼ ਕਮੇਟੀ ਅਤੇ ਪਿੰਡ ਵਾਸੀਆਂ ਵੱਲੋਂ ਲਗਾਤਾਰ ਧਰਨਾ ਅਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਕਮੇਟੀ ਅਤੇ ਪਿੰਡ ਵਾਸੀਆਂ ਦੇ ਇਸ ਸੰਘਰਸ਼ ਅੱਗੇ ਅੱਜ ਜਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਝੁਕਣਾ ਪਿਆ ਅਤੇ ਅੱਜ ਇਸ ਪਰਿਵਾਰ ਨੂੰ ਇਨਸਾਫ ਮਿਲ ਸਕਿਆ ਜਦੋਂ ਜਿਲ੍ਹਾ ਪ੍ਰਸ਼ਾਸਨ ਨੇ 4 ਲੱਖ ਰੁਪਏ ਮੁਆਵਜ਼ਾ ਅਤੇ ਮਿ੍ਰਤਕ ਨੌਜਵਾਨ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕਰਨਾ ਪਿਆ। ਇਸ ਉਪਰੰਤ ਅਵਾਰਾ ਪਸ਼ੂ ਸੰਘਰਸ਼ ਕਮੇਟੀ ਅਤੇ ਪਿੰਡ ਵਾਸੀਆਂ ਨੇ ਮਿ੍ਰਤਕ ਦਾ ਸੰਸਕਾਰ ਕਰਨ ਦਾ ਫੈਸਲਾ ਕਰ ਲਿਆ। ਵਰਨਣਯੋਗ ਹੈ ਕਿ ਪੰਜਾਬ ਸਰਕਾਰ ਨੂੰ ਪਹਿਲੀ ਵਾਰ ਕਿਸੇ ਅਵਾਰਾ ਪਸ਼ੂ ਕਾਰਨ ਹੋਈ ਮੌਤ ਵਿੱਚ ਪੀੜ੍ਹਿਤ ਪਰਿਵਾਰ ਨੂੰ ਆਰਥਿਕ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਣੀ ਪਈ ਹੈ। ਅੱਜ ਇਸ ਤੋਂ ਪਹਿਲਾਂ ਚੱਲ ਰਹੇ ਧਰਨੇ ਵਿੱਚ ਸ੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਵਾਈਸ ਪ੍ਰਧਾਨ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਵਾਰਾ ਪਸ਼ੂਆਂ ਸਬੰਧੀ ਮਾਨਸਾ ਵਾਸੀਆਂ ਨੇ ਜੋ ਆਵਾਜ਼ ਉਠਾਈ ਹੈ, ਉਹ ਅੱਜ ਪੂਰੇ ਦੇਸ਼ ਵਿੱਚ ਗੂੰਜ ਰਹੀ ਹੈ। ਇਸ ਆਵਾਜ਼ ਨੂੰ ਉਠਾਉਣ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੇ ਮੁਨੀਸ਼ ਬੱਬੀ ਦਾਨੇਵਾਲੀਆ, ਗੁਰਲਾਭ ਸਿੰਘ ਮਾਹਲ ਐਡਵੋਕੇਟ, ਕਿਸਾਨ ਯੂਨੀਅਨ ਦੇ ਨੇਤਾ ਰੁਲਦੂ ਸਿੰਘ ਅਤੇ ਬੋਘ ਸਿੰਘ, ਪ੍ਰੇਮ ਅੱਗਰਵਾਲ, ਡਾ. ਜਨਕ ਰਾਜ ਨੂੰ ਸਦਾ ਪੰਜਾਬ ਵਾਸੀ ਯਾਦ ਰੱਖਣਗੇ। ਇਸ ਸਮੇਂ ਧਰਨੇ ਨੂੰ ਜਗਦੀਪ ਸਿੰਘ ਨਕੱਈ ਸਾਬਕਾ ਐਮ.ਐਲ.ਏ. ਨੇ ਵੀ ਸੰਬੋਧਨ ਕੀਤਾ ਅਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਲੋਕਾਂ ਦੇ ਮੁੱਦੇ ਉਠਾਉਂਦਾ ਰਿਹਾ ਹੈ ਅਤੇ ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਚੱਲ ਰਹੇ ਸੰਘਰਸ਼ਾਂ ਵਿੱਚ ਵੀ ਆਪਣਾ ਯੋਗਦਾਨ ਪਾਵੇਗਾ।
ਇਸ ਸਮੇਂ ਡਾ. ਜਨਕ ਰਾਜ ਸਿੰਗਲਾ ਅਤੇ ਮਨਜੀਤ ਸਦਿਓੜਾ ਨੇ ਦੱਸਿਆ ਕਿ ਅਵਾਰਾ ਪਸ਼ੂ ਸੰਘਰਸ਼ ਕਮੇਟੀ ਦਾ ਮਾਨਸਾ ਵਿੱਚ ਅਵਾਰਾ ਪਸ਼ੂਆਂ ਦੇ ਹੱਲ ਲਈ ਲਗਾਇਆ ਗਿਆ ਧਰਨਾ 11ਵੇਂ ਦਿਨ ਵਿੱਚ ਪਹੁੰਚ ਚੁੱਕਾ ਹੈ ਅਤੇ ਇਹ ਧਰਨਾ ਉਤਨੀ ਦੇਰ ਜਾਰੀ ਰਹੇਗਾ ਜਦੋਂ ਤੱਕ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਜਿਲ੍ਹਾ ਪ੍ਰਸ਼ਾਸਨ ਵੱਲੋਂ ਠੋਸ ਹੱਲ ਨਹੀਂ ਕੀਤਾ ਜਾਂਦਾ। ਇਸ ਸਮੇਂ ਬਲਵਿੰਦਰ ਸਿੰਘ ਕਾਕਾ, ਬਿੱਕਰ ਸਿੰਘ ਮਘਾਣੀਆਂ, ਹਰਿੰਦਰ ਮਾਨਸ਼ਾਹੀਆ, ਪਰਮਜੀਤ ਬਚੀ, ਜਸਵੀਰ ਕੌਰ ਨੱਤ, ਸਿਮਰਜੀਤ ਕੌਰ ਸਿਮੀ ਆਦਿ ਹਾਜ਼ਰ ਸਨ।