ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 19 ਸਤੰਬਰ 2019 - ਪੰਜਾਬ ਸਰਕਾਰ ਘਰ ਘਰ ਰੁਜ਼ਗਾਰ ਮਿਸ਼ਨ ਤਹਿਤ ਅੱਜ ਲੋਪੋਕੇ ਤਹਿਸੀਲ ਅਜਨਾਲਾ ਦੇ ਆਈ:ਟੀ:ਆਈ ਕਾਲਜ ਵਿਖੇ ਮੈਗਾ ਰੁਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੇਲੇ ਵਿੱਚ 27 ਕੰਪਨੀਆਂ ਵੱਲੋਂ ਸ਼ਿਰਕਤ ਕੀਤੀ ਗਈ ਅਤੇ 1051 ਬੇਰੁਜਗਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ।
ਇਸ ਮੇਲੇ ਦਾ ਉਦਘਾਟਨ ਕਰਦਿਆਂ ਦਿਲਰਾਜ ਸਿੰਘ ਸਰਕਾਰੀਆ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਨੇ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਰੁਜਗਾਰ ਮੇਲੇ ਲਗਾ ਕੇ ਬੇਰੁਜਗਾਰੀ ਨੂੰ ਖਤਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦਾ ਵਾਅਦਾ ਹੈ ਕਿ ਉਹ ਘਰ ਘਰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏਗੀ। ਚੇਅਰਮੈਨ ਨੇ ਦੱਸਿਆ ਕਿ ਅੱਜ ਦੇ ਰੁਜ਼ਗਾਰ ਮੇਲੇ ਵਿੱਚ 1925 ਬੇਰੁਜ਼ਗਾਰਾਂ ਵੱਲੋਂ ਅਪਲਾਈ ਕੀਤੀ ਗਿਆ ਸੀ ਜਿਸ ਵਿੱਚ 1051 ਬੇਰੁਜਗਾਰਾਂ ਨੂੰ ਵੱਖ ਵੱਖ ਕੰਪਨੀਆਂ ਵੱਲੋਂ ਰੁਜਗਾਰ ਪ੍ਰਦਾਨ ਕਰਵਾਇਆ ਗਿਆ ਹੈ। ਉਨਾਂ ਦੱਸਿਆ ਕਿ ਜਿਹੜੇ ਨੌਜਵਾਨ ਰੁਜਗਾਰ ਮਿਲਣ ਤੋਂ ਵਾਂਝੇ ਰਹਿ ਗਏ ਹਨ ਨੂੰ ਘਬਰਾਉਣ ਦੀ ਲੋੜ ਨਹੀਂ ਸਰਕਾਰ ਵੱਲੋਂ ਇਸ ਹਫ਼ਤੇ ਹੋਰ ਰੁਜ਼ਗਾਰ ਮੇਲੇ ਵੀ ਲਗਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਇਸ ਮਹੀਨੇ 5 ਵੱਡੇ ਰੁਜ਼ਗਾਰ ਮੇਲੇ ਅੰਮ੍ਰਿਤਸਰ ਵਿੱਚ ਲੱਗਣੇ ਹਨ ਜਿਸ ਵਿੱਚੋਂ 3 ਰੁਜਗਾਰ ਮੇਲੇ ਹੋ ਲੱਗਣੇ ਬਾਕੀ ਹਨ। ਉਨਾਂ ਕਿਹਾ ਕਿ ਰੁਜ਼ਗਾਰ ਮੇਲਿਆਂ ਦਾ ਮੁੱਖ ਮਸਕਦ ਰੁਜਗਾਰ ਦੇਣ ਵਾਲਿਆਂ ਅਤੇ ਬੇਰੁਜਗਾਰ ਬੱਚਿਆਂ ਨੂੰ ਇਕ ਪਲੇਟਫਾਰਮ ਤੇ ਇਕੱਠਾ ਕਰਨਾ ਹੈ ਤਾਂ ਜੋ ਰੁਜਗਾਰ ਦੇਣ ਵਾਲੇ ਆਪਣੀ ਮਨਪਸੰਦ ਦੇ ਚਾਹਵਾਨ ਨੌਜਵਾਨਾਂ ਦੀ ਚੋਣ ਕਰ ਸਕਣ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਇਨਾਂ ਮੇਲਿਆਂ ਵਿੱਚ ਨੌਜਵਾਨਾਂ ਨੂੰ ਰੁਜਗਾਰ ਲਈ ਨੌਕਰੀਆਂ ਦੇ ਨਾਲ ਨਾਲ ਸਵੈ-ਰੁਜਗਾਰ ਦੀ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਸਥਾਪਤ ਰੁਜ਼ਗਾਰ ਬਿਊਰੋ ਬੇਰੁਜਗਾਰਾਂ ਨੂੰ ਨੌਕਰੀਆ ਮੁਹੱਈਆ ਕਰਵਾਉਣ ਵਿੱਚ ਸਹਾਇਤਾ ਪ੍ਰਦਾਨ ਕਰਦਾ ਹੈ ਅਤੇ ਰੁਜਗਾਰ ਬਿਊਰੋ ਵਿਖੇ ਨੌਜਵਾਨਾਂ ਨੂੰ ਮੁਫ਼ਤ ਇੰਟਰਨੈਟ ਦੀ ਸੁਵਿਧਾ ਵੀ ਮੁਹੱਈਆ ਕਰਵਾਈ ਜਾਂਦੀ ਹੈ। ਉਨਾਂ ਦੱਸਿਆ ਕਿ ਰੁਜ਼ਗਾਰ ਲਈ ਮੁੱਢਲੀ ਸਿਖਲਾਈ ਦੇਣ ਵਾਸਤੇ ਜ਼ਿਲ੍ਹੇ ਵਿਚ ਵੱਖ-ਵੱਖ ਥਾਵਾਂ ਉੱਤੇ ਸਕਿਲ ਡਵਿਲਪਮੈਂਟ ਮਿਸ਼ਨ ਅਧੀਨ ਸਿਖਲਾਈ ਕੋਰਸ ਵੀ ਮੁਫ਼ਤ ਕਰਵਾਏ ਜਾ ਰਹੇ ਹਨ, ਤਾਂ ਜੋ ਸਕੂਲ ਜਾਂ ਕਾਲਜ ਦੀ ਸਿੱਖਿਆ ਤੋਂ ਬਾਅਦ ਬੱਚਿਆਂ ਨੂੰ ਹੁਨਰਮੰਦ ਕੀਤਾ ਜਾ ਸਕੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ ਡੀ ਐਮ ਸ੍ਰੀ ਰਜਤ ਉਬਰਾਏ, ਡਿਪਟੀ ਡਾਇਰੈਕਟਰ ਸ੍ਰੀ ਜਸਵੰਤ ਰਾਏ, ਸਤਿੰਦਰ ਸਿੰਘ ਡਿਪਟੀ ਸੀ ਈ ਓ, ਰੋਜ਼ਗਾਰ ਅਫਸਰ ਪ੍ਰਭਜੋਤ ਸਿੰਘ, ਸਕਿਲ ਡਵਿਲਪਮੈਂਟ ਮਿਸ਼ਨ ਤੋਂ ਗੁਰਭੇਜ ਸਿੰਘ ਸੰਧੂ ਅਤੇ ਹੋਰ ਅਧਿਕਾਰੀ ਹਾਜ਼ਰ ਸਨ।