ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਮਨਪ੍ਰੀਤ ਸਿੰਘ ਛਤਵਾਲ ਨਾਲ ਮੀਟਿੰਗ ਦੌਰਾਨ ਅਜਮੇਰ ਸਿੰਘ ਲੱਖੋਵਾਲ ਅਤੇ ਹੋਰ ਆਗੂ
ਜਗਦੀਸ਼ ਥਿੰਦ
ਫਾਜ਼ਿਲਕਾ 10 ਅਕਤੂਬਰ :
ਆਵਾਰਾ ਪਸ਼ੂਆਂ ਕਾਰਨ ਫ਼ਸਲਾਂ ਦੇ ਹੋ ਰਹੇ ਨੁਕਸਾਨ ਅਤੇ ਸੜਕਾਂ ਉੱਪਰ ਆਏ ਦਿਨ ਹੁੰਦੇ ਹਾਦਸਿਆਂ ਕਾਰਨ ਮਨੁੱਖਤਾ ਦੇ ਹੋ ਰਹੇ ਘਾਣ ਤੇ ਮਾਨਸਾ ਵਿਖੇ ਸ਼ੁਰੂ ਹੋਏ ਸੰਘਰਸ਼ ਤੋਂ ਬਾਅਦ ਹੁਣ ਭਾਰਤੀ ਕਿਸਾਨ ਯੂਨੀਅਨ ਵੱਲੋਂ ਵੀ ਇਨ੍ਹਾਂ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਵੱਡੀ ਮੰਗ ਰੱਖੀ ਗਈ ਹੈ ।
ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਦੀ ਅਗਵਾਈ ਹੇਠ ਕਿਸਾਨਾਂ ਦੀਆਂ ਜਿਨਸਾਂ ਨੂੰ ਠੀਕ ਮੁੱਲ ਦੇਣ ਦੇ ਨਾਲ ਹੀ ਪੰਜਾਬ ਅੰਦਰ 5 ਸਲਾਟਰਹਾਉਸ ( ਬੁੱਚੜਖਾਨੇ ) ਖੋਲਣ ਅਤੇ ਪੰਜਾਬ ਅੰਦਰ ਅਫ਼ੀਮ ਦੀ ਖੇਤੀ ਕਰਨ ਦੀ ਇਜਾਜ਼ਤ ਦੇਣ ਦੀ ਮੰਗ ਰੱਖੀ ਹੈ ।
ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਨੂੰ ਮੰਗ ਪੱਤਰ ਸੌਂਪਣ ਮੌਕੇ ਅਜਮੇਰ ਸਿੰਘ ਲੱਖੋਵਾਲ ਅਤੇ ਦੂਸਰੇ ਆਗੂ । ਤਸਵੀਰ : ਜਗਦੀਸ਼ ਥਿੰਦ
-----------------------------------------------------------
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਕਿਰਸਾਨੀ ਨਾਲ ਸਬੰਧਤ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਧਰਨਾ ਅਤੇ ਮੁਜ਼ਾਹਰਾ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰ ਫਾਜ਼ਿਲਕਾ ਮਨਪ੍ਰੀਤ ਸਿੰਘ ਛੱਤਵਾਲ ਨੂੰ ਮੰਗ ਪੱਤਰ ਦੇ ਕੇ ਕਿਸਾਨਾਂ ਦੀਆਂ ਜਾਇਜ਼ ਹੱਕੀ ਮੰਗਾਂ ਮੰਨਣ ਦੀ ਅਪੀਲ ਕੀਤੀ ਗਈ ।
ਅਵਾਰਾ ਪਸ਼ੂਆਂ ਦੀ ਗੰਭੀਰ ਸਮੱਸਿਆ ਸਬੰਧੀ ਕਿਸਾਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਆਵਾਰਾ ਪਸ਼ੂਆਂ ਤੇ ਕੁੱਤਿਆਂ ਨੂੰ ਸਾਂਭਣ ਦਾ ਪ੍ਰਬੰਧ ਕਰੇ ।
ਕੁੱਤਿਆਂ ਨੂੰ ਮਾਰਨ ਦੇ ਅਧਿਕਾਰ ਪੰਚਾਇਤਾਂ ਨੂੰ ਦਿੱਤੇ ਜਾਣ ।
ਪੰਜਾਬ ਅੰਦਰ ਪੰਜ ਸਲਾਟਰ ਹਾਊਸ ( ਬੁੱਚੜਖਾਨੇ ) ਖੋਲ ਕੇ ਇਨ੍ਹਾਂ ਦਾ ਮੀਟ ਬਾਹਰ ਵਿਦੇਸ਼ਾਂ ਨੂੰ ਭੇਜਿਆ ਜਾਵੇ ।
ਸਰਦਾਰ ਅਜਮੇਰ ਸਿੰਘ ਲੱਖੋਵਾਲ ਨੇ ਪੰਜਾਬ ਅੰਦਰ ਅਫ਼ੀਮ ਦੀ ਖੇਤੀ ਦੀ ਖੁੱਲ ਦੇਣ ਦੀ ਮੰਗ ਕਰਦਿਆਂ ਕਿਹਾ ਕੇ ਦੇਸ਼ ਦੇ ਜਦ ਹੋਰਨਾਂ 16 ਸੂਬਿਆਂ ਕੋਲ ਖਸਖਸ ਦੀ ਖੇਤੀ ਕਰਨ ਦੀ ਇਜਾਜ਼ਤ ਹੈ ਤਾਂ ਪੰਜਾਬ ਅੰਦਰ ਕਿਉਂ ਨਹੀਂ ?
ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਪੰਜਾਬ ਅੰਦਰੋਂ ਕੈਮੀਕਲ ਨਸ਼ਿਆਂ ਤੋਂ ਲੋਕ ਹਟਣਗੇ ।
ਉਹਨਾਂ ਕਿਹਾ ਕਿ ਪੰਜਾਬ ਅੰਦਰ ਅੱਜ ਅਵਾਰਾ ਕੁੱਤੇ , ਸੂਰ , ਬਾਂਦਰ , ਨੀਲ ਗਊ , ਵਿਦੇਸ਼ੀ ਅਵਾਰਾ ਸਾਨ ਸੜਕਾਂ ਅਤੇ ਖੇਤਾਂ ਵਿੱਚ ਫਸਲਾਂ ਦੀ ਬਰਬਾਦੀ ਅਤੇ ਮਨੁੱਖਾਂ ਦਾ ਜਾਨੀ ਨੁਕਸਾਨ ਕਰ ਰਹੇ ਹਨ ।
ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਉੱਪਰ ਪੰਜਾਬ ਸਰਕਾਰ ਵੱਲੋਂ ਰੁੱਖ ਲਗਾਉਣ ਦੀ ਮੁਹਿੰਮ ਦਾ ਕਿਸਾਨ ਯੂਨੀਅਨ ਨੇ ਸੁਆਗਤ ਕੀਤਾ ਉਥੇ ਨਾਲ ਹੀ ਪਾਲਤੂ ਪਸ਼ੂਆਂ ਨੂੰ ਖੁੱਲ੍ਹੇ ਤੌਰ ਤੇ ਛੱਡਣ ਦੀ ਵਿਰੋਧਤਾ ਕੀਤੀ ।
ਉਨ੍ਹਾਂ ਕਿਹਾ ਕਿ ਇਹ ਪਸ਼ੂ ਰੁੱਖਾਂ ਦੇ ਉਜਾੜੇ ਦਾ ਕਾਰਨ ਬਣਦੇ ਹਨ ।
ਪੰਜਾਬ ਸਰਕਾਰ ਨਕਲੀ ਦੁੱਧ , ਨਕਲੀ ਖਾਦ ਅਤੇ ਪੈਸਟੀਸਾਈਡਜ਼ ਵੇਚਣ ਵਾਲਿਆਂ ਖਿਲਾਫ਼ ਇਰਾਦਾ ਕਤਲ ( 302 ipc ) ਦਾ ਮੁਕੱਦਮਾ ਦਰਜ ਕਰਕੇ ਸਖਤ ਸਜ਼ਾਵਾਂ ਦੇਣ ਦਾ ਪ੍ਰਬੰਧ ਕਰੇ ।
ਕਿਸਾਨਾਂ ਨੂੰ ਜਿਣਸਾਂ ਦੇ ਲਾਗਤ ਮੁੱਲ ਦੇਣ ਲਈ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ c2+50 ਪ੍ਰਤੀਸ਼ਤ ਨੂੰ ਜੋੜ ਕੇ ਲਾਗੂ ਕੀਤਾ ਜਾਵੇ ।
ਖੇਤ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਖੇਤੀ ਨੂੰ ਮਨਰੇਗਾ ਨਾਲ ਜੋੜਿਆ ਜਾਵੇ ।
60 ਸਾਲ ਤੋਂ ਉੱਪਰ ਉਮਰ ਵਾਲੇ ਕਿਸਾਨ ਨੂੰ 6000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਅਤੇ ਇਲਾਜ ਮੁਫ਼ਤ ਕੀਤਾ ਜਾਵੇ ।
ਪੰਜਾਬ ਦੇ ਪਾਣੀਆਂ ਨੂੰ ਗੰਧਲਾ ਕਰਨ ਵਾਲੀਆਂ ਰੰਗਾਈ ਮਿੱਲਾਂ ਬੰਦ ਕੀਤੀਆਂ ਜਾਣ ।
ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ 40000 ਰੁਪਏ ਪ੍ਰਤੀ ੲੇਕੜ ਮੁਆਵਜ਼ਾ ਦਿੱਤਾ ਜਾਵੇ ।
ਨਰਮੇ ਅਤੇ ਝੋਨੇ ਦੀ ਫਸਲ ਨੂੰ ਵਪਾਰੀਆਂ ਵੱਲੋਂ ਲੁੱਟਿਆ ਜਾ ਰਿਹਾ ਹੈ ।
ਪੰਜਾਬ ਸਰਕਾਰ ਇਹਨਾਂ ਫ਼ਸਲਾਂ ਨੂੰ ਤੈਅ ਐੱਮ ਐੱਸ ਪੀ ਉੱਪਰ ਖ਼ਰੀਦਣ ਦਾ ਪ੍ਰਬੰਧ ਕਰੇ ।
ਕਿਸਾਨ ਪਰਾਲੀ ਨੂੰ ਅੱਗ ਨਾ ਲਾਉਣ ਲਈ ਸਹਿਮਤ ਹਨ ਪਰ ਸਰਕਾਰ ਖੇਤੀ ਮਸ਼ੀਨਰੀ ਅਤੇ ਲੋੜਵੰਦ ਸੰਦਾਂ ਨੂੰ ਖਰੀਦਣ ਲਈ 90% ਸਬਸਿਡੀ ਦਾ ਪ੍ਰਬੰਧ ਕਰੇ ।
ਕਿਸਾਨ ਆਗੂਆਂ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਬਦਲੇ ਜੇਕਰ ਕਿਸਾਨਾਂ ਖਿਲਾਫ਼ ਮੁਕੱਦਮੇ ਦਰਜ ਕੀਤੇ ਗਏ ਤਾਂ ਇਸ ਦਾ ਖਮਿਆਜ਼ਾ ਪੰਜਾਬ ਸਰਕਾਰ ਨੂੰ ਭੁਗਤਣਾ ਪਵੇਗਾ ।
ਪੰਜਾਬ ਦੇ ਦਰਿਆਈ ਪਾਣੀਆਂ ਦੀ ਹੋ ਰਹੀ ਲੁੱਟ ਨੂੰ ਰੋਕਣ ਲਈ ਮੁੱਖ ਮੰਤਰੀ ਦਰਬਾਰਾ ਸਿੰਘ ਦੇ ਕਾਰਜਕਾਲ ਦੌਰਾਨ ਧਾਰਾ 78 , 79 , 80 ਨੂੰ ਰੱਦ ਕਰਨ ਦਾ ਮਤਾ ਪਾਸ ਕਰਕੇ ਪੰਜਾਬ ਸਰਕਾਰ ਪੰਜਾਬ ਦੇ ਪਾਣੀਆਂ ਨੂੰ ਰਿਪੇਰੀਅਨ ਅੈਕਟ ਦੇ ਅਧੀਨ ਮੁਕੰਮਲ ਤੌਰ ਤੇ ਕਰਨ ਦਾ ਪ੍ਰਬੰਧ ਕਰੇ ।
ਇਸ ਵਫਦ ਵਿੱਚ ਮੌਜੂਦ ਕਿਸਾਨ ਆਗੂ ਸੁਖਪਾਲ ਸਿੰਘ ਬੁੱਟਰ ਮੀਤ ਪ੍ਰਧਾਨ ਪੰਜਾਬ , ਅਵਤਾਰ ਸਿੰਘ ਮੇਹਲੋਂ ਮੀਤ ਪ੍ਰਧਾਨ ਪੰਜਾਬ , ਗੁਰਵਿੰਦਰ ਸਿੰਘ ਕੂਮ ਕਲਾਂ ਪ੍ਰੈਸ ਸਕੱਤਰ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਕੀਤੇ ਵਾਅਦੇ ਅਨੁਸਾਰ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰੇ ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਫ਼ਾਜ਼ਿਲਕਾ ਗੁਰਮੇਜ ਸਿੰਘ ਵਿਰਕ , ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ ਅਮਰੀਕ ਸਿੰਘ ਸੰਧੂ , ਨਰਪਿੰਦਰ ਸਿੰਘ ਫਾਜਿਲਕਾ , ਅਕਸ਼ੈ ਕੁਮਾਰ ਅਬੋਹਰ , ਸੁਭਾਸ਼ ਅਬੋਹਰ , ਬਲਵਿੰਦਰ ਸਿੰਘ ਬਰਾੜ ਜ਼ਿਲ੍ਹਾ ਜਨਰਲ ਸਕੱਤਰ ,
ਸੁਰਿੰਦਰਜੀਤ ਸਿੰਘ ਜਿਲ੍ਹਾ ਪ੍ਰੈੱਸ ਸਕੱਤਰ , ਕੁਲਦੀਪ ਸਿੰਘ ਹੇਅਰ ਬਲਾਕ ਪ੍ਰਧਾਨ , ਪਰਲਾਦ ਧਾਲੀਵਾਲ ਸੀਨੀਅਰ ਮੀਤ ਪ੍ਰਧਾਨ , ਪ੍ਰਵੀਨ ਕੰਬੋਜ ਬਲਾਕ ਮੀਤ ਪ੍ਰਧਾਨ , ਜੀਤ ਸਿੰਘ ਮੀਤ ਪ੍ਰਧਾਨ ,
ਰਵਿੰਦਰ ਸਿੰਘ ਮਾਨ ਪ੍ਰਧਾਨ ਅਰਨੀਵਾਲਾ ਤੋਂ ਇਲਾਵਾ ਹੋਰ ਵੀ ਆਗੂ ਮੌਜੂਦ ਸਨ ।