ਲੋਕੇਸ਼ ਰਿਸ਼ੀ
ਗੁਰਦਾਸਪੁਰ, 19 ਅਕਤੂਬਰ 2019- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਧਿਆਨ ਵਿੱਚ ਰੱਖਦਿਆਂ ਸਮੂਹ ਨਾਨਕ ਨਾਮ ਲੇਵਾ ਸੰਗਤ ਨੂੰ ਦੁਰਲੱਭ ਤੇ ਪੁਰਾਤਨ ਹੱਥ ਲਿਖਤ ਸਰੂਪਾਂ ਦੇ ਦਰਸ਼ਨ ਕਰਵਾਏ ਜਾਣਗੇ ਅਤੇ ਇਸੇ ਮਕਸਦ ਸਦਕਾ ਪੰਜਾਬੀ ਯੂਨੀਵਰਸਿਟੀ ਪਟਿਆਲਾ (ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ) ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਬੱਸ ਰਵਾਨਾ ਕੀਤੀ ਜਾਵੇਗੀ । ਪੰਜਾਬੀਆਂ ਨੂੰ ਵਿਰਾਸਤ ਨਾਲ ਜੋੜਨ ਵਾਲੀ ਇਹ ਬੱਸ 21 ਅਕਤੂਬਰ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਰਵਾਨਾ ਕੀਤੀ ਜਾਵੇਗੀ।
ਸ਼ਨਿੱਚਰ ਵਾਰ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ 'ਤੇ ਦੁਬਈ ਦੇ ਉੱਘੇ ਕਾਰੋਬਾਰੀ ਡਾ. ਐੱਸ.ਪੀ.ਸਿੰਘ ਓਬਰਾਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ (ਪੰਜਾਬੀ ਯੂਨੀਵਰਸਿਟੀ ਪਟਿਆਲਾ) ਦੇ ਮੁਖੀ ਡਾ. ਸਰਬਜਿੰਦਰ ਸਿੰਘ ਵੱਲੋਂ ਸਾਂਝਾ ਬਿਆਨ ਜਾਰੀ ਕਰਦਿਆਂ ਦੱਸਿਆ ਗਿਆ ਕਿ ਟਰੱਸਟ ਵੱਲੋਂ 62 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਈ ਅਤਿਆਧੁਨਿਕ ਸਹੂਲਤਾਂ ਨਾਲ ਲੈਸ ਇਸ ਵਿਸ਼ੇਸ਼ ਬੱਸ ਵਿੱਚ 16 ਪੁਰਾਤਨ ਦੁਰਲੱਭ ਹੱਥ ਲਿਖਤ ਸਰੂਪ ਸੁਸ਼ੋਭਿਤ ਕੀਤੇ ਜਾਣਗੇ।
ਦੱਸਣਯੋਗ ਹੈ ਕਿ ਇਸ ਬੱਸ ਨੂੰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ,ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਸੁਰੇਸ਼ ਕੁਮਾਰ,ਵਾਈਸ ਚਾਂਸਲਰ ਡਾ. ਬੀ.ਐੱਸ.ਘੁੰਮਣ ਆਦਿ ਡਾ.ਐੱਸ.ਪੀ.ਸਿੰਘ ਓਬਰਾਏ ਦੀ ਮੌਜੂਦਗੀ 'ਚ 21 ਅਕਤੂਬਰ ਨੂੰ ਪੰਜਾਬੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਸਾਹਮਣਿਓ ਰਵਾਨਾ ਕਰਨਗੇ। ਜਿਸ ਦਾ ਪਹਿਲਾ ਪੜਾਅ ਪਟਿਆਲਾ ਸ਼ਹਿਰ ਹੋਵੇਗਾ ਅਤੇ ਉਪਰੰਤ ਇਹ ਬੱਸ ਨਿਰਧਾਰਿਤ ਕੀਤੇ ਰੂਟ ਅਨੁਸਾਰ ਪਹਿਲਾਂ ਪਟਿਆਲਾ ਤੋਂ ਵੱਖ-ਵੱਖ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਤੋਂ ਹੁੰਦੀ ਹੋਈ ਸੁਲਤਾਨਪੁਰ ਲੋਧੀ ਵਿਖੇ ਪਹੁੰਚੇਗੀ ਜਦਕਿ ਦੂਜੇ ਪੜਾਅ ਤਹਿਤ ਪੰਜਾਬੀ ਯੂਨੀਵਰਸਿਟੀ ਤੋਂ ਚੱਲ ਕੇ ਡੇਰਾ ਬਾਬਾ ਨਾਨਕ ਵਿਖੇ ਪਹੁੰਚੇਗੀ । ਇਸ ਉਪਰੰਤ ਇਹ ਬੱਸ ਪੰਜਾਬ ਅੰਦਰਲੇ ਤਿੰਨ ਤਖ਼ਤ ਸਾਹਿਬਾਨ ਤੋਂ ਹੁੰਦੀ ਹੋਈ ਪੰਜਾਬ ਤੋਂ ਬਾਹਰ ਵਾਲੇ ਦੋ ਤਖ਼ਤ ਸਾਹਿਬਾਨ ਤੱਕ ਵੀ ਪਹੁੰਚੇਗੀ,ਜਿਸ ਦੌਰਾਨ ਲੱਖਾਂ ਦੀ ਗਿਣਤੀ 'ਚ ਸੰਗਤਾਂ ਹੱਥ ਲਿਖਤ ਸਰੂਪਾਂ ਦੇ ਦਰਸ਼ਨ ਕਰ ਸਕਣਗੀਆਂ।
ਇਨ੍ਹਾਂ ਦੁਰਲੱਭ ਤੇ ਪੁਰਾਤਨ ਹੱਥ ਲਿਖਤ ਸਰੂਪਾਂ ਬਾਰੇ ਜਾਣਕਾਰੀ ਦਿੰਦਿਆਂ ਡਾ. ਸਰਬਜਿੰਦਰ ਸਿੰਘ ਨੇ ਦੱਸਿਆ ਕਿ ਇਹ ਸਰੂਪ ਸੋਨੇ,ਹੀਰੇ ਅਤੇ ਲਾਲਾਂ ਤੋਂ ਬਣੀ ਸਿਆਹੀ ਨਾਲ ਤਿਆਰ ਕੀਤੇ ਹੋਏ ਹਨ ਜੋ ਕਿ ਪੰਜਾਬੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਭਾਗ ਵੱਲੋਂ ਡੂੰਘੀ ਖੋਜ ਕਰਨ ਉਪਰੰਤ ਕੁਝ ਨਾਨਕ ਨਾਮ ਲੇਵਾ ਸਿੱਖ ਪਰਾਣਿਆਂ ਵੱਲੋਂ ਪੀੜ੍ਹੀ ਦਰ ਪੀੜ੍ਹੀ ਸਾਂਭੇ ਗਏ ਇਨ੍ਹਾਂ ਦੁਰਲੱਭ ਹੱਥ ਲਿਖਤ ਸਰੂਪਾਂ ਨੂੰ ਇਕੱਤਰ ਕੀਤਾ ਗਿਆ ਹੈ ਤਾਂ ਹੀ ਇਹ ਸਰੂਪ ਨਿੱਜੀ ਮਲਕੀਅਤ ਤੋਂ ਕੌਮੀ ਸੰਮਤੀ ਬਣਾਏ ਜਾ ਸਕੇ ਹਨ।
ਇਨ੍ਹਾਂ ਹੱਥ ਲਿਖਤ ਦੁਰਲੱਭ ਸਰੂਪਾਂ ਦੇ ਘਰਾਨਿਆਂ ਆਮ ਲੋਕਾਂ ਤੇ ਸ਼ਰਧਾਲੂਆਂ ਨੂੰ ਕਰਵਾਉਣ ਲਈ ਬੱਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਖੋਜਾਰਥੀ ਪੂਰਨ ਮਰਿਆਦਾ ਨਾਲ ਇਸ ਬੱਸ ਦੀ ਸਾਂਭ ਸੰਭਾਲ ਕਰਨਗੇ ਅਤੇ ਦੁਰਲੱਭ ਸਰੂਪਾਂ ਦੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਇਸ ਬੱਸ ਤੇ ਲੱਗਾ ਡਿਜੀਟਲ ਡਿਸਪਲੇ ਬੋਰਡ ਇਨ੍ਹਾਂ ਸਰੂਪਾਂ ਬਾਰੇ ਪੰਜਾਬ 'ਚ ਪੰਜਾਬੀ ਤੇ ਅੰਗਰੇਜ਼ੀ ਵਿੱਚ ਜਦ ਕਿ ਹੋਰਨਾਂ ਸੂਬਿਆਂ ਦੇ ਸਫ਼ਰ ਦੌਰਾਨ ਉੱਥੋਂ ਦੀਆਂ ਸਥਾਨਕ ਭਾਸ਼ਾਵਾਂ ਤੇ ਅੰਗਰੇਜ਼ੀ ਵਿੱਚ ਜਾਣਕਾਰੀ ਦੇਵੇਗਾ ਅਤੇ ਦਰਸ਼ਨਾਂ ਦੌਰਾਨ ਉਚੇਚੇ ਤੌਰ ਤੇ ਤਿਆਰ ਕਰਵਾਈ ਇਹ ਬੱਸ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗੀ।
ਡਾ.ਐਸ.ਪੀ.ਸਿੰਘ ਓਬਰਾਏ