ਅਸ਼ੋਕ ਵਰਮਾ
- ਵੱਖ ਵੱਖ ਵਰਗਾਂ ਵੱਲੋਂ ਲਾਏ ਜਾਣਗੇ 550 ਪੌਦੇ : ਕਮਿਸ਼ਨਰ
ਬਠਿੰਡਾ, 8 ਨਵੰਬਰ 2019 - ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨਾਏ ਜਾ ਰਹੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਅੱਧਾ ਏਕੜ ਜਮੀਨ ’ਚ ਜੌਗਰਜ਼ ਪਾਰਕ ਵਿਖੇ ਵੱਖ-ਵੱਖ ਧਾਰਮਿਕ, ਸਮਾਜਿਕ ਜਥੇਬੰਦੀਆਂ ਤੋਂ ਇਲਾਵਾ ਸਭ ਧਰਮਾਂ ਤੇ ਵਰਗਾਂ ਦੇ ਲੋਕਾਂ ਵੱਲੋਂ ਸਾਂਝੇ ਤੌਰ ’ਤੇ ਸਵੇਰੇ 10:00 ਵਜੇ 550 ਪੌਦੇ ਲਾਉਣ ਦੀ ਯੋਜਨਾ ਹੈ। ਇੰਨਾਂ ਪੌਦਿਆਂ ਨੂੰ ਪੁਰਾਤਨ ‘ਨਾਨਕ ਬੇਲਾ’ ਤਰਜ ਤੇ ਲਾਇਆ ਜਾਏਗਾ ਤਾਂ ਜੋ ਇੱਕ ਤਰਾਂ ਨਾਲ ਝਿੜੀ ਵਿਕਸਤ ਹੋ ਸਕੇ। ਇਹ ਖੁਲਾਸਾ ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਹੈ। ਉਨਾਂ ਦੱਸਿਆ ਕਿ ਪੰਜਾਬ ’ਚ ਇਹ ਦੂਸਰੀ ਝਿੜੀ ਹੈ ਜੋ ਜਿਲਾ ਪ੍ਰਸ਼ਾਸ਼ਨ ਵੱਲੋਂ ਬਣਾਈ ਜਾ ਰਹੀ ਹੈ। ਉਨਾਂ ਦੱਸਿਆ ਕਿ 10 ਵਣ ਦੀ ਉਤਪਤੀ ਲਈ 10 ਤਰਾਂ ਦੇ ਪੌਦੇ ਲਾਏ ਜਾਣੇ ਹਨ। ਰੈਡਕਰਾਸ ਦੇ ਪੰਘੂੜੇ ’ਚ ਇਸ ਵੇਲੇ 4 ਬੱਚੇ ਹਨ ਜਿੰਨਾਂ ਨੂੰ ਸਮਰਪਿਤ 10-10 ਪੌਦੇ ਲਾਏ ਜਾਣਗੇ। ਇਸੇ ਤਰਾਂ ਹੀ ਅਨਾਥ ਆਸ਼ਰਮ ਆਦਿ ’ਚ 10 ਬੱਚੇ ਹਨ ਜਿੰਨਾਂ ਵੱਲੋਂ ਵੀ ਪੌਦੇ ਲਾਏ ਜਾਣੇ ਹਨ। ਉਨਾਂ ਦੱਸਿਆ ਕਿ ਕੁਸ਼ਟ ਆਸ਼ਰਮ। ਤੋਂ ਇਲਾਵਾ ਬਿਰਧ ਆਸ਼ਰਮ ਦੇ 4 ਪੁਰਸ਼ ਤੇ 4 ਹੀ ਮਹਿਲਾਵਾਂ ਪੌਦੇ ਲਾਉਣਗੀਆਂ। ਇਵੇਂ ਹੀ 8-8 ਦਿਵਿਆਂਗ ਮਹਿਲਾ ਤੇ ਪੁਰਸ਼ ਅਤੇ ਸੀਨੀਅਰ ਸਿਟੀਜਨ ਵੀ ਪੌਦੇ ਲਾਉਣਗੇ। ਕਮਿਸ਼ਨਰ ਨੇ ਦੱਸਿਆ ਕਿ ਪੌਦੇ ਲਾੳਣੁ ਲਈ ਸਿੱਖਿਆ ਦੇ ਖੇਤਰ ’ਚ ਮੱਲਾਂ ਮਾਰਨ ਵਾਲੇ ਸ਼ਹਿਰ ਦੇ ਦਲਿਤ ਵਰਗ ਨਾਲ ਸਬੰਧਤ 11 ਬੱਚੇ ਜਿੰਨਾਂ ’ਚ 8 ਲੜਕੀਆਂ ਤੇ 3 ਲੜਕੇ ਹਨ,ਨੂੰ ਵੀ ਸੱਦਿਆ ਗਿਆ ਹੈ। ਸਮੁੱਚੇ ਤੌਰ ਤੇ ਹੋਣਹਾਰ 10 ਬੱਚਿਆਂ ਨੂੰ ਵੀ ਇਸ ਕੰਮ ਲਈ ਬੁਲਾਇਆ ਹੈ। ਉਨਾਂ ਦੱਸਿਆ ਕਿ ਇਸ ਪੌਦਾ ਰੋਪਣ ਨੂੰ ਨਾਨਕ ਬੇਲਾ ਦਾ ਰੂਪ ਦਿੱਤਾ ਜਾਏਗਾ। ਉਨਾਂ ਦੱਸਿਆ ਕਿ ਇਹ ਰਵਾਇਤੀ ਪੌਦੇ ਤੇਜੀ ਨਾਲ ਵਧਦੇ ਹਨ।
ਇਸੇ ਤਰਾਂ 11 ਨਵੰਬਰ ਨੂੰ ਰੋਜ਼ ਗਾਰਡਨ ਵਿਖੇ ਪੇਂਟਿੰਗ, ਗੀਤ ਮੁਕਾਬਲਿਆਂ ਤੋਂ ਇਲਾਵਾ ਹੈਂਡੀਕ੍ਰਾਫ਼ਟ ਸਟਾਲ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਜੀਵਨੀ ਨਾਲ ਸਬੰਧਤ ਕਿਤਾਬਾਂ ਦੇ ਸਟਾਲ ਲਗਾਏ ਜਾਣਗੇ। ਸ਼ਾਮ 6:30 ਵਜੇ ਵਿੱਤ ਮੰਤਰੀ ਪੰਜਾਬ ਸ. ਬਾਦਲ ਦੀ ਅਗਵਾਈ ਹੇਠ ਹਨੂੰਮਾਨ ਚੌਂਕ ਤੋਂ ਲੈ ਕੇ ਕਿਲਾ ਸਾਹਿਬ ਤੱਕ ਕੈਂਡਲ ਮਾਰਚ ਕੱਢਿਆ ਜਾਵੇਗਾ ਅਤੇ ਸ਼ਾਮ 7:00 ਵਜੇ ਰੋਜ਼ ਗਾਰਡਨ ਵਿਖੇ ਸਥਿਤ ਬਲਵੰਤ ਗਾਰਗੀ ਓਪਨ ਥੀਏਟਰ ’ਚ ਨਾਟਯਮ ਥੀਏਟਰ ਗਰੁੱਪ ਵਲੋਂ ਨਾਟਕ ‘‘ਕਲਿ ਤਾਰਨ ਗੁਰੂ ਨਾਨਕ ਆਇਆ’’ ਪੇਸ਼ ਕੀਤਾ ਜਾਵੇਗਾ। ਸਾਰੇ ਸਮਾਗਮਾਂ ਵਿਚ ਸ਼ਮੂਲੀਅਤ ਲਈ ਕਿਸੇ ਵੀ ਤਰਾਂ ਦੇ ਕੋਈ ਸ਼ਪੈਸਲ ਪਾਸ ਨਹੀਂ ਜਾਰੀ ਕੀਤਾ ਜਾਵੇਗਾ ਤੇ ਨਾ ਹੀ ਕੋਈ ਫ਼ੀਸ ਲਈ ਜਾਵੇਗੀ। ਉਨਾਂ ਆਮ ਲੋਕਾਂ ਨੂੰ ਇਨਾਂ ਸਮਾਗਮਾਂ ’ਚ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ।
ਡਿਪਟੀ ਕਮਿਸ਼ਨਰ ਬਠਿੰਡਾ ਬੀ ਸ੍ਰੀ ਨਿਵਾਸਨ ਦਾ ਕਹਿਣਾ ਸੀ ਕਿ 10 ਨਵੰਬਰ ਨੂੰ ਸਵੇਰੇ 7:30 ਵਜੇ ਪੁਲਿਸ ਪਬਲਿਕ ਸਕੂਲ ਤੋਂ ਇੱਕ ਸਾਈਕਲ ਰੈਲੀ ਕਿਲਾ ਮੁਬਾਰਕ ਤੱਕ ਕੱਢੀ ਜਾਵੇਗੀ। ਇਸ ਸਾਈਕਲ ਰੈਲੀ ਨੂੰ ਵਿੱਤ ਮੰਤਰੀ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵੱਖ-ਵੱਖ ਤਰਾਂ ਦੇ 550 ਬੂਟੇ ਵੀ ਲਗਾਏ ਜਾਣਗੇ। ਇਸੇ ਦਿਨ ਸ਼ਾਮ ਨੂੰ ਪੁਲਿਸ ਲਾਈਨ ਦੇ ਖੇਡ ਮੈਦਾਨ ਿਕਟ ਦੇ ਫ਼ਾਈਨਲ ਮੁਕਾਬਲੇ ਕਰਵਾਏ ਜਾਣਗੇ। ਇਨਾਂ ਮਕਾਬਲਿਆਂ ਦੌਰਾਨ ਜੇਤੂ ਰਹੀਆਂ ਟੀਮਾਂ ਨੂੰ ਵਿੱਤ ਮੰਤਰੀ ਸ੍ਰ. ਬਾਦਲ ਵਲੋਂ ਸਨਮਾਨਿਤ ਵੀ ਕੀਤਾ ਜਾਵੇਗਾ।
ਇਸੇ ਤਰਾਂ ਹੀ 12 ਨਵੰਬਰ ਨੂੰ ਹੋਣ ਵਾਲੇ ਪ੍ਰੋਗਰਾਮ ਬਾਰੇ ਦੱਸਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਦਿਨ ਸ਼ਾਮ 6:30 ਵਜੇ ਕਿਲਾ ਮੁਬਾਰਕ ਵਿਖੇ ਸੂਫ਼ੀ ਨਾਈਟ ਦਾ ਆਯੋਜਨ ਹੋਵੇਗਾ। ਇਸ ਦੌਰਾਨ ਪ੍ਰਸਿੱਧ ਸੂਫੀ ਗਾਇਕ ਸਤਿੰਦਰ ਸਰਤਾਜ ਅਤੇ ਕੰਵਰ ਗਰੇਵਾਲ ਵੱਲੋਂ ਆਪੋ-ਆਪਣੀ ਸੂਫ਼ੀ ਗਾਇਕੀ ਰਾਹੀਂ ਸਰੋਤਿਆਂ ਦਾ ਮਨੋਰੰਜਨ ਕੀਤਾ ਜਾਵੇਗਾ। ਇਸ ਮੌਕੇ ਵਿੱਤ ਮੰਤਰੀ ਪੰਜਾਬ ਸ. ਮਨਪ੍ਰੀਤ ਸਿੰਘ ਬਾਦਲ ਅਤੇ ਪਦਮ ਸ਼੍ਰੀ ਸੁਰਜੀਤ ਪਾਤਰ ਵੱਲੋਂ ਮੁੱਖ ਮਹਿਮਾਨ ਵਜੋਂ ਸਮੂਲੀਅਤ ਕਰਨਗੇ।