ਗੁਰਨਾਮ ਸਿੱਧੂ
ਫਿਰੋਜ਼ਪੁਰ, 8 ਨਵੰਬਰ 2019 - ਸਾਹਿਤ ਸਾਧਨਾ ਨੂੰ ਸਮਰਪਿਤ ਸਿਰੜੀ ਲੇਖਕ ਅਮਰੀਕ ਸਿੰਘ ਸ਼ੇਰ ਖਾਂ ਦੀ ''ਗੁਰੂ ਨਾਨਕ: ਸਿਧਾਂਤ ਤੇ ਅਮਲ'' ਇਕ ਵੱਡੇ ਇਕੱਠ ਦੌਰਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਰਿਲੀਜ਼ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਸਤਕ ਦੇ ਰਚਾਇਤਾ ਅਮਰੀਕ ਸਿੰਘ ਸ਼ੇਰ ਖਾਂ ਨੇ ਦੱਸਿਆ ਕਿ ਇਹ ਉਨ੍ਹਾਂ ਦੀ ਸੱਤਵੀਂ ਪੁਸਤਕ ਹੈ। ਇਸ ਤੋਂ ਪਹਿਲਾਂ ਉਹ ਦੋ ਕਹਾਣੀ ਸੰਗ੍ਰਹਿ ਤੇ ਪੰਜ ਵਾਰਤਕ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੇ ਹਨ। ਨਵੀਂ ਪੁਸਤਕ ਸਬੰਧੀ ਦੱਸਦਿਆਂ ਉਨ੍ਹਾਂ ਕਿਹਾ ਕਿ ਇਹ ਪੁਸਤਕ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੈ ਤੇ ਸਾਰੇ ਹੀ ਲੇਖ ਗੁਰੂ ਨਾਨਕ ਸਾਹਿਬ ਦੇ ਸੁਨਹਿਰੀ ਸਿਧਾਂਤਾਂ ਨੂੰ ਪਾਠਕਾਂ ਦੇ ਸਨਮੁਖ ਪੇਸ਼ ਕਰਦੇ ਹਨ। ਸਮੁੱਚੀ ਪੁਸਤਕ ਅਜੋਕੇ ਸਮਿਆਂ ਵਿਚ ਨੌਜਵਾਨਾਂ ਨੂੰ ਇਨ੍ਹਾਂ ਸਿਧਾਂਤਾਂ ਤੇ ਪਹਿਰਾ ਦੇਣ ਦੀ ਪ੍ਰੇਰਨਾ ਦਿੰਦੀ ਹੈ। ਪ੍ਰਮੁੱਖ ਰੂਪ ਵਿਚ ਅਜੋਕੇ ਸਮੇਂ ਵਾਤਾਵਰਨ ਚ ਆ ਰਹੇ ਵਿਗਾੜ ਤੇ ਨੌਜਵਾਨਾਂ ਦੇ ਚਰਿੱਤਰ ਚ ਆ ਰਹੀਆਂ ਗਿਰਾਵਟਾਂ ਪ੍ਰਤੀ ਗੁਰੂ ਨਾਨਕ ਸਾਹਿਬ ਦੁਆਰਾ ਫੁਰਮਾਏ ਬਚਨਾਂ ਨੂੰ ਵੀ ਵਿਸ਼ੇਸ਼ ਰੂਪ ਵਿਚ ਸਾਹਮਣੇ ਲਿਆਉਣ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉਹ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੁਆਰਾ ਨਿਰੰਤਰ ਉਲੀਕੇ ਜਾ ਰਹੇ ਸਮਾਗਮਾਂ ਵਿਚ ਇਹ ਪੁਸਤਕ ਵਿਦਿਆਰਥੀਆਂ ਨੂੰ ਭੇਟਾ ਰਹਿਤ ਮੁਹੱਈਆ ਕਰਾਉਣ ਦਾ ਹਰ ਸੰਭਵ ਯਤਨ ਕਰਨਗੇ ਤਾਂ ਜੋ ਨਵੀਂ ਪੀੜ੍ਹੀ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਤੋਂ ਜਾਣੂ ਹੋ ਸਕੇ। ਰਿਲੀਜ਼ ਸਮਾਰੋਹ ਮੌਕੇ ਬੀਬੀ ਜਾਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ, ਸਟੱਡੀ ਸਰਕਲ ਦੇ ਚੇਅਰਮੈਨ ਜਤਿੰਦਰਪਾਲ ਸਿੰਘ, ਪ੍ਰਿੰਸੀਪਲ ਰਾਮ ਸਿੰਘ, ਇੰਦਰਪਾਲ ਸਿੰਘ ਰੋਪੜ, ਤੇਜਿੰਦਰ ਸਿੰਘ ਖਿਜਰਾਬਾਦੀ, ਹਰਿਮੋਹਿੰਦਰ ਸਿੰਘ ਨੰਗਲ, ਪ੍ਰਤਾਪ ਸਿੰਘ ਲੁਧਿਆਣਾ, ਪ੍ਰੀਤਮ ਸਿੰਘ ਫਤਹਿਗੜ੍ਹ, ਸਵਰਾਜ ਸਿੰਘ ਘੁਲਾਲ, ਗੁਰਭੇਜ ਸਿੰਘ ਕੋਹਾਲਾ, ਕੁਲਵਿੰਦਰ ਸਿੰਘ, ਇੰਦਰਪਾਲ ਸਿੰਘ ਜ਼ੋਨਲ ਸਕੱਤਰ ਆਦਿਕ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।