ਗੁਰਨਾਮ ਸਿੱਧੂ
-13 ਨਵੰਬਰ ਨੂੰ ਵਿਸ਼ਾਲ ਨਗਰ ਕੀਰਤਨ ਅਤੇ 15 ਨਵੰਬਰ ਨੂੰ ਹੋਵੇਗਾ ਮੁੱਖ ਸਮਾਗਮ
ਫਿਰੋਜ਼ਪੁਰ, 8 ਨਵੰਬਰ 2019 : ਦਮਦਮੀ ਟਕਸਾਲ ਦੇ ਬਾਨੀ ਅਤੇ ਅਨੋਖੇ ਅਮਰ ਸ਼ਹੀਦ ਵਜੋਂ ਜਾਣੇ ਜਾਂਦੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਮਹਾਨ ਸ਼ਹੀਦੀ ਦਿਹਾੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਹਾਕਮ ਸਿੰਘ ਮੱਖੂ ਗੇਟ ਫਿਰੋਜ਼ਪੁਰ ਸ਼ਹਿਰ ਅਤੇ ਇਲਾਕੇ ਭਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਸੰਧੂ, ਸਕੱਤਰ ਕਿੱਤਰ ਸਿੰਘ ਸੰਧੂ, ਸਰਪ੍ਰਸਤ ਭਾਈ ਜਸਪਾਲ ਸਿੰਘ ਅਤੇ ਬਾਬਾ ਮੁਖਤਿਆਰ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਖੰਡ ਪਾਠਾਂ ਦੀ ਲੜੀ ਅਤੇ ਪ੍ਰਭਾਤ ਫੇਰੀਆਂ ਦਾ ਦੌਰ ਨਿਰੰਤਰ ਜਾਰੀ ਹੈ, ਜਿਸ ਵਿਚ ਸੰਗਤਾਂ ਭਾਰੀ ਸਹਿਯੋਗ ਦੇ ਰਹੀਆਂ ਹਨ। ਆਗੂਆਂ ਨੇ ਦੱਸਿਆ ਕਿ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸਵੇਰੇ ਸਾਢੇ 10 ਵਜੇ ਰਵਾਨਾ ਹੋ ਕੇ ਸ਼ਹਿਰ ਦੇ ਵੱਖ ਵੱਖ ਗੁਰਦਆਰਿਆਂ ਅਤੇ ਹੋਰ ਸਥਾਨਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਵਾਪਸ ਗੁਰਦੁਆਰਾ ਭਾਈ ਹਾਕਮ ਸਿੰਘ ਵਿਖੇ ਪਰਤੇਗਾ। ਆਗੂਆਂ ਨੇ ਦੱਸਿਆ ਕਿ ਇਸ ਸ਼ਹੀਦੀ ਦਿਹਾੜੇ ਦਾ ਮੁੱਖ ਸਮਾਗਮ ਅਤੇ ਕੀਰਤਨ ਦਰਬਾਰ 15 ਨਵੰਬਰ ਦਿਨ ਸ਼ੁੱਕਰਵਾਰ ਨੂੰ ਹੋਵੇਗਾ, ਜਿਸ ਵਿਚ ਪੰਥ ਪ੍ਰਸਿੱਧ ਰਾਗੀ ਅਤੇ ਢਾਡੀ ਜਥੇ ਜਿਨ੍ਹਾਂ ਵਿਚ ਭਾਈ ਬਲਵਿੰਦਰ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ, ਭਾਈ ਅਰਜਨ ਸਿੰਘ ਜੀ ਨਾਨਕਸਰ ਵਾਲੇ, ਭਾਈ ਬਲਵਿੰਦਰ ਸਿੰਘ ਜੀ, ਭਾਈ ਕੁਲਦੀਪ ਸਿੰਘ ਜੀ ਅਤੇ ਗਿਆਨੀ ਖੜਕ ਸਿੰਘ ਜੀ ਪਠਾਨਕੋਟ ਵਾਲੇ ਆਪਣੇ ਮਨੋਹਰ ਕੀਰਤਨ ਅਤੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਦੌਰਾਨ ਗੁਰੂ ਕਾ ਲੰਗਰ ਵੀ ਅਤੁੱਟ ਵਰਤੇਗਾ। ਇਸ ਮੌਕੇ ਆਗੂਆਂ ਨੇ ਨਾਲ ਸੁਰਜੀਤ ਸਿੰਘ, ਨਿਰਮਲ ਸਿੰਘ ਦੁਲਚੀਕੇ, ਅਨੂਪ ਸਿੰਘ, ਗੁਰਚਰਨ ਸਿੰਘ ਬਾਬਾ, ਬਲਦੇਵ ਸਿੰਘ ਕੋਟੀਆ, ਪ੍ਰਗਟ ਸਿੰਘ, ਸੁਖਬੀਰ ਸਿੰਘ ਸੰਧੂ, ਪਰਵਿੰਦਰ ਸਿੰਘ ਪ੍ਰਿੰਸ, ਰਾਹੁਲ ਨਰੂਲਾ, ਪਰਵਿੰਦਰ ਸਿੰਘ, ਦਰਸ਼ਨ ਸਿੰਘ ਬੱਬੂ ਸਮੇਤ ਹੋਰ ਆਗੂ ਵੀ ਹਾਜ਼ਰ ਸਨ।