ਗੁਰਨਾਮ ਸਿੱਧੂ
ਫਿਰੋਜ਼ਪੁਰ, 8 ਨਵੰਬਰ 2019 : ਵਿਸ਼ਵ ਕੈਸਰ ਚੇਤਨਾ ਦਿਹਾੜੇ ਮੌਕੇ ਕੈਂਸਰ ਦੀ ਰੋਕਥਾਮ ਤੇ ਆਮ ਜਨਤਾ ਨੂੰ ਇਸ ਨਾਮੁਰਾਦ ਬਿਮਾਰੀ ਤੋਂ ਬਚਾਉਣ ਦੇ ਮੰਤਵ ਨਾਲ ਫਿਰੋਜ਼ਸ਼ਾਹ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਡਾ. ਵਨੀਤਾ ਭੁੱਲਰ, ਐੱਸਐੱਮਓ ਫਿਰੋਜ਼ਸ਼ਾਹ ਦੇ ਦਿਸ਼ਾ ਨਿਰਦੇਸ਼ਾ ਤੇ ਲਗਾਏ ਗਏ ਜਾਗਰੂਕਤਾ ਸੈਮੀਨਾਰ ਵਿਚ ਆਮ ਲੋਕਾਂ ਨੂੰ ਕੈਂਸਰ ਸਣੇ ਸਾਰੀਆਂ ਬਿਮਾਰੀਆਂ ਦੇ ਭਿਆਨਕ ਸਿੱਟਿਆਂ ਤੋਂ ਵਿਸਥਾਰਤ ਜਾਣਕਾਰੀ ਦਿੱਤੀ ਗਈ।
ਇਸ ਸੈਮੀਨਾਰ ਵਿਚ ਨੇਹਾ ਭੰਡਾਰੀ ਬੀਈਈ, ਸਮੇਤ ਏਐੱਨਐੱਮ, ਆਸ਼ਾ ਵਰਕਰ, ਆਂਗਣਵਾੜੀ ਵਰਕਰ ਤੇ ਹਸਪਤਾਲ ਸਟਾਫ ਸਮੇਤ ਵੱਡੀ ਗਿਣਤੀ ਲੋਕਾਂ ਨੇ ਸ਼ਮੂਲੀਅਤ ਕੀਤੀ। ਹਸਪਤਾਲ ਕੈਂਪਸ ਵਿਚ ਆਏ ਆਮ ਲੋਕਾਂ ਨੂੰ ਸੰਬੋਧਨ ਕਰਦਿਆਂ ਡਾ.ਵਨੀਤਾ ਭੁੱਲਰ ਅਤੇ ਨੇਹਾ ਭੰਡਾਰੀ ਬੀਈਈ, ਜਗਪ੍ਰੀਤ ਸਿੰਘ ਐੱਮਪੀਐੱਚ ਡਬਲਯੂ ਮੇਲ, ਨੇ ਕੈਂਸਰ ਦੇ ਕਾਰਨਾਂ, ਲੱਛਣਾਂ ਤੇ ਇਲਾਜ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਦੇਸ਼ ਵਿਚ ਔਰਤਾਂ ਅਤੇ ਮਰਦਾਂ ਵਿਚ ਮੁੱਖ ਤੌਰ 'ਤੇ ਸਰਵਾਈਕਲ, ਬਰੈਸਟ, ਔਰਲ, ਪੇਟ ਅਤੇ ਫੇਫੜਿਆਂ ਦਾ ਕੈਂਸਰ ਮੁੱਖ ਹਨ। ਉਨ੍ਹਾਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ ਜੋ ਆਂਕੜੇ ਜਾਰੀ ਕੀਤੇ ਗਏ ਹਨ ਉਸ ਤਹਿਤ ਵਿਸ਼ਵ ਵਿਚ ਹਰ ਸਾਲ 14.1 ਮਿਲੀਅਨ ਕੈਂਸਰ ਦੇ ਨਵੇਂ ਕੇਸ ਸਾਹਮਣੇ ਆ ਰਹੇ ਹਨ ਅਤੇ ਹਰ ਸਾਲ 8.2 ਮਿਲੀਅਨ ਲੋਕਾਂ ਦੀ ਕੈਂਸਰ ਕਾਰਨ ਮੌਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਕੌਮੀ ਪੱਧਰ 'ਤੇ ਜਾਰੀ ਕੀਤੇ ਆਂਕੜਿਆਂ ਦੇ ਮੁਕਾਬਲੇ ਵੱਧ ਹੈ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਇਸ ਮੌਕੇ ਨੇਹਾ ਭੰਡਾਰੀ ਬੀਈਈ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੈਂਸਰ ਦੀ ਰੋਕਥਾਮ ਲਈ ਠੋਸ ਕਦਮ ਚੱਕੇ ਗਏ ਹਨ, ਜਿਸ ਤਹਿਤ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਚਲਾਈ ਗਈ ਹੈ ਅਤੇ ਕੈਂਸਰ ਦੇ ਮਰੀਜ਼ਾਂ ਦਾ ਡੇਢ ਲੱਖ ਰੁਪਏ ਤੱਕ ਮੁਫਤ ਇਲਾਜ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਕੈਂਸਰ ਜੜ੍ਹੋਂ ਪੁਟਣ ਦੀ ਅਪੀਲ ਕਰਦਿਆਂ ਕਿਹਾ ਕਿ ਕੁਝ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਇਹ ਕਾਰਜ ਸਿਰੇ ਚੜ੍ਹਾਇਆ ਜਾ ਸਕਦਾ ਹੈ, ਜਿਸ ਨਾਲ ਪਹਿਲਾਂ ਵਾਲਾ ਤੰਦਰੁਸਤ ਤੇ ਖੁਸ਼ਹਾਲ ਸੂਬਾ ਪੰਜਾਬ ਦੁਬਾਰਾ ਵਿਕਸਿਤ ਹੋ ਸਕਦਾ ਹੈ। ਸੈਮੀਨਾਰ ਵਿਚ ਬੁਲਾਰਿਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਮਨੁੱਖਤਾ ਦੇ ਭਲੇ ਨੂੰ ਦੇਖਦਿਆਂ ਫਸਲਾਂ ਉਪਰ ਕੀਟ ਨਾਸ਼ਕ ਦਵਾਈਆਂ ਦੀ ਵਰਤੋਂ ਪੂਰਨ ਰੂਪ ਵਿਚ ਬੰਦ ਕਰਕੇ ਯੋਗ ਹੱਲ ਕੱਢੇ ਜਾਣ ਤਾਂ ਜੋ ਮਨੁੱਖ ਖਾਣਾ-ਪਾਣ ਨਾਲ ਆਪਣੇ ਸਰੀਰ ਨੂੰ ਜ਼ਹਿਰੀ ਨਾ ਦੇ ਸਕੇ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਦੌਰਾਨ ਮਨੁੱਖ ਨੂੰ ਜਿਆਦਾ ਫੈਟ ਵਾਲੀਆਂ ਵਸਤਾਂ, ਇਥੋਂ ਤੱਕ ਮੀਟ ਦਾ ਸੇਵਨ ਵੀ ਨਾ ਦਾ ਬਰਾਬਰ ਕਰਨਾ ਚਾਹੀਦਾ ਹੈ।
ਉਨ੍ਹਾਂ ਹਾਜ਼ਰੀਨ ਸਮੇਤ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਤੰਦਰੁਸਤ ਸਰੀਰ ਦੀ ਪ੍ਰਾਪਤੀ ਲਈ ਫਲ, ਸਬਜ਼ੀਆਂ ਦੀ ਜਿਆਦਾ ਮਾਤਰਾ ਵਿਚ ਵਰਤੋਂ ਕੀਤੀ ਜਾਵੇ ਤਾਂ ਜੋ ਲਗਾਤਾਰ ਵੱਧ ਰਹੀ ਕੈਂਸਰ ਜਿਹੀ ਭਿਆਨਕ ਬਿਮਾਰੀ ਨੂੰ ਜੜ੍ਹੋਂ ਪੁੱਟਿਆ ਜਾ ਸਕੇ। ਦੱਸਣਯੋਗ ਹੈ ਕਿ ਸਿਹਤ ਵਿਭਾਗ ਵੱਲੋਂ ਏਐੱਨਐੱਮ ਅਤੇ ਆਸ਼ਾ ਵਰਕਰਾਂ ਨੂੰ ਸਰਵਾਈਕਲ, ਬਰੈਸਟ, ਔਰਲ ਕੈਸਰ ਦੇ ਕਾਰਨਾਂ, ਲੱਛਣਾਂ ਬਾਰੇ ਟਰੇਨਿੰਗ ਦਿੱਤੀ ਗਈ ਹੈ ਅਤੇ ਪਿੰਡਾਂ ਵਿਚ ਜਿੰਨ੍ਹਾਂ ਲੋਕਾਂ ਵਿਚ ਅਜਿਹੇ ਲੱਛਣ ਪਾਏ ਜਾਂਦੇ ਹਨ ਆਸ਼ਾ ਵਰਕਰਾਂ ਉਨ੍ਹਾਂ ਨੂੰ ਤੁਰੰਤ ਡਾਕਟਰਾਂ ਕੋਲ ਲੈ ਕੇ ਜਾਣਗੀਆਂ ਤਾਂ ਜੋ ਪਹਿਲੀ ਸਟੇਜ ਤੇ ਹੀ ਇਸ ਬੀਮਾਰੀ ਦਾ ਇਲਾਜ ਕਰ ਇਸ ਤੇ ਕਾਬੂ ਪਾਇਆ ਜਾ ਸਕੇ।