ਹਰਦਮ ਮਾਨ
ਸਰੀ, 9 ਨਵੰਬਰ 2019 - ਵੈਨਕੂਵਰ ਵਿਚ ਟਰਾਂਸਲਿੰਕ ਦੇ ਮੇਨਟੇਨੈਂਸ ਕਰਮਚਾਰੀਆਂ ਅਤੇ ਡਰਾਈਵਰਾਂ ਦਾ ਜੌਬ ਐਕਸ਼ਨ ਅੱਜ ਦੂਜੇ ਹਫਤੇ ਵਿਚ ਦਾਖਲ ਹੋ ਗਿਆ ਹੈ ਅਤੇ ਦਿਨ ਬ ਦਿਨ ਇਸ ਐਕਸ਼ਨ ਦਾ ਅਸਰ ਗੂੜ੍ਹਾ ਹੁੰਦਾ ਜਾ ਰਿਹਾ ਹੈ। ਕਾਮਿਆਂ ਦੇ ਇਸ ਐਕਸ਼ਨ ਕਾਰਨ ਅੱਜ ਮੈਟਰੋ ਵੈਨਕੂਵਰ ਦੇ ਸਭ ਤੋਂ ਵੱਧ ਰੁਝੇਵੇਂ ਵਾਲੇ 25 ਬੱਸ ਰੂਟ ਪ੍ਰਭਾਵਿਤ ਹੋਏ ਹਨ। ਟਰਾਂਸਲਿੰਕ ਨੂੰ ਇਨ੍ਹਾਂ ਵਿੱਚੋਂ ਕਈ ਰੂਟਾਂ ਤੇ ਬੱਸ ਸੇਵਾ ਘਟਾਉਣੀ ਪਈ ਜਾਂ ਰੱਦ ਕਰਨੀ ਪਈ।
ਟ੍ਰਾਂਸਲਿੰਕ ਨੇ ਇਕ ਬਿਆਨ ਰਾਹੀਂ ਕਿਹਾ ਹੈ ਕਿ ਬਹੁਤੀਆਂ ਕਟੌਤੀਆਂ ਨਾਲ ਲੰਮੀਂ ਦੂਰੀ ਵਾਲੇ ਮਾਰਗ ਪ੍ਰਭਾਵਤ ਹੋਏ ਹਨ ਜਿਨ੍ਹਾਂ ਵਿੱਚ ਕੁਝ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਨਾਲ ਸਬੰਧਤ ਹਨ। ਕੋਸਟ ਮਾਉਂਟੇਨ ਬੱਸ ਕੰਪਨੀ ਭਰੋਸੇਯੋਗ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ, ਪਰ ਯੂਨੀਅਨ ਦੇ “ਵਰਕ ਟੂ ਰੂਲ” ਕਾਰਨ ਸਿਸਟਮ ਤੇ ਅਸਰ ਰਹੇਗਾ।
ਟਰਾਂਸਲਿੰਕ ਨੇ ਅੱਜ ਸਵੇਰੇ ਚੇਤਾਵਨੀ ਦਿੱਤੀ ਸੀ ਕਿ ਪੂਰੇ ਖੇਤਰ ਵਿਚ ਲਗਭਗ 250 ਬੱਸ ਸੇਵਾਵਾਂ ਵਿਚ ਕੁਝ ਦੇਰੀ ਹੋ ਸਕਦੀ ਹੈ ਜਾਂ ਰੁਕਾਵਟ ਆ ਸਕਦੀ ਹੈ। ਰੱਦ ਕੀਤੀਆਂ ਗਈਆਂ ਬੱਸ ਸੇਵਾਵਾਂ ਦਾ ਅਸਰ ਵੈਨਕੂਵਰ, ਬਰਨਬੀ ਅਤੇ ਕੋਕਿਟਲਮ ਸ਼ਹਿਰਾਂ ਵਿਚ ਸਭ ਤੋਂ ਜ਼ਿਆਦਾ ਦਿਖਾਈ ਦੇ ਰਿਹਾ ਹੈ।