ਹਰਦਮ ਮਾਨ
ਸਰੀ, 9 ਨਵੰਬਰ 2019 - ਵੈਨਕੂਵਰ ਵਿਚ 25 ਅਕਤੂਬਰ ਤੋਂ 8 ਨਵੰਬਰ ਤੱਕ ਇਸ ਵਾਰ ਮੌਸਮ ਖੁਸ਼ਕ ਰਿਹਾ ਅਤੇ ਲੋਕਾਂ ਨੇ ਲਗਾਤਾਰ 14 ਦਿਨ ਬਾਰਸ਼-ਮੁਕਤ ਮੌਸਮ ਦਾ ਅਨੰਦ ਮਾਣਿਆਂ। 65 ਸਾਲਾਂ ਬਾਅਦ ਅਜਹਾ ਹੋਇਆ ਹੈ ਕਿ ਇਨ੍ਹਾਂ ਮਹੀਨਿਆਂ ਵਿਚ ਮੌਸਮ ਵਿਚ ਏਨਾ ਲੰਮਾਂ ਸਮਾਂ ਖੁਸ਼ਕੀ ਦੇਖੀ ਗਈ। ਇਸ ਤੋਂ ਪਹਿਲਾਂ 1954 ਵਿਚ ਅਕਤੂਬਰ ਅਤੇ ਨਵੰਬਰ ਮਹੀਨੇ ਵਿਚ 12 ਦਿਨ ਲਗਾਤਾਰ ਮੌਸਮ ਖੁਸ਼ਕ ਰਿਹਾ ਸੀ ਅਤੇ ਹੁਣ 2019 ਵਿਚ ਅਕਤੂਬਰ-ਨਵੰਬਰ ਮਹੀਨੇ 14 ਦਿਨ ਰਹੇ ਖੁਸ਼ਕ ਮੌਸਮ ਨੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ ਅਤੇ ਇਕ ਨਵਾਂ ਰਿਕਾਰਡ ਸਥਾਪਿਤ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਨਵੰਬਰ ਮਹੀਨਾ ਵੈਨਕੂਵਰ ਲਈ ਸਾਲ ਦਾ ਸਭ ਤੋਂ ਸਿੱਲ੍ਹਾ ਮਹੀਨਾ ਹੁੰਦਾ ਹੈ ਅਤੇ ਇਸ ਮਹੀਨੇ ਦੌਰਾਨ ਔਸਤਨ 186 ਮਿਲੀਮੀਟਰ ਵਰਖਾ ਹੁੰਦੀ ਹੈ। ਮੌਸਮ ਵਿਗਿਆਨੀਆਂ ਅਨੁਸਾਰ ਅਗਲੇ ਦਿਨਾਂ ਦੌਰਾਨ ਇੱਥੋਂ ਦਾ ਤਾਪਮਾਨ ਲਗਭਗ 10 ਸੈਂਟੀਗ੍ਰੇਡ ਜਾਂ ਇਸ ਤੋਂ ਥੋੜ੍ਹਾ ਜਿਹਾ ਵੱਧ ਰਹਿ ਸਕਦਾ ਹੈ। ਕੱਲ੍ਹ ਸ਼ਨੀਵਾਰ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਐਤਵਾਰ ਨੂੰ ਵੀ ਕਿਣਮਿਣ ਕਿਣਮਿਣ ਹੋ ਸਕਦੀ ਹੈ।