ਕੁਲਵੰਤ ਸਿੰਘ ਬੱਬੂ
- ਪਰਨੀਤ ਕੌਰ ਨੇ ਹਲਕਾ ਘਨੌਰ ਦੇ ਲੋਕਾਂ ਵੱਲੋਂ ਚੋਣਾਂ 'ਚ ਦਿੱਤੇ ਸਹਿਯੋਗ ਲਈ ਕੀਤਾ ਧੰਨਵਾਦ
- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਲੋਕ ਸਭਾ ਮੈਂਬਰ ਨੇ ਦਿੱਤੀਆਂ ਵਧਾਈਆਂ
- ਮੁੱਖ ਮੰਤਰੀ ਨੇ ਹਲਕਾ ਘਨੌਰ ਦੇ ਵਿਕਾਸ ਲਈ ਖੁੱਲ ਦਿਲੀ ਨਾਲ ਫੰਡ ਦਿੱਤੇ - ਮਦਨ ਲਾਲ ਜਲਾਲਪੁਰ
ਘਨੌਰ/ਰਾਜਪੁਰਾ/ਪਟਿਆਲਾ, 15 ਨਵੰਬਰ 2019 - ਹਲਕਾ ਘਨੌਰ ਦੇ ਸਰਬਪੱਖੀ ਵਿਕਾਸ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਅੱਜ ਇਥੇ ਪਿੰਡ ਮਰਦਾਂਪੁਰ ਹਲਕਾ ਘਨੌਰ ਵਿਖੇ ਆਪਣੇ ਧੰਨਵਾਦੀ ਦੌਰੇ ਦੌਰਾਨ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਹਲਕਾ ਘਨੌਰ ਤੋਂ ਪੁੱਜੇ ਪੰਚਾਂ, ਸਰਪੰਚਾਂ, ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਅਤੇ ਇਲਾਕਾ ਨਿਵਾਸੀਆਂ ਦੇ ਇਕ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆ ਕੀਤਾ। ਹਲਕਾ ਘਨੌਰ ਦੇ ਵੋਟਰਾਂ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਦੇ ਹੱਕ ਵਿਚ ਦਿੱਤੇ ਵੱਡੇ ਫਤਵੇ 'ਤੇ ਉਨ੍ਹਾਂ ਦਾ ਧੰਨਵਾਦ ਕਰਦਿਆ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਉਹ ਇਸ ਹਲਕੇ ਦੇ ਸਰਬਪੱਖੀ ਵਿਕਾਸ ਨੂੰ ਪੂਰੀ ਤਵੱਜੋ ਦੇਣਗੇ।
ਸ੍ਰੀਮਤੀ ਪਰਨੀਤ ਕੌਰ ਨੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆ ਗੁਰੂ ਸਾਹਿਬ ਵੱਲੋਂ ਵਾਤਾਵਰਣ ਸਬੰਧੀ ਦਿੱਤੇ ਸੁਨੇਹੇ 'ਤੇ ਚੱਲਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਘਨੌਰ ਹਲਕੇ ਦੇ ਵਿਕਾਸ ਲਈ ਵੱਡੀਆਂ ਗਰਾਂਟਾਂ ਜਾਰੀ ਕੀਤੀਆਂ ਗਈਆਂ ਹਨ ਜਿਸ ਤਹਿਤ ਹਲਕੇ ਦੀਆਂ ਸੜਕਾਂ ਦੇ ਵਿਕਾਸ ਲਈ 100 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਲਾਕਾ ਨਿਵਾਸੀਆਂ ਨੂੰ ਪੀਣ ਲਈ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਹਲਕੇ ਦੇ ਪਿੰਡ ਮੰਡੋਲੀ ਵਿਖੇ 241.18 ਕਰੋੜ ਰੁਪਏ ਦੀ ਲਾਗਤ ਨਾਲ ਨਹਿਰੀ ਪਾਣੀ ਪ੍ਰੋਜੈਕਟ ਲਗਾਇਆ ਜਾ ਰਿਹਾ ਹੈ ਜੋ ਦੋ ਸਾਲਾਂ ਵਿੱਚ ਤਿਆਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਬਿਜਲੀ ਸਪਲਾਈ ਨਿਰਵਿਘਨ ਚਲਾਉਣ ਲਈ ਬਿਜਲੀ ਸਪਲਾਈ ਅਪਗ੍ਰੇਡੇਸ਼ਨ ਵੀ ਕੀਤੀ ਗਈ ਹੈ।
ਸ੍ਰੀਮਤੀ ਪਰਨੀਤ ਕੌਰ ਨੇ ਲੋਕ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਤੰਦਰੁਸਤੀ, ਚੰਗੀ ਸਿਹਤ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਪਲਾਸਟਿਕ ਨੂੰ ਸਦਾ ਲਈ ਅਲਵਿਦਾ ਆਖਣ। ਇਸ ਮੌਕੇ ਹਲਕਾ ਘਨੌਰ ਦੇ ਵਿਧਾਇਕ ਸ਼੍ਰੀ ਮਦਨ ਲਾਲ ਜਲਾਲਪੁਰ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸ੍ਰੀ ਗਗਨਦੀਪ ਸਿੰਘ ਜੌਲੀ ਜਲਾਲਪੁਰ ਵੱਲੋਂ ਸਮੂਹ ਇਲਾਕੇ ਦੀ ਤਰਫੋਂ ਸ੍ਰੀਮਤੀ ਪਰਨੀਤ ਕੌਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ।
ਇਸ ਮੌਕੇ ਹਲਕਾ ਘਨੌਰ ਦੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਘਨੌਰ ਹਲਕੇ ਦੇ ਵਿਕਾਸ ਲਈ ਵੱਡੀਆਂ ਗਰਾਂਟਾਂ ਜਾਰੀ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਘਨੌਰ ਹਲਕੇ ਵਿੱਚ ਪੈਂਦੀਆਂ ਮੰਡੀਆਂ 'ਤੇ 5.5 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਜੋ ਮੁੱਖ ਮੰਤਰੀ ਅਤੇ ਸ੍ਰੀਮਤੀ ਪਰਨੀਤ ਕੌਰ ਦੇ ਯਤਨਾਂ ਸਦਕਾ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਘਨੌਰ ਹਲਕੇ ਦੇ ਵਿਕਾਸ ਦੇ ਬਾਕੀ ਰਹਿੰਦੇ ਕੰਮ ਵੀ ਆਉਂਦੇ ਦੋ ਸਾਲਾ ਵਿੱਚ ਮੁਕੰਮਲ ਕਰ ਦਿੱਤੇ ਜਾਣਗੇ। ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੱਤੀ। ਸ੍ਰੀ ਜਲਾਲਪੁਰ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ 2500 ਰੁਪਏ ਪ੍ਰਤੀ ਏਕੜ ਮੁਆਵਜਾ ਦੇਣਾ ਇਕ ਸ਼ਲਾਘਾਯੋਗ ਕੰਮ ਹੈ ਇਸ ਨਾਲ ਕਿਸਾਨਾਂ ਨੂੰ ਇਕ ਵੱਡੀ ਰਾਹਤ ਮਿਲੇਗੀ।
ਇਸ ਮੌਕੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਇਕ ਨਵੇਂ ਬੱਸ ਰੂਟ ਨੂੰ ਝੰਡੀ ਦੇਕੇ ਰਵਾਨਾ ਕੀਤਾ ਜੋ ਪਿੰਡ ਮਰਦਾਂਪੁਰ ਤੋਂ ਚਮਾਰੂ ਹੋਕੇ ਘਨੌਰ ਜਾਵੇਗੀ ਅਤੇ ਮਾਰਕਿਟ ਕਮੇਟੀ ਘਨੌਰ ਲਈ ਇਕ ਸੀਵਰੇਜ ਸਾਫ਼ ਕਰਨ ਵਾਲੀ ਮਸ਼ੀਨ ਵੀ ਪ੍ਰਦਾਨ ਕੀਤੀ।
ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸ੍ਰੀ ਗਗਨਦੀਪ ਸਿੰਘ ਜੌਲੀ ਜਲਾਲਪੁਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਦਾ ਧੰਨਵਾਦ ਕਰਦਿਆ ਕਿਹਾ ਕਿ ਉਨ੍ਹਾਂ ਵੱਲੋਂ ਨੌਜਵਾਨਾਂ ਨੂੰ ਨੁਮਾਇੰਦਗੀ ਦੇਕੇ ਅੱਗੇ ਆਉਣ ਦਾ ਮੌਕਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਵੀ ਨੌਜਵਾਨਾਂ ਵੱਲੋਂ ਅਹਿਮ ਰੋਲ ਅਦਾ ਕੀਤਾ ਗਿਆ ਹੈ।
ਇਸ ਮੌਕੇ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਸ੍ਰੀ ਗੁਰਦੀਪ ਸਿੰਘ ਊਂਟਸਰ ਨੇ ਸਭ ਨੂੰ ਜੀਆਇਆ ਆਖਿਆ ਅਤੇ ਸ੍ਰੀਮਤੀ ਪਰਨੀਤ ਕੌਰ ਦਾ ਇਲਾਕੇ ਵਿਚ ਆਉਣ 'ਤੇ ਧੰਨਵਾਦ ਕੀਤਾ।
ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤ ਪ੍ਰਤਾਪ ਸਿੰਘ ਹਨੀ ਸੇਖੋਂ, ਜ਼ਿਲ੍ਹਾ ਕਾਂਗਰਸ ਦਿਹਾਤੀ ਪ੍ਰਧਾਨ ਸ. ਗੁਰਦੀਪ ਸਿੰਘ ਊਂਟਸਰ, ਐਸ.ਡੀ.ਐਮ. ਰਾਜਪੁਰਾ ਸ੍ਰੀ ਸ਼ਿਵ ਕੁਮਾਰ, ਬਲਾਕ ਸੰਮਤੀ ਘਨੌਰ ਦੇ ਚੇਅਰਮੈਂਨ ਸ੍ਰੀ ਜਗਦੀਪ ਸਿੰਘ, ਪ੍ਰਧਾਨ ਘਨੌਰ ਕਮੇਟੀ ਨਰਪਿੰਦਰ ਸਿੰਘ ਪਿੰਦਾ, ਚੇਅਰਮੈਂਨ ਬਲਾਕ ਸੰਮਤੀ ਸੰਭੂ ਸ੍ਰੀ ਅੱਛਰ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ੍ਰੀ ਧਰਮਪਾਲ ਸਿੰਘ ਸਮੇਤ ਵੱਡੀ ਗਿਣਤੀ ਇਲਾਕਾ ਨਿਵਾਸੀ ਵੀ ਮੌਜੂਦ ਸਨ।