- ਲੋਕ ਆਗੂ ਮਨਜੀਤ ਧਨੇਰ ਦਾ ਸਵਾਗਤ ਮਾਰਚ-ਪੱਕ ਮੋਰਚੇ ਤੋਂ ਵੱਖ ਵੱਖ ਥਾਵਾਂ 'ਤੇ ਹੁੰਦਾ ਹੋਇਆ, ਕਈ ਕਿਲੋਮੀਟਰ ਲੰਬਾ ਕਾਫ਼ਲਾ ਧਨੇਰ ਪੁੱਜਾ
- ਥਾਂ ਥਾਂ ਲੋਕਾਂ, ਆਪਣੇ ਆਗੂ ਦਾ ਹਾਰ ਪਾਕੇ ਕੀਤਾ ਭਰਵਾਂ ਸਵਾਗਤ
- ਜ਼ੇਲ੍ਹ ਵਿੱਚੋਂ ਨਵੀਂ ਡਿਗਰੀ ਹਾਸਲ ਕਰਕੇ ਹੋਰ ਵੱਧ ਉਤਸ਼ਾਹ ਨਾਲ ਹੀ ਕਿਸਾਨ ਲਹਿਰ ਨੂੰ ਸਮਰਪਿਤ ਹੋਵਾਂਗਾ – ਧਨੇਰ
ਬਰਨਾਲਾ, 15 ਨਵੰਬਰ, 2019 - ਬਹੁ-ਚਰਚਿਤ ਕਿਰਨਜੀਤ ਕੌਰ ਮਹਿਲਕਲਾਂ ਲੋਕ ਘੋਲ ਦੇ ਆਗੂ ਮਨਜੀਤ ਧਨੇਰ ਨੂੰ ਜੇਲ੍ਹ ਵਿੱਚੋਂ ਲੋਕ ਤਾਕਤ ਦੇ ਸੰਘਰਸ਼ੀ ਜਲਵਿਆਂ ਦੀ ਬਦੌਲਤ ਆਖ਼ਰ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ। ਅੱਜ ਹਜ਼ਾਰਾਂ ਦੀ ਤਾਦਾਦ 'ਚ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ 'ਚ ਇਕੱਤਰ ਹੋਏ ਕਾਫ਼ਲਿਆਂ ਦਾ ਜੋ਼ਸ ਡੁੱਲ੍ਹ-ਡੁੱਲ੍ਹ ਪੈਂਦਾ ਸੀ। ਜਿੱਤ ਦ ਜਸ਼ਨ ਕਾਫ਼ਲਿਆਂ ਦੇ ਚਿਹਰਿਆਂ ਉੱਤੇ ਝਲਕਦਾ ਸੀ।
ਅੱਜ ਦੇ ਇਕੱਠ ਵਿੱਚ ਜੁਝਾਰੂ ਕਾਫ਼ਲਿਆਂ ਵਿੱਚ ਹਰੀਆਂ ਬਸੰਤੀ ਚੁੰਨੀਆਂ ਬੰਨ੍ਹੀ ਪੁੱਜੀਆਂ ਹਜ਼ਾਰਾਂ ਜੁਝਾਰੂ ਕਾਫ਼ਲਿਆਂ ਦੀ ਵੱਖਰੀ ਪਛਾਣ ਬਣਾ ਰਹੀਆਂ ਸਨ। 30 ਸਤੰਬਰ ਦੇ ਦਿਨ ਸੰਘਰਸ਼ਸ਼ੀਲ ਕਾਫ਼ਲਿਆਂ ਧੀਆਂ (ਭੈਣਾਂ ਸਮੇਤ ਲੋਕ ਸੰਘਰਸ਼ਾਂ ਦੀ ਅਗਵਾਈ ਕਰਨ ਵਾਲੇ ਲੋਕ ਆਗੂ ਸੁਪਰੀਮ ਕੋਰਟ ਵੱਲੋਂ ਬਹਾਲ ਰੱਖੀ ਉਮਰਕੈਦ ਸਜ਼ਾ ਮੁਤਾਬਿਕ ਸ਼ੈਸ਼ਨ ਕੋਰਟ ਵਿੱਚ ਪੇਸ਼ ਕੀਤਾ ਸੀ।
ਮਨਜੀਤ ਧਨੇਰ 30 ਸਤੰਬਰ ਤੋਂ ਜ਼ੇਲ੍ਹ ਦੀਆਂ ਸਲਾਖ਼ਾਂ ਪਿੱਛੇ ਕੈਦ ਸੀ। ਪਰ ਉਸ ਦੇ ਹਕੀਕੀ ਵਾਰਸ ਹਜ਼ਾਰਾਂ ਦੀ ਤਾਦਾਦ 'ਚ ਜੇਲ੍ਹ ਦੀਆਂ ਬਰੂਹਾਂ ਅੱਗੇ ਕਬਜ਼ਾ ਜਮਾਈ ਬੈਠੇ ਮੰਗ ਕਰ ਰਹੇ ਸਨ ਕਿ ਲੋਕ ਆਗੂ ਮਨਜੀਤ ਧਨੇਰ ਸਜ਼ਾ ਰੱਦ ਕਰਵਾਕੇ ਰਹਾਂਗੇ। ਇਹ ਹਾਕਮਾਂ ਦੀ ਢਿੱਡੀਂ ਹੌਲ ਪਾਉਂਦੇ ਨਾਹਰੇ 46 ਦਿਨ ਸੰਘਰਸ਼ੀ ਪਿੰਡ ਵਿੱਚ ਗੂੰਜਦੇ ਰਹੇ। ਸੰਘਰਸ਼ੀ ਕਾਫ਼ਲਿਆਂ ਨੇ ਇਸੇ ਹੀ ਥਾਂ ਜ਼ਮੀਨੀ ਘੋਲ ਦੀ ਸ਼ਹੀਦ ਪ੍ਰਿਥੀਪਾਲ ਚੱਕਅਲੀਸ਼ੇਰ ਦਾ ਸ਼ਹੀਦੀ ਸਮਾਗ਼ਮ, ਦੁਸਹਿਰਾ, ਦੀਵਾਲੀ ਅਤੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਮਨਾ ਕੇ ਸੰਘਰਸ਼ ਜਾਰੀ ਰੱਖਣ ਦਾ ਪ੍ਰਣ ਦੁਹਰਾਇਆ। ਸੰਘਰਸ਼ਸ਼ੀਲ ਕਾਫ਼ਲਿਆਂ ਦੀ ਕਤਾਰ ਹਰ ਰੋਜ਼ ਲੰਮੀ ਹੁੰਦੀ ਗਈ।
ਹਰ ਤਬਕਾ ਇਸ ਸੰਘਰਸ਼ ਦਾ ਹਿੱਸਾ ਬਣਦਾ ਗਿਆ। ਜਨਤਕ ਜਮਹੂਰੀ ਜਥੇਬੰਦੀਆਂ ਇਲੈਕਟਰੌਨਿਕ ਅਤੇ ਪ੍ਰੈੱਸ ਮੀਡੀਆ ਲੇਖਕ ਬੁੱਧੀਜੀਵੀ, ਰੰਗਕਰਮੀ, ਤਰਕਸ਼ੀਲ, ਜਮਹੂਰੀ ਕਾਰਕੁਨ ਸਹਿਤਕਾਰ ਗੱਲ ਕੀ ਹਰ ਤਬਕੇ ਨੇ ਇਸ ਸੰਘਰਸ਼ ਦਾ ਸੰਗੀ ਸਾਥੀ ਬਣਕੇ ਸੰਘਰਸ਼ ਨੂੰ ਸਫ਼ਲਤਾ ਦੀ ਮੰਜਿਲ ਤੱਕ ਪੁੱਜਣ ਵਿੱਚ ਅਹਿਮ ਰੋਲ ਅਦਾ ਕੀਤਾ। ਇਸ ਸਮੁੱਚੇ ਸੰਘਰਸ਼ ਦੌਰਾਨ ਨਾ ਸਿਰਫ਼ ਮਨਜੀਤ ਧਨੇਰ ਦੀ ਸਜ਼ਾ ਦੀਹੀ ਚਰਚਾ ਹੋਈ ਸਗੋਂ ਵਿਸ਼ਾਲ ਲੋਕਾਈ ਦੀ ਬੁਨਿਆਦੀ ਸਮੱਸਿਆਵਾਂ ਸਬੰਧੀ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕੀਤਾ। ਮਨਜੀਤ ਧਨੇਰ ਨੇ ਆਪਣੇ ਸੰਖੇਪ ਸੰਬੋਧਨ ਰਾਹੀਂ ਕਿਹਾ ਕਿ ਹਾਕਮਾਂ ਨੇ ਮੈਨੂੰ ਜੇਲ੍ਹ ਭੇਜ ਭਰਮ ਪਾਲਿਆ ਸੀ ਕਿ ਲੋਕ ਲਹਿਰ ਆਗੂ ਰਹਿਤ ਹੋ ਜਾਵੇਗੀ। ਇਨਸਾਫ਼ ਦੇ ਵੱਡੇ ਮੰਦਰ ਨੇ ਮੇਰੀ ਸਜ਼ਾ ਬਹਾਲ ਰੱਖਕੇ ਵੀ ਇਹੀ ਭਰਮ ਪਾਲਿਆ ਸੀ ਪਰ ਲੋਕ ਸ਼ਕਤੀ ਤੋਂ ਉੱਪਰ ਕੁੱਝ ਵੀ ਨਹੀਂ ਹੁੰਦਾ।
ਲੋਕ ਤਾਕਤ ਫੈਸਲਾਕੁਨ ਹੁੰਦੀ ਹੈ। ਲੋਕਾਂ ਦੇ ਜੂਝ ਮਰਨ ਦਾ ਫ਼ੈਸਲਾ ਨੇ ਹੀ ਮੈਨੂੰ ਜੇਲ੍ਹ ਦੀਆਂ ਸਲਾਖਾਂ ਵਿੱਚ ਬਾਹਰ ਕਰ ਦਿੱਛਾ ਹੈ ਅਤੇ ਕੱਲ ਲੋਕਾਈ ਦਾ ਧੰਨਵਾਦ ਕਰਨ ਲਈ ਕੋਈ ਸ਼ਬਦ ਨਹੀਂ ਮੇਰਾ ਵਾਅਦਾ ਹੈ ਕਿ ਮੈਂ ਨਵੀਂ ਜੇਲ੍ਹ ਡਿਗਰੀ ਹਾਸਲ ਕਰਕੇ ਸੁਚੇਤ ਰੂਪ 'ਚ ਆਉਣ ਵਾਲੇਸਮੇਂ ਦੀਆਂ ਵੰਗਾਰਾਂ ਪ੍ਰਤੀ ਸੰਘਰਸ਼ਾਂ ਵਿੱਚ ਮੋਹਰੀ ਰੋਲ ਅਦਾਰਾ ਕਰਾਂਗਾ।ਇਸ ਸਮੇਂ ਸੰਘਰਸ਼ ਕਮੇਟੀ ਪੰਜਾਬ ਦੇ ਕਨਵੀਨਰ ਬੂਟਾ ਸਿੰਘ ਬੁਰਜਗਿੱਲ, ਜੋਗਿੰਦਰ ਸਿੰਘ ਉਗਰਾਹਾਂ, ਗੁਰਮੀਤ ਸੁਖਪੁਰ, ਜੋਰਾ ਸਿੰਘ ਨਸਰਾਲੀ, ਕੰਵਲਜੀਤ ਖੰਨਾ, ਹਰਿੰਦਰ ਬਿੰਦੂ, ਪ੍ਰੇਮਪਾਲ ਕੌਰ, ਗੁਰਦੀਪ ਰਾਮਪੁਰਾ, ਝੰਡਾ ਸਿੰਘ ਜੇਠੂਕੇ, ਗੁਰਮੀਤ ਭੱਟੀਵਾਲ, ਸ਼ਿੰਗਾਰਾ ਸਿੰਘ ਮਾਨ, ਕੁਲਵੰਤ ਸਿੰਘ ਕਿਸ਼ਨਗੜ੍ਹ, ਪਰਮਜੀਤ ਕੌਰ ਜੋਧਪੁਰ, ਰੁਲਦੂ ਸਿੰਘ ਮਾਨਸਾ, ਕਰਮਜੀਤ ਬੀਹਲਾ, ਗੁਰਮੇਲ ਠੁੱਲੀਵਾਲ, ਪ੍ਰੇਮ ਕੁਮਾਰ, ਕੰਵਲਪ੍ਰੀਤ ਪੰਨੂ, ਅਮਰਜੀਤ ਹਨੀ, ਰਜਿੰਦਰ ਭਦੌੜ ਨੇ ਉਪਰੋਕਤ ਵਿਚਾਰ ਪੇਸ਼ ਕੀਤੇ। ਇਨ੍ਹਾਂ ਤੋਂ ਇਲਾਵਾ Îਸ਼ਹੀਦ ਕਿਰਨਜੀਤ ਕੌਰ ਦੇ ਪਿਤਾ ਮਾ.ਦਰਸ਼ਨ ਸਿੰਘ, ਲੋਕ ਆਗੂ ਮਨਜੀਤ ਧਨੇਰ ਦੀ ਜੀਵਨ ਸਾਥਣ ਹਰਬੰਸ ਕੌਰ, ਐਕਸ਼ਨ ਕਮੇਟੀ ਮਹਿਲਕਲਾਂ ਦੇ ਆਗੂ ਪ੍ਰੀਤਮ ਦਰਦੀ, ਸੁਰਿੰਦਰ ਜਲਾਲਦੀਵਾਲ, ਅਮਰਜੀਤ ਕੁੱਕੂ, ਕੁਲਵੰਤ ਪੰਡੋਰੀ ਵੀ ਹਾਜਰ ਸਨ। ਲੋਕ ਆਗੂ ਮਨਜੀਤ ਧਨੇਰ ਦੀ ਨੂੰਹ ਪਰਦੀਪ ਕੌਰ ਨੇ ਸਭਨਾਂ ਦਾ ਧੰਨਵਾਦ ਕੀਤਾ। ਕਈ ਕਿਲੋਮੀਟਰ ਲੰਬਾ ਸੰਘਰਸ਼ਸ਼ੀਲ ਲੋਕਾਂ ਦਾ ਕਾਫਲਾ ਜਦ ਸੰਘਰਸ਼ਸ਼ੀਲ ਲੋਕ ਆਗੂ ਮਨਜੀਤ ਧਨੇਰ ਦੇ ਪਿੰਡ ਪੁੱਜਾ ਤਾਂ ਲੋਕਾਂ ਅੰਦਰ ਉਤਸ਼ਾਹ ਡੁੱਲ ਡੁੱਲ ਪੈਂਦਾ ਸੀ। ਲੋਕ ਆਪਣੇ ਮਹਿਬੂਬ ਆਗੂ ਦੀ ਇੱਕ ਝਲਕ ਮਾਤਰ ਲਈ ਘੰਟਿਆਂ ਬੱਧੀ ਉਡੀਕਦੇ ਰਹੇ।