ਜ਼ਿਲ੍ਹਾ ਪ੍ਰੈਸ ਕਲੱਬਜ਼ ਐਸੋਸੀਏਸ਼ਨ ਅਤੇ ਪ੍ਰੈਸ ਕਲੱਬ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਕੌਮੀ ਪ੍ਰੈਸ ਦਿਵਸ ਮੌਕੇ ਕਰਵਾਇਆ ਗਿਆ ਸੈਮੀਨਾਰ
ਸਪੀਕਰ ਰਾਣਾ ਕੇ ਪੀ ਸਿੰਘ, ਬਲਜੀਤ ਬੱਲੀ ਅਤੇ ਮੇਜਰ ਸਿੰਘ ਨੇ ਕੀਤੀ ਸ਼ਿਰਕਤ*
ਸ੍ਰੀ ਅਨੰਦਪੁਰ ਸਾਹਿਬ,19 ਨਵੰਬਰ,2019 : ਕਾਰਜਪਾਲਕਾ, ਨਿਆਂਪਾਲਕਾ ਅਤੇ ਵਿਧਾਨਪਾਲਕਾ ਦੀ ਤਰਜ਼ ਤੇ ਮੀਡੀਆ ਦੀ ਅਜ਼ਾਦ ਤੇ ਨਿਰਪੱਖ ਭੂਮਿਕਾ ਲਈ ਪੱਤਰਕਾਰਤਾ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਵੈਅਨੁਸਾਸ਼ਿਤ ਢਾਂਚਾ ਵਿਕਸਤ ਕਰਨਾ ਸਮੇਂ ਦੀ ਮੰਗ ਹੈ। ਜਿਸ ਵਾਸਤੇ ਕਿਸੇ ਹੋਰ ਨੂੰ ਨਹੀਂ ਬਲਕਿ ਮੀਡੀਆ ਨਾਲ ਜੁੜੇ ਸਾਥੀਆਂ ਨੂੰ ਹੀ ਅੱਗੇ ਆਉਣਾ ਪਵੇਗਾ ਤਾਂ ਜੋ ਪੱਤਰਕਾਰਤਾ ਦੇ ਡਿਗਦੇ ਮਿਆਰ ਨੂੰ ਉੱਚਾ ਚੁੱਕਣ ਲਈ ਜਿੱਥੇ ਸਭ ਨੂੰ ਅਨੁਸਾਸ਼ਨ ਵਿੱਚ ਰੱਖਿਆ ਜਾ ਸਕੇ।
ਇਹ ਪ੍ਰਗਟਾਵਾ ਅੱਜ ਜ਼ਿਲ੍ਹਾ ਪ੍ਰੈਸ ਕਲੱਬਜ਼ ਐਸੋਸੀਏਸ਼ਨ ਅਤੇ ਪ੍ਰੈਸ ਕਲੱਬ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਕੌਮੀ ਪ੍ਰੈਸ ਦਿਵਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਇੱਕ ਸੈਮੀਨਾਰ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਕੀਤਾ। ਰਾਣਾ ਨੇ ਕੌਮੀ ਪ੍ਰੈਸ ਦਿਵਸ ਦੀ ਸਭ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਅੱਜ ਮੀਡੀਆ ਦੀ ਅਜ਼ਾਦ ਹੋਂਦ ਨੂੰ ਕਾਇਮ ਰੱਖਣਾ ਸਭ ਲਈ ਵੱਡੀ ਚੁਣੌਤੀ ਹੈ। ਕਿਉਂਕਿ ਜਿੱਥੇ ਮੀਡੀਆ ਦੀ ਅਜ਼ਾਦੀ 'ਤੇ ਵੱਡੇ ਘਰਾਨਿਆਂ ਦੇ ਕਬਜ਼ੇ ਹੋਣ ਨਾਲ ਪੱਤਰਕਾਰਾਂ 'ਤੇ ਦਬਾਅ ਬਣਿਆ ਹੈ ਉੱਥੇ ਹੀ ਪਤਰਕਾਰਾਂ 'ਤੇ ਇਸ਼ਤਿਹਾਰ ਇਕੱਠੇ ਕਰਨ ਦੇ ਖੌਫ ਨੇ ਮਿਆਰੀ ਪੱਤਰਕਾਰਾਂ ਨੂੰ ਪੱਤਰਕਾਰੀ ਦੀਆਂ ਕਦਰਾਂ-ਕੀਮਤਾਂ ਤੋਂ ਹੇਠਾਂ ਜਾਣ ਲਈ ਮਜਬੂਰ ਵੀ ਕੀਤਾ ਹੈ।ਇਸ ਲਈ ਲੋਕਤੰਤਰ ਦੇ ਚੌਥੇ ਥੰਮ ਜਿਸਨੇ ਦੇਸ਼ ਦੀ ਅਜ਼ਾਦੀ ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ ਹੈ, ਨੂੰ ਬੁਲੰਦੀਆਂ 'ਤੇ ਰੱਖਣ ਲਈ ਖੁੱਦ ਪੱਤਰਕਾਰ ਭਾਈਚਾਰੇ ਨੂੰ ਹੀ ਸੋਚਣਾ ਪਵੇਗਾ।
ਇਸ ਮੌਕੇ ਪਹੁੰਚੇ ਸੀਨੀਅਰ ਪੱਤਰਕਾਰ ਬਲਜੀਤ ਬੱਲੀ ਨੇ ਪੱਤਰਕਾਰੀ ਦੇ ਸਰਕਾਰ ਪ੍ਰਤੀ ਦੁਵੱਲੇ ਰੁੱਖ, ਅਜੋਕੀ ਪੱਤਰਕਾਰੀ ਦੇ ਸਾਧਨਾਂ ਬਾਰੇ ਸਾਰਿਆਂ ਨੂੰ ਜਾਣੂੰ ਕਰਵਾਉਂਦੇ ਹੋਏ ਦੱਸਿਆ ਕਿ ਅੱਜ ਸਮੇਂ ਦੀ ਘਾਟ ਹੋਣ ਕਰਕੇ ਪੱਤਰਕਾਰੀ ਸਿਰਫ ਸਮਾਰਟ ਫੋਨਾਂ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ।ਜਿਉਂ-ਜਿਉਂ ਮਨੁੱਖ ਤਰੱਕੀ ਕਰਦਾ ਜਾ ਰਿਹਾ ਹੈ ਤਿਉੇਂ-ਤਿਉਂ ਪੱਤਰਕਾਰਤਾ ਕਰਨ ਦੇ ਤੌਰ ਤਰੀਕੇ ਵੀ ਬਦਲਦੇ ਜਾ ਰਹੇ ਹਨ। ਪਰ ਸਾਨੂੰ ਸਾਰਿਆਂ ਨੂੰ ਇਹ ਚਾਹੀਦਾ ਹੈ ਕਿ ਅਸੀਂ ਜਿੱਥੇ ਸਰਕਾਰਾਂ ਦੇ ਉਸਾਰੂ ਕੰਮਾਂ ਦੀ ਸ਼ਲਾਂਘਾ ਕਰੀਏ ਉੱਥੇ ਕਮੀਆਂ ਨੂੰ ਵੀ ਉਜਾਗਰ ਕਰੀਏ। ਪਰ ਕਿਸੇ ਵੀ ਵਿਅਕਤੀ ਵਿਸ਼ੇਸ਼ ਦੀ ਕਿਰਦਾਰਕੁਸ਼ੀ ਕਰਨਾ ਪੱ ਤਰਕਾਰੀ ਦੇ ਅਸੂਲਾਂ ਦਾ ਘਾਣ ਹੈ।
ਇਸ ਦੌਰਾਨ ਪੰਜਾਬ ਪ੍ਰੈਸ ਕਲੱਬ ਦੇ ਜਨਰਲ ਸਕੱਤਰ ਮੇਜਰ ਸਿੰਘ ਨੇ ਕਿਹਾ ਕਿ ਪੱਤਰਕਾਰੀ ਲਈ ਇੱਕ ਪੇਸ਼ੇਵਰ ਪਹੁੰਚ ਅਪਨਾਉਣੀ ਬੁਹਤ ਹੀ ਜਰੂਰੀ ਹੈ। ਉਨ੍ਹਾਂ ਉਦਾਰਹਨ ਦਿੰਦੇ ਹੋਏ ਕਿਹਾ ਕਿ ਅਸੀਂ ਦਬਾਅ ਜਾਂ ਡਰ ਦੇ ਮਹੌਲ ਵਿੱਚ ਪੱਤਰਕਾਰੀ ਦੇ ਪੇਸ਼ੇ ਨਾਲ ਇਨਸਾਫ ਨਹੀਂ ਕਰ ਸਕਦੇ ਹਾਂ। ਜਿਵੇਂ ੯੦ ਫੀਸਦੀ ਮੀਡੀਆ ਹਾਊਸਾਂ ਨੇ ਕਸ਼ਮੀਰ ਅੰਦਰ ਹਾਲ ਹੀ ਵਿੱਚ ਵਿਗੜੇ ਹਾਲਾਤਾਂ ਨੂੰ ਵਿਖਾਉਣ ਵਿੱਚ ਸਹੀ ਭੂਮਿਕਾ ਅਦਾ ਨਹੀਂ ਕੀਤੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰੈਸ ਕਲੱਬਜ਼ ਐਸੋਸੀਏਸ਼ਨ ਦੇ ਪ੍ਰਧਾਨ ਬਹਾਦਰਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਤੇ ਜ਼ਿਲ੍ਹੇ ਭਰ ਦੇ ਪੱਤਰਕਾਰਾਂ ਦਾ ਧੰਨਵਾਦ ਵੀ ਕੀਤਾ ਤੇ ਜੀ ਆਇਆ ਨੂੰ ਵੀ ਕਿਹਾ। ਜਦਕਿ ਮੰਚ ਸੰਚਾਕ ਦੀ ਭੂਮਿਕਾ ਜਨਰਲ ਸਕੱਤਰ ਕੁਲਵਿੰਦਰਜੀਤ ਸਿੰਘ ਭਾਟੀਆ ਨੇ ਅਦਾ ਕੀਤੀ। ਇਸ ਮੌਕੇ ਤਹਿਸੀਲਦਾਰ ਰਾਮ ਕਿਨ, ਡੀ ਐਸ ਪੀ ਦਵਿੰਦਰ ਸਿੰਘ, ਕੌਂਸਲ ਪ੍ਰਧਾਨ ਹਰਜੀਤ ਸਿੰਘ ਜੀਤਾ, ਇੰਦਰਜੀਤ ਸਿੰਘ ਅਰੋੜਾ, ਰਮੇਸ਼ ਦਸਗਰਾਂਈ, ਡਾਇਰੈਕਟਰ ਕਮਲਦੇਵ ਜੋਸ਼ੀ, ਹਰਬੰਸ ਮੈਹੰਦਲੀ, ਪ੍ਰੇਮ ਸਿੰਘ ਬਾਸੋਵਾਲ , ਸਾਬਕਾ ਪ੍ਰਧਾਨ ਮਹਿੰਦਰ ਸਿੰਘ ਵਾਲੀਆ, ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ, ਨੰਿਦਰ ਸੈਣੀ, ਮਲਕੀਤ ਸਿੰਘ ਛੱਜਾ, ਗੁਰੰਿਦਰ ਸਿੰਘ ਭੁੱਲਰ ਤੋਂ ਇਲਾਵਾ ਪੱਤਰਕਾਰ ਭਾਈਚਾਰੇ ਵਿੱਚ ਰੂਪਨਗਰ ਪ੍ਰੈਸ ਕੱਲਬ ਤੋਂ ਅਜੈ ਅਗਨੀਹੋਤਰੀ, ਜਗਜੀਤ ਜੱਗੀ, ਹਰੀਸ਼ ਕਾਲੜਾ, ਗੁਰਚਰਨ ਸਿੰਘ ਬਿੰਦਰਾ, ਸੁਰਜੀਤ ਗਾਂਧੀ, ਬਲਦੇਵ ਕੋਰੇ, ਸੁਮਿਤ ਪਸਰੀਚਾ, ਰਾਜਨ ਵੋਹਰਾ, ਸ੍ਰੀ ਅਨੰਦਪੁਰ ਸਾਹਿਬ ਤੋਂ ਪ੍ਰਧਾਨ ਸੂਖਵਿੰਦਰਪਾਲ ਸਿੰਘ ਸੁੱਖੂ, ਰਾਜਪਾਲ ਆਂਗਰਾ, ਸੁਰਿੰਦਰ ਸਿੰਘ ਸੋਨੀ, ਜੇ ਐਸ ਨਿੱਕੂਵਾਲ, ਮਧੂ ਸੂਦਨ, ਨਰਿੰਦਰ ਪ੍ਰਕਾਸ਼ ਨੱਡਾ, ਬਲਜੀਤ ਸਿੰਘ, ਭਗਵੰਤ ਸਿੰਘ, ਦਲਜੀਤ ਸਿੰਘ, ਰਾਜ ਘਈ, ਸੰਦੀਪ ਭਾਰਦਵਾਜ, ਕੀਰਤਪੁਰ ਸਾਹਿਬ ਤੋਂ ਵਿਨੋਦ ਸ਼ਰਮਾ, ਬੁੱਧ ਸਿੰਘ ਰਾਣਾ, ਰੋਹਿਤ ਬੇਦੀ,ਨੰਗਲ ਤੋਂ ਰਣਵੀਰ ਸੈਣੀ, ਪ੍ਰੀਤਮ ਸਿੰਘ ਬਰਾਰੀ, ਪੰਜਾਬ-ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਭਾਤ ਭੱਟੀ, ਅਭੀ ਰਾਣਾ, ਢੇਰ ਤੋਂ ਸੁਰਜੀਤ ਸਿੰਘ, ਨੂਰਪੁਰ ਬੇਦੀ ਤੋਂ ਗੁਰਬੀਰ ਵਾਲੀਆ, ਬਲਵਿੰਦਰ ਰੈਤ, ਹਰਦੀਪ ਸਿੰਘ ਢੀਂਡਸਾ, ਡਾ. ਅਵਿਨਾਸ਼ ਚੰਦਰ, ਇਲੈਕਟਰੋਨਿਕਸ ਮੀਡੀਆ ਤੋਂ ਰਾਜ ਕੁਮਾਰ, ਸੰਦੀਪ ਕੁਮਾਰ, ਛੰਮੀ ਡਾਬਰਾ, ਸੁਰੇਸ਼ ਗਿਰੀ ਆਦਿ ਵੀ ਹਾਜ਼ਰ ਸਨ।