ਗੁਰਨਾਮ ਸਿੱਧੂ
ਫਿਰੋਜ਼ਪੁਰ 16 ਨਵੰਬਰ 2019 : ਅੱਜ ਪੰਜਾਬ ਰਾਜ ਫਾਰਮੇਸੀ ਆਫਿਸਰਜ਼ ਐਸੋਸੀਏਸ਼ਨ ਜ਼ਿਲ੍ਹਾ ਫਿਰੋਜ਼ਪੁਰ ਦੀ ਕਨਵੈਨਸ਼ਨ ਹਰਪ੍ਰੀਤ ਥਿੰਦ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਵਿਚ ਹੋਈ। ਸਟੇਜ ਦੀ ਕਾਰਵਾਈ ਜ਼ਿਲ੍ਹਾ ਸਕੱਤਰ ਰਾਜ ਕਮਾਰ ਕੱਕੜ ਵੱਲੋਂ ਕੀਤੀ ਗਈ। ਉਨ੍ਹਾਂ ਨੇ ਇਸ ਕਨਵੈਨਸ਼ਨ ਦੀ ਮਹੱਤਤਾ ਬਾਰੇ ਦੱਸਿਆ ਅਤੇ ਜ਼ਿਲ੍ਹਾ ਫਿਰੋਜ਼ਪੁਰ ਦੀ ਜਥੇਬੰਦੀ ਵੱਲੋਂ ਪਿਛਲੇ ਸਮੇਂ ਵਿਚ ਕੀਤੀਆਂ ਗਈਆਂ ਗਤੀਵਿਧੀਆਂ ਅਤੇ ਸੂਬਾ ਜਥੇਬੰਦੀ ਵੱਲੋਂ ਕੀਤੀਆਂ ਗਈਆਂ ਗਤੀਵਿਧੀਆਂ ਵਿਚ ਜ਼ਿਲ੍ਹੇ ਵੱਲੋਂ ਪਾਏ ਯੋਗਦਾਨ ਬਾਰੇ ਦੱਸਿਆ।
ਇਸ ਕਨਵੈਨਸ਼ਨ ਵਿਚ ਵਿਸ਼ੇਸ਼ ਤੌਰ ਤੇ ਸੂਬਾ ਕਮੇਟੀ ਮੈਂਬਰ ਰਾਜ ਕੁਮਾਰ ਸ਼ਰਮਾ ਅੰਮ੍ਰਿਤਸਰ ਸੂਬਾ ਵਿੱਤ ਸਕੱਤਰ, ਸੁਨੀਲ ਦੱਤ ਸ਼ਰਮਾ, ਸੀਸ਼ਨ ਕੁਮਾਰ, ਜਗਦੀਪ ਸਿੰਘ ਵਿਰਕ, ਰਾਜ ਕੁਮਾਰ ਲੁਧਿਆਣਾ, ਕੁਲਭੂਸ਼ਨ ਸਿੰਗਲਾ ਹਾਜ਼ਰ ਹੈ। ਨਰਿੰਦਰ ਮੋਹਨ ਸ਼ਰਮਾ ਸੂਬਾ ਪ੍ਰਧਾਨ ਅਤੇ ਰਵਿੰਦਰ ਲੂਥਰਾ ਸੂਬਾ ਜਨਰਲ ਸਕੱਤਰ ਨੇ ਦੱਸਿਆ ਕਿ ਇਕ ਪਾਸੇ ਕੇਂਦਰ ਦੀ ਸਰਕਾਹਰ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਦਾ ਦਾਅਵਾ ਕਰ ਰਹੀ ਹੈ ਅਤੇ ਦੂਜੇ ਪਾਸੇ ਸਰਕਾਰ ਡਰੱਗ ਅਤੇ ਕਾਸਮੈਟਿਕ ਐਕਟ 1945 ਦੇ ਸ਼ਡਿਊਲ ਕੇ ਵਿਚ ਸੋਧ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦਾ ਕੰਮ ਕਰਨ ਜਾ ਰਹੀ ਹੈ, ਕਿਉਂਕਿ ਡਰੱਗ ਅਤੇ ਫਾਰਮੇਸੀ ਐਕਟ 1948 ਦੇ ਅਨੁਸਾਰ ਡਰੱਗ ਨੂੰ ਡਿਸਪੈਂਸਿੰਗ ਕਰਨ ਦਾ ਅਧਿਕਾਰ ਕੇਵਲ ਫਾਰਮਾਸਿਸਟ ਕੋਲ ਹੀ ਹੈ, ਪਰ ਸਰਕਾਰ ਇਸ ਐਕਟ ਵਿਚ ਸੋਧ ਕਰਕੇ ਦਵਾਈਆਂ ਦੀ ਵੰਡ ਦਾ ਕੰਮ ਉਨ੍ਹਾਂ ਦ ਹੱਥਾਂ ਵਿਚ ਦੇਣ ਜਾ ਰਹੀ ਹੈ, ਜਿਨ੍ਹਾਂ ਨੂੰ ਦਵਾਈਆਂ ਬਾਰੇ ਕੋਈ ਵੀ ਗਿਆਨ ਨਹੀਂ ਹੈ।
ਅਜਿਹਾ ਕਰਕੇ ਸਰਕਾਰ ਲੋਕਾਂ ਨੂੰ ਮਾਰਨ ਦਾ ਲਾਇਸੰਸ ਦੇਣ ਜਾ ਰਹੀ ਹੈ, ਜਦਕਿ ਪੂਰੇ ਭਾਰਤ ਵਿਚ ਲੱਖਾਂ ਦੀ ਤਦਾਦ ਵਿਚ ਬੇਰੁਜ਼ਗਾਰ ਫਾਰਮਾਸਿਸਟ ਸਰਕਾਰ ਦੀਆਂ ਅਜਿਹੀਆਂ ਨੀਤੀਆਂ ਕਾਰਨ ਰੁਜ਼ਗਾਰ ਕਿੱਤੇ ਦੇ ਮਿਆਰ ਨੂੰ ਵਿਕਸਿਤ ਦੇਸ਼ਾਂ ਦੇ ਹਾਣ ਦਾ ਬਨਾਉਣ ਲਈ ਹੋਰ ਉਪਰਾਲੇ ਕੀਤੇ ਜਾਂਦੇ, ਪਰ ਅਜਿਹਾ ਨਹੀਂ ਕੀਤਾ ਜਾ ਰਿਹਾ, ਜਦਕਿ ਵਿਕਸਿਤ ਦੇਸ਼ਾਂ ਵਿਚ ਡਾਕਟਰ ਮਰੀਜ਼ ਦੀ ਮਿਆਰੀ ਦਾ ਡਾਇਗਨੋਜ ਕਰਦਾ ਹੈ ਅਤੇ ਫਰਮਾਸਿਸਟ ਉਸ ਬਿਮਾਰੀ ਲਈ ਦਵਾਈ ਤਜਵੀਜ ਕਰਦਾ ਹੈ, ਪਰ ਕੇਂਦਰ ਸਰਕਾਰ ਇਸ ਐਕਟ ਵਿਚ ਸੋਧ ਕਰਕੇ ਇਸ ਕਿੱਤੇ ਦਾ ਮਿਆਰ ਉੱਚਾ ਚੁੱਕਣ ਦੀ ਬਜਾਏ ਹੋਰ ਥੱਲੇ ਵੱਲ ਲਿਜਾਣ ਦਾ ਕੰਮ ਕਰ ਰਹੀ ਹੈ। ਇਸ ਕਨਵੈਨਸ਼ਨ ਵਿਚ ਸ਼ਾਮ ਲਾਲ ਸਚਦੇਵਾ, ਜਸਵਿੰਦਰ ਸਿੰਘ ਸੰਧੂ, ਗੁਰਜੀਤ ਸਿੰਘ, ਰਜਿੰਦਰ ਸਿੰਘ, ਪਰਮਿੰਦਰ ਕੌਰ, ਮਧੂ ਬਾਲਾ, ਪਵਨ ਮਨਚੰਦਾ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਆਗੂਆਂ ਨੇ ਪਿਛਲੇ ਸਮੇਂ ਦੌਰਾਨ ਜਥੇਬੰਦੀ ਵੱਲੋਂ ਕੀਤੀਆਂ ਅਹਿਮ ਪ੍ਰਾਪਤੀਆਂ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਿਹਤ ਵਿਭਾਗ ਵਿਚ ਫਾਰਮੇਸੀ ਅਫਸਰਾਂ ਦੀਆਂ ਖਾਲੀ ਪਈਆਂ ਆਸਾਮੀਆਂ ਨੂੰ ਤੁਰੰਤ ਭਰਨਾ, ਨਵੀਆਂ ਆਸਾਮੀਆਂ ਦੀ ਰਚਨਾ ਕਰਨਾ, 1186 ਪੇਂਡੂ ਡਿਸਪੈਂਸਰੀਆਂ ਦਾ ਪ੍ਰਬੰਧ ਸਿਹਤ ਵਿਭਾਗ ਅਧੀਨ ਲਿਆਉਣਾ, ਸੂਬਾ ਪੱਧਰ ਤੇ ਡਿਪਟੀ ਡਾਇਰੈਕਟਰ ਫਾਰਮੇਸੀ ਦੀ ਆਸਾਮੀ ਦੀ ਰਚਨਾ ਕਰਨਾ ਅਤੇ ਡਾਕਟਰ ਦੀ ਗੈਰ ਹਾਜ਼ਰੀ ਵਿਚ ਪ੍ਰਿਸਕਰਿਪਸ਼ਨ ਲਿਖਣ ਦਾ ਅਧਿਕਾਰ ਪਹਿਲਾਂ ਦੀ ਤਰ੍ਹਾਂ ਦੇਣਾ ਆਦਿ ਮੰਗਾਂ ਜਿਨ੍ਹਾਂ ਤੇ ਸਰਕਾਰ ਵੱਲੋਂ ਸਹਿਮਤੀ ਵੀ ਪ੍ਰਗਟਾਈ ਗਈ ਹੈ। ਇਨ੍ਹਾਂ ਮੰਗਾਂ ਨੂੰ ਲਾਗੂ ਕਰਨ ਦੇ ਨਾਲ ਸਿਹਤ ਸਹੂਲਤਾਂ ਦੇ ਮਿਆਰ ਵਿਚ ਹੋਰ ਵਾਧਾ ਹੋਵੇਗਾ। ਇਸ ਕਨਵੈਨਸ਼ਨ ਨੂੰ ਅਜਮੇਰ ਸਿੰਘ ਕਾਲੜਾ ਡਾਇਰੈਕਟਰ ਮੋਗਾ ਮੈਡਸਿਟੀ ਹਸਪਤਾਲ, ਕੁਲਦੀਪ ਸਿੰਘ ਖੁੰਗਰ, ਨਾਰੰਗ ਸਿੰਘ, ਸੁਭਾਸ਼ ਚੌਧਰੀ ਅਤੇ ਰਮਨ ਅੱਤਰੀ ਨੇ ਵੀ ਸੰਬੋਧਨ ਕੀਤਾ।