ਬਾਬੂਸ਼ਾਹੀ ਬਿਊਰੋ
ਹੋਂਦ ਚਿੱਲੜ / ਰਿਵਾੜੀ 16 ਨਵੰਬਰ ;
ਨਵੰਬਰ 1984 ਦੌਰਾਨ ਹਰਿਆਣਾ ਰਾਜ ਦੇ ਪਿੰਡ ਰਿਵਾੜੀ ਨਜਦੀਕ ਪਿੰਡ ਹੌਦ ਚਿੱਲੜ ਨੂੰ ਖੰਡਰਾਂ ਵਿੱਚ ਤਬਦੀਲ ਕਰਕੇ ਉਥੇ 32 ਸਿੱਖਾਂ ਨੂੰ ਜਿੰਦਾ ਜਲਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ , ਵਿਖੇ ਅੱਜ ਹੌਦ ਚਿੱਲੜ ਸਿੱਖ ਇਨਸਾਫ ਕਮੇਟੀ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਕਰਨੈਲ ਸਿੰਘ ਪੀਰ ਮੁਹੰਮਦ, ਜਥੇਦਾਰ ਸਤੌਖ ਸਿੰਘ ਸਾਹਨੀ , ਸ੍ਰ ਗੁਰਜੀਤ ਸਿੰਘ ਪਟੌਦੀ, ਬਾਬਾ ਸਰਬਜੋਤ ਸਿੰਘ ਡਾਗੋ, ਭਾਈ ਬਲਕਰਨ ਸਿੰਘ ਢਿੱਲੋ ਦੇ ਸਰਗਰਮ ਸਹਿਯੋਗ ਨਾਲ ਭਾਈ ਦਰਸ਼ਨ ਸਿੰਘ ਘੋਲੀਆ ਦੀ ਅਗਵਾਹੀ ਵਿੱਚ ਖਾਲਸਾਈ ਜਾਹੋ ਜਲਾਲ ਦੇ ਪ੍ਰਤੀਕ ਕੇਸਰੀ ਨਿਸ਼ਾਨ ਸਾਹਿਬ 35 ਸਾਲਾਂ ਬਾਅਦ ਦੁਬਾਰਾ ਝੁਲਾ ਦਿੱਤੇ ।
ਬਾਬੂਸ਼ਾਹੀ ਲਈ ਜਾਣਕਾਰੀ ਜਾਰੀ ਕਰਦਿਆਂ ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਖਾਲਸਾ ਪੰਥ ਦੇ ਸੂਰਬੀਰ ਯੋਧੇ ਭਾਈ ਦਰਸ਼ਨ ਸਿੰਘ ਘੋਲੀਆ ਨੇ 7 ਨਵੰਬਰ ਨੂੰ ਸੰਗਤਾਂ ਦੇ ਇਕੱਠ ਵਿੱਚ ਅਰਦਾਸ ਕੀਤੀ ਸੀ ਕਿ ਉਹਨਾਂ ਦੀ ਸੰਸਥਾ ਹੌਦ ਚਿੱਲੜ ਸਿੱਖ ਇਨਸਾਫ ਕਮੇਟੀ ਹੌਦ ਚਿੱਲੜ ਵਿਖੇ ਦੁਬਾਰਾ ਨਿਸ਼ਾਨ ਸਾਹਿਬ ਸਥਾਪਿਤ ਕਰੇਗੀ।
ਅੱਜ ਸਾਮ ਆਪਣੇ ਕੀਤੇ ਐਲਾਨ ਤੇ ਪਹਿਰਾ ਦਿੰਦਿਆਂ ਸ਼ਹੀਦੀ ਯਾਦਗਾਰ ਬਣਾਉਣ ਦੀ ਸ਼ੁਰੂਆਤ ਕਰਦਿਆਂ 51 ਫੁੱਟ ਉੱਚਾ ਕੇਸਰੀ ਨਿਸ਼ਾਨ ਸਾਹਿਬ ਚੜ੍ਹਾ ਦਿੱਤਾ ਹੈ ।
ਇਸ ਮੌਕੇ ਭਾਈ ਘੋਲੀਆ ਸਮੇਤ ਪੰਜ ਸਿੰਘਾਂ ਭਾਈ ਗੁਰਜੀਤ ਸਿੰਘ ਪਟੌਦੀ , ਭਾਈ ਰਜਿੰਦਰ ਸਿੰਘ ਥਰਾਜ, ਨਿਰਭੈ ਸਿੰਘ, ਮਿਸਤਰੀ ਭਾਈ ਚੰਦ ਸਿੰਘ ਖਾਲਸਾ ਨੇ ਅਰਦਾਸ ਕਰਕੇ ਇਸ ਕਾਰਜ ਨੂੰ ਸਿਰੇ ਚਾੜਿਆ ।
ਇਸ ਮੌਕੇ ਸ੍ਰ ਗਿਆਨ ਸਿੰਘ ਪੀੜਤ ਗੋਪਾਲ ਸਿੰਘ ਰਿਵਾੜੀ,ਚਿੱਲੜ ਦੇ ਸਰਪੰਚ ਬਲਰਾਮ , ਬੀਬੀ ਜੀਵਨੀ ਬਾਈ, ਬੀਬੀ ਈਸਰੀ ਦੇਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ । ਟਕਸਾਲੀ ਅਕਾਲੀ ਆਗੂ ਸ੍ਰ ਪੀਰ ਮੁਹੰਮਦ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮਨਾਉਦਿਆਂ ਭਾਈ ਦਰਸ਼ਨ ਸਿੰਘ ਘੋਲੀਆ ਦੀ ਘਾਲਣਾ ਬੇਹੱਦ ਸਲਾਘਾਯੋਗ ਉਪਰਾਲਾ ਹੈ । ਉਹਨਾਂ ਐਲਾਨ ਕੀਤਾ ਕਿ ਬਹੁਤ ਜਲਦੀ ਵਿਸ਼ੇਸ਼ ਸਮਾਗਮ ਕਰਕੇ ਹੌਦ ਚਿੱਲੜ ਸਿੱਖ ਇਨਸਾਫ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਤੇ ਉਹਨਾਂ ਦੇ ਸਾਥੀਆਂ ਦਾ ਸਨਮਾਨ ਕੀਤਾ ਜਾਵੇਗਾ ।