- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ 'ਚ ਹੁਣ ਵਿਦਿਆਰਥਣਾਂ ਨੂੰ ਮਿਲੇਗੀ ਈ ਕੰਟੈਂਟ ਰਾਹੀਂ ਸਮਾਰਟ ਸਿੱਖਿਆ
- ਪ੍ਰਿੰਸੀਪਲ ਧੂੜੀਆ ਦੀਆਂ ਕੋਸ਼ਿਸ਼ਾਂ ਸਦਕਾ ਸਮਾਜ ਦੇ ਦਾਨੀ ਸੱਜਣਾ ਅਤੇ ਸਕੂਲ ਸਟਾਫ਼ ਨੇ ਬੱਚਿਆਂ ਲਈ ਲਗਵਾਈਆਂ 13 ਸਮਾਰਟ ਐਲ.ਈ.ਡੀਜ
ਫਾਜ਼ਿਲਕਾ, 22 ਨਵੰਬਰ 2019 -ਪੰਜਾਬ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਗੁਣਾਤਮਕ ਸਿੱਖਿਆ ਦੇਣ ਸਬੰਧੀ ਸਿੱਖਿਆ ਮੰਤਰੀ ਪੰਜਾਬ ਵਿਜੈਇੰਦਰ ਸਿੰਗਲਾ ਅਤੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਉਦੋਂ ਬੂਰ ਪਿਆ ਜਦੋਂ ਪ੍ਰਿੰਸੀਪਲ ਸੰਦੀਪ ਕੁਮਾਰ ਧੂੜੀਆਂ ਦੀਆਂ ਕੋਸ਼ਿਸ਼ਾਂ ਸਦਕਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ 'ਚ ਵਿਦਿਆਰਥਣਾਂ ਨੂੰ ਗੁਣਾਤਮਕ ਸਿੱਖਿਆ ਅਤੇ ਈ ਕੰਟੈਂਟ ਰਾਹੀਂ ਸਮਾਰਟ ਸਿੱਖਿਆ ਦੇਣ ਹਿਤ ਫਾਜ਼ਿਲਕਾ ਦੇ ਸਮਾਜ ਸੇਵਕ ਅਤੇ ਪਤਵੰਤੇ ਸੱਜਣਾ ਅਤੇ ਸਕੂਲ ਸਟਾਫ਼ ਦੇ ਸਹਿਯੋਗ ਨਾਲ 13 ਸਮਾਰਟ ਐਲ.ਈ.ਡੀ'ਜ ਸਕੂਲ ਨੂੰ ਦਾਨ ਦੇ ਰੂਪ 'ਚ ਪ੍ਰਾਪਤ ਹੋਈਆਂ।
ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਸੰਦੀਪ ਕੁਮਾਰ ਧੂੜੀਆ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ 'ਚ ਸਰਕਾਰੀ ਸਕੂਲਾਂ 'ਚ ਗੁਣਾਤਮਕ ਸਿੱਖਿਆ ਅਤੇ ਈ ਕੰਟੈਂਟ ਰਾਹੀਂ ਸਿੱਖਿਆ ਪ੍ਰਦਾਨ ਕੀਤੇ ਜਾਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਉਪਰਾਲਿਆਂ ਤਹਿਤ ਹੀ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਦੇ ਵੇਹੜੇ 'ਚ ਫਾਜ਼ਿਲਕਾ ਸ਼ਹਿਰ ਦੇ ਵੱਖ ਵੱਖ ਦਾਨੀ ਅਤੇ ਪਤਵੰਤੇ ਸੱਜਣਾ ਵੱਲੋਂ ਅਤੇ ਸਕੂਲ 'ਚ ਕੰਮ ਕਰ ਰਹੇ ਸਟਾਫ਼ ਦੇ ਸਾਂਝੇ ਸਹਿਯੋਗ ਸਦਕਾ ਵਿਦਿਆਰਥਣਾਂ ਲਈ 13 ਨਵੀਂਆਂ ਸਮਾਰਟ ਐਲ.ਈ.ਡੀ'ਜ ਸਕੂਲ ਨੂੰ ਭੇਂਟ ਸਵਰੂਪ ਪ੍ਰਾਪਤ ਹੋਈਆਂ।
ਇਹ ਉਪਰਾਲਾ ਵਿਦਿਆਰਥਣਾਂ ਨੂੰ ਈ ਕੰਟੈਂਟ ਰਾਹੀਂ ਸਮਾਰਟ ਸਿੱਖਿਆ ਦੇਣ 'ਚ ਮੀਲ ਦਾ ਪੱਥਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਮੁੱਚੇ ਸਟਾਫ਼ ਦੀ ਮਿਹਨਤ ਅਤੇ ਲੱਗਣ ਕਾਰਨ ਪਿਛਲੇ ਲੰਬੇ ਸਮੇਂ ਤੋਂ ਵਧੀਆ ਨਤੀਜੇ ਦੇ ਰਿਹਾ ਹੈ ਅਤੇ ਵਿਦਿਆਰਥਣਾਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰ ਰਿਹਾ ਹੈ। ਪ੍ਰਿੰਸੀਪਲ ਧੂੜੀਆ ਨੇ ਦੱਸਿਆ ਕਿ ਵੱਖ ਵੱਖ 13 ਸਮਾਰਟ ਐਲ.ਈ.ਡੀ'ਜ ਦੇਣ ਵਾਲੇ ਪਤਵੰਤੇ ਸੱਜਣਾ 'ਚ ਨਗਰ ਕੌਂਸਲ ਦੇ ਪ੍ਰਧਾਨ ਰਕੇਸ਼ ਧੂੜੀਆ, ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਅਸ਼ੋਕ ਜੈਰਥ, ਸੰਦੀਪ ਕਾਲੜਾ ਕਾਲੀ ਅਤੇ ਸੰਦੀਪ ਕਾਲੜਾ ਸਿੱਪੀ ਉਦਯੋਗਪਤੀ, ਇੰਜੀਨੀਅਰ ਰਾਕੇਸ਼ ਭੁਸਰੀ ਚੇਅਰਮੈਨ ਗੁਰੂ ਹਰਕ੍ਰਿਸ਼ਨ ਆਈ.ਟੀ.ਆਈ., ਅਮਨ ਨਾਗਪਾਲ ਉਦਯੋਗਪਤੀ, ਜਗਦੀਸ਼ ਮਦਾਨ ਅਤੇ ਕਿਰਨ ਗਾਂਧੀ ਰਿਟਾਇਰਡ ਲੈਕਚਰਾਰ, ਸੁਮੀਲਾ ਅਤੇ ਪ੍ਰਫੁੱਲ ਸਚਦੇਵਾ ਲੈਕਚਰਾਰ ਸਰਕਾਰੀ ਕੰਨਿਆ ਸਕੂਲ, ਸਤਿੰਦਰ ਸਿੰਘ ਲਾਲੀ ਅਤੇ ਅਰੁਣ ਲੂਨਾ ਲੈਕਚਰਾਰ ਸਰਕਾਰੀ ਕੰਨਿਆ ਸਕੂਲ ਨੇ 8 ਐਲ.ਈ.ਡੀ'ਜ ਸਕੂਲ ਨੂੰ ਭੇਂਟ ਕੀਤੀਆਂ। ਇਸ ਤੋਂ ਇਲਾਵਾ ਪੰਜ ਹੋਰ ਸਮਾਰਟ ਐਲ.ਈ.ਡੀ'ਜ ਇਸ ਸਕੂਲ 'ਚ 6ਵੀਂ ਤੋਂ 10 ਪੜ੍ਹਾਉਣ ਵਾਲੇ ਸਮੂਹ ਅਧਿਆਪਕ ਸਹਿਬਾਨ ਅਤੇ ਸਮੂਹ ਕੰਪਿਊਟਰ ਫੈਕਿਲਟੀਜ਼ ਵੱਲੋਂ ਦਾਨ ਦੇ ਰੂਪ 'ਚ ਭੇਂਟ ਕੀਤੀਆਂ ਗਈਆਂ।
ਪ੍ਰਿੰਸੀਪਲ ਧੂੜੀਆ ਨੇ ਦੱਸਿਆ ਕਿ ਇਹ 13 ਸਮਾਰਟ ਐਲ.ਈ.ਡੀ ਰਾਹੀਂ ਸਕੂਲ ਦੀ ਸਮੁੱਚੀ 9ਵੀਂ ਜਮਾਤ ਅਤੇ 10ਵੀਂ ਜਮਾਤ ਦੇ 11 ਸੈਕਸ਼ਨਾਂ 'ਚ ਅਤੇ 11ਵੀਂ ਅਤੇ 12ਵੀਂ ਦੀਆਂ ਸਾਇੰਸ ਵਿਸ਼ੇ ਦੀਆਂ ਜਮਾਤਾਂ 'ਚ ਅਧਿਆਪਕਾਂ ਵੱਲੋਂ ਈ ਕੰਟੈਂਟ ਰਾਹੀਂ ਸਮਾਰਟ ਸਿੱਖਿਆ ਅਤੇ ਸਮਾਰਟ ਲਰਨਿੰਗ ਵਿਦਿਆਰਥਣਾਂ ਨੂੰ ਕਰਵਾਈ ਜਾਵੇਗੀ। ਸਿੱਖਿਆ ਵਿਭਾਗ ਦੇ ਹਰ ਮਿਸ਼ਨ ਨੂੰ ਪੂਰਾ ਕਰਨ ਦਾ ਇਹ ਸਕੂਲ ਹਰ ਸੰਭਵ ਯਤਨ ਕਰੇਗਾ। ਉਨ੍ਹਾਂ ਕਿਹਾ ਕਿ ਜਲਦੀ ਹੀ 6ਵੀਂ ਤੋਂ 8ਵੀਂ ਜਮਾਤਾਂ ਲਈ ਵੀ ਸਮਾਰਟ ਐਲ.ਈ.ਡੀ'ਜ ਲਗਾਉਣ ਦਾ ਪ੍ਰੋਜੈਕਟ ਵੀ ਪੂਰਾ ਕਰ ਲਿਆ ਜਾਵੇਗਾ। ਇਸ ਮੌਕੇ ਸ਼ਹਿਰ ਤੋਂ ਵੱਖ ਵੱਖ ਪਤਵੰਤੇ ਦਾਨੀ ਸੱਜਣਾ ਸਮੇਤ ਸਮੂਹ ਸਕੂਲ ਦੇ ਸਟਾਫ਼ ਅਤੇ ਉਨ੍ਹਾਂ ਦੇ ਪਰਿਵਰਕ ਮੈਂਬਰਾਂ ਦਾ ਪ੍ਰਿੰਸੀਪਲ ਧੂੜੀਆ ਨੇ ਸਮੁੱਚੇ ਸਕੂਲ ਵੱਲੋਂ ਧੰਨਵਾਦ ਕੀਤਾ। ਇਸ ਮੌਕੇ ਵਾਇਸ ਪ੍ਰਿੰਸੀਪਲ ਕੰਚਨ ਬਾਲਾ ਦੇ ਨਾਲ ਸਮੁੱਚਾ ਸਟਾਫ਼ ਵੀ ਹਾਜ਼ਰ ਸੀ।