ਵਿਧਾਇਕਾਂ ਦੇ ਵਿਰੋਧ ਦੇ ਡਰੋਂ ਪਟਿਆਲਾ ਜ਼ਿਲਾ ਪ੍ਰਸ਼ਾਸਨ ਨੇ ਪ੍ਰਨੀਤ ਕੌਰ ਦੀ ਮੀਟਿੰਗ ਕੀਤੀ ਕੈਂਸਲ
ਪਟਿਆਲਾ, 2 ਦਸੰਬਰ, 2019 : ਪਟਿਆਲਾ ਜ਼ਿਲਾ ਪ੍ਰਸ਼ਾਸਨ ਨੇ ਕਾਂਗਰਸ ਦੇ ਵਿਧਾਇਕਾਂ ਦੇ ਵਿਰੋਧ ਦੇ ਖਦਸ਼ੇ ਨੂੰ ਵੇਖਦਿਆਂ ਜ਼ਿਲਾ ਵਿਕਾਸ ਤਾਲਮੇਲ ਅਤੇ ਨਿਗਰਾਨ ਕਮੇਟੀ ਦੀ ਮੀਟਿੰਗ ਐਨ ਆਖਰੀ ਮੌਕੇ ਕੈਂਸਲ ਕਰ ਦਿੱਤੀ। ਮੀਟਿੰਗ ਦੀ ਪ੍ਰਧਾਨਗੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਪ੍ਰਨੀਤ ਕੌਰ ਨੇ ਕਰਨੀ ਸੀ।
ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ਪ੍ਰਨੀਤ ਕੌਰ ਇਸ ਕਮੇਟੀ ਦੇ ਚੇਅਰਪਰਸਨ ਹਨ ਜਦਕਿ ਜ਼ਿਲੇ ਦੇ ਸਾਰੇ ਵਿਧਾਇਕ ਇਸਦੇ ਮੈਂਬਰ ਹਨ।
ਇਹ ਕਾਰਵਾਈ ਪਿਛਲੇ ਦਿਨੀਂ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ, ਰਾਜਿੰਦਰ ਸਿੰਘ, ਹਰਦਿਆਲ ਕੰਬੋਜ ਅਤੇ ਮਦਨ ਲਾਲ ਜਲਾਲਪੁਰ ਵੱਲੋਂ ਪਟਿਆਲਾ ਨਗਰ ਨਿਗਮ ਵਿਚ ਰੱਖੇ ਸਮਾਗਮ ਦਾ ਬਾਈਕਾਟ ਕਰਨ ਤੋਂ ਇਕ ਦਿਨ ਬਾਅਦ ਹੋਈ ਹੈ। ਨਗਰ ਨਿਗਮ ਸਮਾਗਮ ਵਿਚ ਪ੍ਰਨੀਤ ਕੌਰ ਮੁੱਖ ਮਹਿਮਾਨ ਸਨ। ਸਮਾਗਮ ਵਿਚ ਪ੍ਰਨੀਤ ਕੌਰ ਨੂੰ ਇਸ ਗੱਲ ਦਾ ਜਵਾਬ ਦੇਣਾ ਔਖਾ ਹੋ ਗਿਆ ਸੀ ਕਿ ਵਿਧਾਇਕਾਂ ਦੀਆਂ ਕੁਰਸੀਆਂ ਕਿਉਂ ਖਾਲੀ ਹਨ।
ਜਦੋਂ ਪ੍ਰਸ਼ਾਸਨ ਨੂੰ ਮਹਿਸੂਸ ਹੋਇਆ ਕਿ ਮੀਟਿੰਗ ਦਾ ਵਿਧਾਇਕ ਬਾਈਕਾਟ ਕਰ ਸਕਦੇ ਹਨ ਜਾਂ ਫਿਰ ਮੀਟਿੰਗ ਵਿਚ ਰੌਲਾ ਰੱਪਾ ਪੈ ਸਕਦਾ ਹੈ ਜਿਵੇਂ ਕਿ ਪਿਛਲੇ ਮਹੀਨੇ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਵਿਚ ਹੋਇਆ ਸੀ ਤਾਂ ਪ੍ਰਸ਼ਾਸਨ ਨੇ ਮੀਟਿੰਗ ਕੈਂਸਲ ਕਰਨਾ ਹੀ ਠੀਕ ਸਮਝਿਆ। ਸ਼ਨੀਵਾਰ ਦੀ ਇਸ ਮੀਟਿੰਗ ਵਾਸਤੇ ਏਜੰਡਾ 26 ਨਵੰਬਰ ਨੂੰ ਜਾਰੀ ਕੀਤਾ ਗਿਆ ਸੀ ਤੇ ਇਹ ਸਾਰੇ ਵਿਧਾਇਕਾਂ ਤੇ ਅਫਸਰਾਂ ਨੂੰ ਭੇਜਿਆ ਗਿਆ ਸੀ।
ਡਿਪਟੀ ਕਮਿਸ਼ਨਰ ਕੁਮਾਰ ਅਮਿਤ ਦਾ ਕਹਿਣਾ ਹੈ ਕਿ ਮੀਟਿੰਗ ਇਸ ਕਰ ਕੇ ਕੈਂਸਲ ਕਰਨੀ ਪਈ ਕਿਉਂਕਿ ਬਹੁਤੇ ਐਸ ਡੀ ਐਮ ਤੇ ਅਫਸਰ ਇਨਵੈਸਟਮੈਂਟ ਪੰਜਾਬ ਸੰਮੇਲਨ ਕਾਰਨ ਰੁੱਝੇ ਹੋਏ ਸਨ।