ਮਲੋਟ, 2 ਦਸੰਬਰ, 2019 - ਸ਼ਹਿਰ ਦੇ ਸਕਾਈਮਾਲ ਜਿੰਮ ਵਿਚ ਆਪਣੇ ਸਾਥੀ ਨਾਲ ਕਸਰਤ ਕਰ ਰਹੇ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਨੂੰ ਕੁੱਝ ਕਾਰ ਸਵਾਰ ਵਿਅਕਤੀਆਂ ਨੇ ਗੋਲੀ ਮਾਰ ਦਿੱਤੀ। ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।
ਗੋਲੀਬਾਰੀ ਵਿਚ ਮੰਨਾ ਦਾ ਸਾਥੀ ਫੱਟੜ ਹੋ ਗਿਆ। ਉਸਦੇ ਪੈਰ 'ਤੇ ਗੋਲੀ ਵੱਜੀ ਹੈ। ਗੋਲੀ ਲੱਗਣ ਤੋਂ ਬਾਅਦ ਜਦੋਂ ਮਨਪ੍ਰੀਤ ਮੰਨਾ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਤ ਕਰ ਦਿੱਤਾ।
ਲਾਰੇਂਸ ਬਿਸ਼ਨੋਈ ਗੈਂਗ ਨੇ ਗੋਲੀ ਮਾਰਨ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ ਹੈ। ਬਿਸ਼ਨੋਈ ਗੈਂਗ ਨੇ ਫੇਸਬੁੱਕ ਪੋਸਟ 'ਤੇ ਦਾਅਵਾ ਕੀਤਾ ਕਿ ਰਾਜੂ ਬਿਸ਼ੋੜੀ ਨਾਂ ਦੇ ਵਿਅਕਤੀ ਨੇ ਮੰਨਾ ਨੂੰ ਗੋਲੀ ਮਾਰੀ ਹੈ। ਇਹ ਵੀ ਆਖਿਆ ਗਿਆ ਕਿ ਉਸਨੂੰ ਇਸ ਲਈ ਮਾਰਿਆ ਹੈ ਕਿਉਂਕਿ ਉਸਨੇ ਅੰਕਿਤ ਬੱਡੂ ਦੀ ਮੁਖਬਰੀ ਕੀਤੀ ਸੀ। ਇਹ ਵੀ ਦਾਅਵਾ ਕੀਤਾ ਗਿਆ ਕਿ ਇਸ ਉਪਰੰਤ ਹੋਰ ਵੀ ਵਿਅਕਤੀ ਮਾਰੇ ਜਾਣਗੇ। ਪੋਸਟ ਵਿਚ ਦਾਅਵਾ ਕੀਤਾ ਗਿਆ ਕਿ ਸੁੱਖਾ ਕਾਹਲਵਾਂ ਨੂੰ ਮਾਰਨ ਵਾਲਿਆਂ ਸਾਰੇ ਵਿਅਕਤੀਆਂ ਨਾਲ ਹਿਸਾਬ ਕੀਤਾ ਜਾਵੇਗਾ। ਇਹ ਵੀ ਦਾਅਵਾ ਕੀਤਾ ਕਿ ਰਾਜੂ ਬਿਸ਼ੋੜੀ ਨੇ ਹਰਿਆਣਾ ਵਿਚ ਪੁਲਿਸ ਹਿਰਾਸਤ ਵਿੱਚ 7 ਵਿਅਕਤੀਆਂ ਦਾ ਕਤਲ ਕੀਤਾ ਸੀ।