ਅਸ਼ੋਕ ਵਰਮਾ
ਬਠਿੰਡਾ ,20 ਜਨਵਰੀ 2020 - ਉਸਮਾਨੀਆ ਯੂਨੀਵਰਸਿਟੀ ਦੇ ਤੇਲਗੂ ਵਿਭਾਗ ਦੇ ਸਹਾਇਕ ਪੋ੍ਫੈਸਰ ਕਾਸਿਮ ਨੂੰ ਗ੍ਰਿਫ਼ਤਾਰ ਕਰਨ ਦੀ ਜਮਹੂਰੀ ਅਧਿਕਾਰ ਸਭਾ ਨੇ ਸਖਤ ਨਿੰਦਾ ਕਰਦਿਆਂ ਉਹਨਾਂ ਦੀ ਫੌਰੀ ਰਿਹਾਈ ਦੀ ਮੰਗ ਕੀਤੀ ਹੈ । ਸਭਾ ਦੀ ਜ਼ਿਲ੍ਹਾ ਇਕਾਈ ਬਠਿੰਡਾ ਦੇ ਪ੍ਰਧਾਨ ਪਿ੍ੰਸੀਪਲ ਬੱਗਾ ਸਿੰਘ, ਜਨਰਲ ਸਕੱਤਰ ਪਿ੍ਤਪਾਲ ਸਿੰਘ ਅਤੇ ਪੈ੍ਸ ਸਕੱਤਰ ਡਾ. ਅਜੀਤਪਾਲ ਸਿੰਘ ਨੇ ਕਿਹਾ ਕਿ ਤੇਲੰਗਾਨਾ-ਆਂਧਰਾ ਪ੍ਰਦੇਸ਼ ਦੀ ਇਨਕਲਾਬੀ ਲੇਖਕ (ਵਿਰਾਸਮ: “ਰੈਵੋਲਿਊਸ਼ਨਰੀ ਰਾਈਟਰਜ਼ ਐਸੋਸੀਏਸ਼ਨ”) ਦੇ ਸਕੱਤਰ ਅਤੇ ਓਸਮਾਨੀਆ ਯੂਨੀਵਰਸਿਟੀ ਦੇ ਤੇਲਗੂ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਕਾਸਿਮ ਨੂੰ ਮਾਓਵਾਦੀਆਂ ਨਾਲ ਕਥਿਤ ਸੰਬੰਧਾਂ ਦੇ ਇਲਜ਼ਾਮ ਵਿਚ ਤੇਲੰਗਾਨਾ ਪੁਲਿਸ ਵੱਲੋਂ ਗਿ੍ਰਫ਼ਤਾਰ ਕੀਤਾ ਗਿਆ ਹੈ। ਵਿਰਾਸਮ ਦੇ ਲੇਖਕ, ਕਵੀ ਅਤੇ ਬੁੱਧੀਜੀਵੀ ਸਦਾ ਲੋਕ ਹਿਤਾਂ ਲਈ ਆਵਾਜ਼ ਉਠਾਉਣ ਵਾਲਿਆਂ ਦੀ ਮੋਹਰਲੀ ਕਤਾਰ ਵਿਚ ਰਹਿੰਦੇ ਹਨ। ਇਹ ਗਿ੍ਰਫ਼ਤਾਰੀ ਬੁੱਧੀਜੀਵੀਆਂ ਦੀ ਜ਼ੁਬਾਨਬੰਦੀ ਕਰਨ ਲਈ ਸਟੇਟ ਵੱਲੋਂ ਵਿੱਢੇ ਫਾਸ਼ੀਵਾਦੀ ਹਮਲੇ ਦਾ ਹਿੱਸਾ ਹੈ।
ਸਭਾ ਦੇ ਆਗੂਆਂ ਨੇ ਅੱਗੇ ਕਿਹਾ ਕਿ ਇਨਕਲਾਬੀ ਕਵੀ ਅਤੇ ਪ੍ਰੋਫੈਸਰ ਵਰਾਵਰਾ ਰਾਓ ਤੇ ਹੋਰ ਉਘੇ ਬੁਧੀਜੀਵੀ ਪਿਛਲੇ ਇਕ ਸਾਲ ਤੋਂ ਲੈ ਕੇ “ਭੀਮਾ-ਕੋਰੇਗਾਓਂ ਸਾਜ਼ਿਸ਼” ਤਹਿਤ ਜੇਲ੍ਹ ਵਿਚ ਬੰਦ ਹਨ। ਇਸ ਵਕਤ ਜਦੋਂ ਪੂਰੇ ਦੇਸ਼ ਵਿਚ ਆਰ.ਐੱਸ.ਐੱਸ.-ਭਾਜਪਾ ਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਹਿੰਦੂ ਰਾਸ਼ਟਰ ਦੇ ਫਾਸ਼ੀਵਾਦੀ ਪ੍ਰੋਜੈਕਟ ਵਿਰੁੱਧ ਵਿਆਪਕ ਰੋਹ ਫੈਲਿਆ ਹੋਇਆ ਹੈ ਅਤੇ ਲੱਖਾਂ ਲੋਕ ਦੇਸ਼ ਦੇ ਕੋਨੇ ਕੋਨੇ ਵਿਚ ਸੜਕਾਂ ਉੱਪਰ ਉੱਤਰੇ ਹੋਏ ਹਨ, ਉਦੋਂ ਬੁੱਧੀਜੀਵੀਆਂ ਦੀ ਜ਼ੁਬਾਨਬੰਦੀ ਕਰਨ ਲਈ ਕੀਤੀਆਂ ਜਾ ਰਹੀਆਂ ਗਿ੍ਫ਼ਤਾਰੀਆਂ ਪਿੱਛੇ ਕੰਮ ਕਰਦੀ ਮਨਸ਼ਾ ਨੂੰ ਸਮਝਿਆ ਜਾ ਸਕਦਾ ਹੈ। ਜਮਹੂਰੀ ਅਧਿਕਾਰ ਸਭਾ ਨੇ ਪ੍ਰੋਫੈਸਰ ਕਾਸਿਮ ਦੀ ਰਿਹਾਈ ਲਈ ਸਮੂਹ ਅਗਾਂਹਵਧੂ ਜਮਹੂਰੀ ਤਾਕਤਾਂ ਨੂੰ ਜ਼ੋਰਦਾਰ ਆਵਾਜ਼ ਉਠਾਉਣ ਲਈ ਅੱਗੇ ਆਉਣਾ ਦਾ ਸੱਦਾ ਦਿੱਤਾ ਹੈ।