ਅਸ਼ੋਕ ਵਰਮਾ
ਬਠਿੰਡਾ, 20 ਜਨਵਰੀ 2020 - ਗਣਤੰਤਰ ਦਿਵਸ ਸਮਾਗਮਾਂ ਦੇ ਮੱਦੇਨਜ਼ਰ ਚੌਕਸ ਹੋਈ ਬਠਿੰਡਾ ਪੁਲਿਸ ਨੇ ਅੱਜ ਫਰੋਲਾ-ਫਰਾਲੀ ਕਰਦਿਆਂ ਇੱਥੋਂ ਦੇ ਬੱਸ ਅੱਡੇ ’ਚ ਜਾਂਚ ਕੀਤੀ ਅਤੇ ਸ਼ੱਕੀ ਬੱਸ ਮੁਸਾਫਿਰਾਂ ਦੇ ਬੈਗਾਂ ਆਦਿ ਦੀ ਤਲਾਸ਼ੀ ਲਈ। ਪੁਲਿਸ ਨੇ ਸਕੂਟਰ ਸਟੈਂਡ ’ਚ ਖੜੇ ਕੀਤੇ ਮੋਟਰਸਾਈਕਲਾਂ ਆਦਿ ਦੀ ਪੜਤਾਲ ਵੀ ਕੀਤੀ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ 26 ਜਨਵਰੀ ਨੂੰ ਬਠਿੰਡਾ ‘ਚ ਕੌਮੀ ਝੰਡਾ ਲਹਿਰਾਉਣ ਲਈ ਆ ਰਹੇ ਹਨ ਜਿਸ ਕਰਕੇ ਪ੍ਰਸਾਸ਼ਨ ਵਧੇਰੇ ਚੌਕਸ ਹੋ ਗਿਆ ਹੈ।
ਪੁਲਿਸ ਦੀ ਅੱਜ ਦੀ ਕਾਰਵਾਈ ਦੀ ਅਗਵਾਈ ਡੀ. ਐਸ. ਪੀ. (ਸਿਟੀ) ਗੁਰਜੀਤ ਸਿੰਘ ਰੋਮਾਣਾ ਨੇ ਕੀਤੀ ਜਦੋਂ ਕਿ ਪੁਲਿਸ ਦੇ ਕੁਝ ਅਧਿਕਾਰੀ ਵੀ ਉਨਾਂ ਦੇ ਨਾਲ ਸਨ। ਪੁਲਿਸ ਨੇ ਅੱਜ ਦੀ ਤਲਾਸ਼ੀ ਮੁਹਿੰਮ ਦੌਰਾਨ ਕੁੱਝ ਸ਼ੱਕੀ ਵਿਅਕਤੀਆਂ ਨੂੰ ਜਾਂਚ ਲਈ ਹਿਰਾਸਤ ’ਚ ਲਿਆ ਹੈ। ਉਂਜ ਪੁਲਿਸ ਨੂੰ ਕੋਈ ਸ਼ੱਕੀ ਜਾਂ ਖਤਰਾ ਬਣਨ ਵਾਲੀ ਵਸਤੂ ਆਦਿ ਹੱਥ ਨਹੀਂ ਲੱਗੀ ਹੈ। ਉਂਝ ਇੰਨਾਂ ਸਮਾਗਮਾਂ ਕਾਰਨ ਅਧਿਕਾਰੀ ਚੌਕਸੀ ਦੇ ਪੱਖ ਤੋਂ ਕੋਈ ਕਸਰ ਬਾਕੀ ਨਹੀਂ ਰੱਖ ਰਹੇ ਹਨ।
ਪੁਲਿਸ ਨੂੰ ਖਦਸ਼ਾ ਹੈ ਕਿ ਦੇਸ਼ ਦੇ ਇਸ ਅਹਿਮ ਸਮਾਗਮ ਮੌਕੇ ਸ਼ਰਾਰਤੀ ਅਨਸਰ ਕਿਸੇ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ ਸਕਦੇ ਹਨ ਜਿਸ ਕਰਕੇ ਪੁਲਿਸ ਵੱਲੋਂ ਢਿੱਲ ਨਹੀਂ ਵਰਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਕੇਂਦਰੀ ਖੁਫੀਆ ਏਜੰਸੀਆਂ ਨੇ 26 ਜਨਵਰੀ ਨੂੰ ਦੇਖਦਿਆਂ ਸਰਕਾਰ ਨੂੰ ਅਣਸੁਖਾਵੀਆਂ ਘਟਨਾਵਾ ਦੀ ਸੰਭਾਵਨਾ ਪ੍ਰਤੀ ਚੌਕਸ ਕੀਤਾ ਹੈ ਪਰ ਇਸ ਦੀ ਕੋਈ ਪੁਸ਼ਟੀ ਕਰਨ ਨੂੰ ਤਿਆਰ ਨਹੀਂ ਹੋਇਆ ਹੈ। ਜਿਲਾ ਪ੍ਰਸ਼ਾਸ਼ਨ ਵੱਲੋਂ ਸਮਾਗਮ ਵਾਲੀ ਥਾਂ ਦੇ ਆਲੇ ਦੁਆਲੇ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਉੱਤੇ ‘ ਅਲਰਟ’ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਜਿੱਥੇ ਸ਼ਹਿਰ ਵਿੱਚ ਥਾਂ -ਥਾਂ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ, ਉੱਥੇ ਹੀ ਸ਼ਹਿਰ ਵਿੱਚ ਦਾਖ਼ਲ ਹੋਣ ਵਾਲੇ ਰਸਤਿਆਂ , ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਸਮੇਤ ਹੋਰ ਜਨਤਕ ਥਾਵਾਂ ‘ਤੇ ਵੀ ਪੁਲੀਸ ਦੇ ਪਹਿਰੇ ਲਾਏ ਜਾ ਰਹੇ ਹਨ।
ਪੁਲਿਸ ਦੀਆਂ ਪੀ ਸੀ ਆਰ ਦੇ ਮੋਟਰਸਾਈਕਲ ਤੇ ਆਰਟਿਗਾ ਗੱਡੀਆਂ ਵੀ ਗਸ਼ਤ ਕਰ ਰਹੀਆਂ ਹਨ। ਇਨਾਂ ਗੱਡੀਆਂ ਨੂੰ ਕੁਝ ਸੰਵੇਦਨਸ਼ੀਲ ਮੰਨੀਆਂ ਜਾਂਦੀਆਂ ਥਾਵਾਂ ਖਾਸ ਤੌਰ ਤੇ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਦੇ ਨੇੜੇ ਵਧੇਰੇ ਚੌਕਸੀ ਵਰਤਣ ਲਈ ਕਿਹਾ ਗਿਆ ਹੈ। ਪੁਲਿਸ ਟੀਮਾਂ ਜਿਆਦਾ ਭੀੜ ਵਾਲੇ ਇਲਾਕਿਆਂ, ਸ਼ਹਿਰ ਦੇ ਮੁੱਖ ਬਜਾਰਾਂ ,ਧਾਰਮਿਕ ਸਥਾਨਾਂ ਅਤੇ ਸ਼ਾਪਿੰਗ ਮਾਲਜ਼ ਵਗੈਰਾ ਦੀ ਨਿਗਰਾਨੀ ਕਰ ਰਹੀਆਂ ਹਨ। ਪੁਲੀਸ ਦੀ ਤੁਰੰਤ ਕਾਰਵਾਈ ਕਰਨ ਵਾਲੀ ਕੁਇੱਕ ਐਕਸ਼ਨ ਟੀਮ ਨੂੰ ਵੀ ‘ਸਟੈਂਡਬਾਈ ਮੋਡ ’ ਰੱਖਿਆ ਗਿਆ ਹੈ । ਦੱਸਿਆ ਜਾਂਦਾ ਹੈ ਕਿ ਐਸਐਸਪੀ ਨੇ ਸਮੂਹ ਥਾਣਾ ਇੰਚਾਰਜਾਂ ਨੂੰ ਗਸ਼ਤ ਵਧਾਉਣ ਅਤੇ ਚੌਕੀ ਵਰਤਣ ਦੇ ਨਿਰਦੇਸ਼ ਦਿੱਤੇ ਹਨ।
ਸ਼ੱਕੀ ਹਿਰਾਸਤ ’ਚ ਲਏ: ਡੀਐਸਪੀ.....
ਡੀਐਸਪੀ ਗੁਰਜੀਤ ਸਿੰਘ ਰੋਮਾਣਾ ਦਾ ਕਹਿਣਾ ਸੀ ਕਿ ਅੱਜ ਦੀ ਪੁਲਿਸ ਦੀ ਤਲਾਸ਼ੀ ਮੁਹਿੰਮ ਦੌਰਾਨ ਇੱਕ ਵਿਅਕਤੀ ਕੋਲੋਂ ਸਿਲਵਰ ਫੌਇਲ ਬਰਾਮਦ ਹੋਇਆ ਹੈ। ਸ਼ੱਕੀ ਨੌਜਵਾਨ ਨੇ ਖੁਦ ਨੂੰ ਵੇਟਰ ਦੱਸਿਆ ਹੈ ਅਤੇ ਸਿਲਵਰ ਫੌਇਲ ਵੀ ਵਿਆਹ ਸਮਾਗਮ ਚੋਂ ਲਿਆਉਣ ਦੀ ਗੱਲ ਆਖੀ ਹੈ । ਉਨਾਂ ਦੱਸਿਆ ਕਿ ਇਸੇ ਤਰਾਂ ਹੀ ਬੱਸ ਅੱਡੇ ’ਚ ਘੁੰਮ ਰਹੇ 4 ਨੌਜਵਾਨ ਸ਼ੱਕ ਦੇ ਅਧਾਰ ਤੇ ਬਿਠਾਏ ਗਏ ਹਨ। ਉਨਾਂ ਦੱਸਿਆ ਕਿ ਇੰਨਾਂ ਪੰਜਾਂ ਬਾਰੇ ਪੜਤਾਲ ਕੀਤੀ ਜਾ ਰਹੀ ਹੈ। ਡੀਐਸਪੀ ਰੋਮਾਣਾ ਨੇ ਦੱਸਿਆ ਕਿ ਅੱਜ ਕੋਈ ਸ਼ੱਕੀ ਜਾਂ ਖਤਰੇ ਵਾਲੀ ਕੋਈ ਵਸਤੂ ਨਹੀਂ ਮਿਲੀ ਹੈ।+
ਖਤਰੇ ਵਾਲੇ ਜੋਨ ’ਚ ਸ਼ੁਮਾਰ ਬਠਿੰਡਾ......
ਸੁਰੱਖਿਆ ਦੇ ਲਿਹਾਜ ਤੋਂ ਬਠਿੰਡਾ ਹੁਣ ਖਤਰੇ ਵਾਲਾ ਜੋਨ ਮੰਨਿਆ ਜਾਣ ਲੱਗਿਆ ਹੈ। ਜਿਲੇ ਦੇ ਪਿੰਡ ਵਿਰਕ ਕਲਾਂ ‘ਚ ਕੌਮੀ ਪੱਧਰ ਦਾ ਹਵਾਈ ਅੱਡਾ ਤੇ ਭਾਰਤੀ ਹਵਾਈ ਫੌਜ ਦਾ ਏਅਰਬੇਸ ਵੀ ॥ ਇਸੇ ਤਰਾਂ ਹੀ ਰਾਮਾ ਮੰਡੀ ਇਲਾਕੇ ‘ਚ ਸਭ ਤੋਂ ਵੱਡੇ ਪੂੰਜੀ ਨਿਵੇਸ਼ ਵਾਲੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਚਲ ਰਹੀ ਹੈ। ਬਠਿੰਡਾ ਸ਼ਹਿਰ ਵਿੱਚ ਤਿੰਨ ਵੱਡੇ ਤੇਲ ਡਿਪੂ ਹਨ ਹੈ ਜਿੱਥੋਂ ਪੂਰੇ ਮਾਲਵੇ ਨੂੰ ਤੇਲ ਸਪਲਾਈ ਕੀਤਾ ਜਾਂਦਾ ਹੈ॥ਬਠਿੰਡਾ ਵਿੱਚ ਹੀ ਏਸ਼ੀਆ ਦੀ ਸਭ ਤੋਂ ਵੱਡੀ ਛਾਉਣੀ ਅਤੇ ਬਠਿੰਡਾ ਤੇ ਲਹਿਰਾ ਮੁਹੱਬਤ ਵਿੱਚ ਦੋ ਵੱਡੇ ਤਾਪ ਬਿਜਲੀ ਘਰ ਹਨ ਜਦੋਂਕਿ ਤੀਜਾ ਸੁਪਰ ਤਾਪ ਬਿਜਲੀ ਘਰ ਤਲਵੰਡੀ ਸਾਬੋ ਦੇ ਨਜ਼ਦੀਕ ਲੱਗਾ ਹੋਇਆ ਹੈ। ਬਠਿੰਡਾ ਸ਼ਹਿਰ ਵਿੱਚ ਕੌਮੀ ਖਾਦ ਕਾਰਖਾਨਾ ਅਤੇ ਦੇਸ਼ ਦਾ ਵੱਡਾ ਰੇਲ ਜੰਕਸ਼ਨ ਵੀ ਬਠਿੰਡਾ ਵਿੱਚ ਹੈ॥ ਇਸ ਤੋਂ ਬਿਨਾਂ ਦਰਜਨਾਂ ਹੋਟਲ ਅਤੇ ਵੱਡੇ ਕਾਰੋਬਾਰੀ ਅਦਾਰੇ ਹਨ।
ਪੁਲਿਸ ਦੀ ਤਰਜੀਹ ਆਮ ਲੋਕਾਂ ਦੀ ਸੁਰੱਖਿਆ ਲਈ....
ਜ਼ਿਲਾ ਪੁਲੀਸ ਕਪਤਾਨ ਡਾ. ਨਾਨਕ ਸਿੰਘ ਦਾ ਕਹਿਣਾ ਸੀ ਕਿ ਬਠਿੰਡਾ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ ਤੇ ਇਸ ਲਈ ਲੁੜੀਂਦੇ ਕਦਮ ਚੁੱਕੇ ਜਾ ਰਹੇ ਹਨ। ਉਨਾਂ ਕਿਹਾ ਕਿ ਪੁਲਿਸ ਸ਼ਰਾਰਤੀ ਤੇ ਸ਼ਰਾਰਤੀ ਅਨਸਰਾਂ ਨਾਲ ਕਰੜੇ ਹੱਥੀਂ ਨਿਪਟੇਗੀ। ਉਨਾਂ ਕਿਹਾ ਕਿ ਪੂਰੇ ਇਲਾਕੇ ‘ਚ ਪੁਲਿਸ ਬਲ ਸਥਿਤੀ ਤੇ ਨਜ਼ਰ ਰੱਖ ਰਹੇ ਹਨ ਅਤੇ ਸਮਾਗਮਾਂ ਵਾਲੀ ਥਾਂ ਤੇ ਵੀ ਸਰੱਖਿਆ ਸਖਤ ਕੀਤੀ ਜਾ ਰਹੀ ਹੈ।