ਬੀ.ਐੱਸ.ਐਫ ਨੇ ਡੇਰਾ ਬਾਬਾ ਨਾਨਕ ਦੇ ਸਰਹੱਦੀ ਕਿਸਾਨਾਂ ਨਾਲ ਬੈਠਕ ਕਰ ਕੇ ਮੰਗਿਆ ਸਹਿਯੋਗ
ਲੋਕੇਸ਼ ਰਿਸ਼ੀ
ਗੁਰਦਾਸਪੁਰ, 21 ਜਨਵਰੀ 2020- ਹਿੰਦ-ਪਾਕੀ ਸਰਹੱਦ 'ਤੇ ਪਾਕਿਸਤਾਨੀ ਡਰੋਨ ਗਤੀਵਿਧੀਆਂ ਅਤੇ ਨਸ਼ਾ ਤਸਕਰੀ ਦੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਬੀ.ਐੱਸ.ਐਫ ਦੀ 10 ਬਟਾਲੀਅਨ ਵੱਲੋਂ ਸਰਹੱਦ ਦੇ ਨਾਲ ਲੱਗਦੀ ਜ਼ਮੀਨ ਦੇ ਮਾਲਕਾਂ ਨਾਲ ਇੱਕ ਵਿਸ਼ੇਸ਼ ਬੈਠਕ ਕੀਤੀ ਗਈ। ਡੇਰਾ ਬਾਬਾ ਨਾਨਕ ਸਰਹੱਦ ਦੀ ਅਬਾਦ ਬੀ.ਓ.ਪੀ ਚੈੱਕ ਪੋਸਟ ਵਿਖੇ ਬੀ.ਐੱਸ.ਐਫ ਦੇ ਆਲਾ ਅਧਿਕਾਰੀਆਂ ਅਤੇ ਸਥਾਨਕ ਵਸਨੀਕਾਂ ਵਿਚਕਾਰ ਹੋਈ ਇਸ ਬੈਠਕ ਦੌਰਾਨ ਪਾਕਿਸਤਾਨੀ ਡਰੋਨ ਗਤੀਵਿਧੀਆਂ ਅਤੇ ਨਸ਼ਾ ਤਸਕਰੀ ਵਰਗੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਆਪਸੀ ਸਹਿਯੋਗ ਦੀ ਅਪੀਲ ਕੀਤੀ ਗਈ। ਨਾਲ ਹੀ ਇਸ ਦੌਰਾਨ ਅਧਿਕਾਰੀਆਂ ਵੱਲੋਂ ਕੰਡਿਆਲੀ ਤਾਰ ਦੇ ਨਜ਼ਦੀਕ ਫ਼ਸਲ ਦੀ ਪੈਦਾਵਾਰ ਕਰਨ ਵਾਲੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣ ਕੇ ਉਨ੍ਹਾਂ ਦੇ ਜਲਦ ਹੱਲ ਦਾ ਭਰੋਸਾ ਵੀ ਦਵਾਇਆ ਗਿਆ।
ਵਧੇਰੇ ਜਾਣਕਾਰੀ ਦਿੰਦਿਆਂ ਬੀ.ਐੱਸ.ਐਫ ਦੀ 10 ਬਟਾਲੀਅਨ ਦੇ ਕੰਪਨੀ ਕਮਾਡੈਂਟ ਵਰਿੰਦਰਾ ਬਾਜਪਾਈ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਆਪਣੀ ਸ਼ਰਾਰਤੀ ਸੁਭਾਅ ਮੁਤਾਬਿਕ ਸ਼ੁਰੂ ਤੋਂ ਹੀ ਸਰਹੱਦ ਤੇ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਅਤੇ ਇਸੇ ਲੜੀ ਤਹਿਤ ਜਿੱਥੇ ਪਾਕਿਸਤਾਨੀ ਡਰੋਨਾਂ ਵੱਲੋਂ ਭਰਤੀ ਹਵਾਈ ਖੇਤਰ ਵਿਖੇ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਥੇ ਹੀ ਦੂਜੇ ਪਾਸੇ ਪਾਕਿਸਤਾਨੀ ਤਸਕਰਾਂ ਵੱਲੋਂ ਸਰਹੱਦ ਰਸਤੇ ਭਾਰਤ ਵਿਖੇ ਨਸ਼ੇ ਦੀ ਖੇਪ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ। ਬਾਜਪਾਈ ਨੇ ਕਿਹਾ ਕਿ ਭਾਰਤੀ ਸੈਨਾ ਪਾਕਿਸਤਾਨ ਦੀਆਂ ਅਜਿਹੀਆਂ ਕੋਝੀਆਂ ਹਰਕਤਾਂ ਨਾਲ ਨਜਿੱਠਣ ਵਿੱਚ ਪੂਰੀ ਤਰਾਂ ਸਮਰੱਥ ਹੈ ਅਤੇ ਪਾਕਿਸਤਾਨ ਵੱਲੋਂ ਆਉਣ ਵਾਲੇ ਨਸ਼ੇ ਨੂੰ ਸਰਹੱਦ ਪਾਰ ਕਰਨ ਤੋਂ ਪਹਿਲਾਂ ਹੀ ਕਾਬੂ ਕਰ ਲਿਆ ਜਾਂਦਾ ਹੈ। ਪਰ ਦੇਸ਼ ਦੀ ਰਾਖੀ ਲਈ ਸੈਨਾ ਅਤੇ ਸਰਹੱਦ ਤੇ ਵੱਸਦੇ ਆਮ ਲੋਕਾਂ ਦਾ ਆਪਸੀ ਤਾਲਮੇਲ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਵੀ ਸੈਨਾ ਅਤੇ ਨਾਗਰਿਕਾਂ ਦੇ ਇਸੇ ਤਾਲਮੇਲ ਨੂੰ ਹੋਰ ਬਿਹਤਰ ਬਣਾਉਣ ਲਈ ਕੀਤੀ ਗਈ ਹੈ ਅਤੇ ਸਥਾਨਕ ਲੋਕਾਂ ਨੇ ਵੀ ਸਹਿਯੋਗ ਕਰਨ ਦਾ ਪੂਰਾ ਭਰੋਸਾ ਦਵਾਇਆ ਹੈ। ਨਾਲ ਹੀ ਕਮਾਡੈਂਟ ਬਾਜਪਾਈ ਨੇ ਸਥਾਨਕ ਲੋਕਾਂ ਤੋਂ ਅਪੀਲ ਕੀਤੀ ਕਿ ਜੋ ਲੋਕ ਕੰਡਿਆਲੀ ਤਾਰ ਦੇ ਆਰ ਜਾਂ ਪਾਰ ਖੇਤੀ ਕਰਦੇ ਹਨ। ਉਹ ਕਿਸੇ ਵੀ ਪਾਕਿਸਤਾਨੀ ਗਤੀਵਿਧੀ ਦੀ ਜਾਣਕਾਰੀ ਮਿਲਣ ਤੇ ਸੈਨਾ ਅਧਿਕਾਰੀਆਂ ਜਾਂ ਨਜ਼ਦੀਕੀ ਚੈੱਕ ਪੋਸਟ ਨਾਲ ਸੰਪਰਕ ਕਰ ਕੇ ਪੂਰੇ ਮਾਮਲੇ ਦੀ ਜਾਣਕਾਰੀ ਸਾਂਝੀ ਕਰਨ। ਤਾਂ ਜੋ ਦੇਸ਼ ਦੇਸ਼ ਦੀ ਸ਼ਾਂਤੀ ਬਰਕਰਾਰ ਰੱਖਣ ਲਈ ਸਮੇਂ ਸਿਰ ਲੋੜੀਂਦੇ ਕਦਮ ਚੁੱਕੇ ਜਾ ਸਕਣ।
ਉੱਥੇ ਦੂਜੇ ਪਾਸੇ ਇਸ ਮੀਟਿੰਗ ਵਿੱਚ ਭਾਗ ਲੈਣ ਪਹੁੰਚੇ ਸਥਾਨਕ ਕਿਸਾਨ ਅਜੇਪਾਲ ਸਿੰਘ ਅਤੇ ਦਲੇਰ ਸਿੰਘ ਨੇ ਦੱਸਿਆ ਕਿ ਉਹ ਭਾਰਤ ਦੇ ਨਾਗਰਿਕ ਹੋਣ ਦੇ ਨਾਤੇ ਆਪਣੇ ਦਿਲਬਰ ਲਈ ਵਫ਼ਾਦਾਰ ਹਨ ਅਤੇ ਜੇ ਕਰ ਉਹ ਨੂੰ ਪਾਕਿਸਤਾਨ ਦੀ ਕਿਸੇ ਵੀ ਸ਼ਰਾਤ ਭਰੀ ਹਰਕਤ ਸਬੰਧੀ ਜਾਣਕਾਰੀ ਮਿਲਦੀ ਹੈ ਤਾਂ ਉਹ ਇਸ ਜਾਣਕਾਰੀ ਨੂੰ ਭਾਰਤੀ ਸੈਨਾ ਤੱਕ ਪਹੁੰਚਾਉਣਾ ਆਪਣਾ ਫ਼ਰਜ਼ ਸਮਝਦੇ ਹਨ।