ਹਰਨੂਰ ਸਿੰਘ ਮਨੌਲੀ
- ਓਲੰਪੀਅਨ ਅਜੀਤ ਸਿੰਘ ਨੇ ਜਾਦੂਗਰ ਧਿਆਨ ਚੰਦ ਸਿੰਘ ਨੂੰ ਭਾਰਤ ਰਤਨ ਦੇਣ ਅਪੀਲ ਕੀਤੀ
ਅਜਮੇਰ (ਰਾਜਸਥਾਨ), 26 ਜਨਵਰੀ 2020 - ਰਾਜਸਥਾਨ 'ਚ ਨੌਜਵਾਨਾਂ ਨੂੰ ਦੂਜੇ ਰਾਜਾਂ ਖਾਸਕਰ ਪੰਜਾਬ, ਉੜੀਸਾ ਅਤੇ ਝਾਰਖੰਡ ਆਦਿ ਦੀ ਤਰ੍ਹਾਂ ਹਾਕੀ ਖੇਡਣ ਲਈ ਪ੍ਰੇਰਤ ਕਰਨ ਲਈ ਤਿੰਨ ਦਿਨਾਂ ਖੇਡ ਸੈਮੀਨਾਰ ਦੀ ਸ਼ੁਰੂਆਤ ਅੱਜ ਅਜਮੇਰ ਤੋਂ ਕੀਤੀ ਗਈ।
26 ਜਨਵਰੀ ਨੂੰ ਸੈਮੀਨਾਰ ਦਾ ਦੂਜਾ ਪੜਾਅ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ, ਤਹਿਲਾ, ਨੇੜੇ ਅਜਮੇਰ 'ਚ ਹੋਵੇਗਾ ਅਤੇ ਸੈਮੀਨਾਰ ਦੀ ਸਮਾਪਤੀ ਪਿੰਕ ਸਿਟੀ ਜੈਪੁਰ 'ਚ 27 ਜਨਵਰੀ ਨੂੰ ਹੋਵੇਗੀ।
ਅਜਮੇਰ ਵਿਖੇ ਖੇਡ ਸਮਾਗਮ ਦੇ ਆਗਾਜ਼ 'ਚ ਓਲੰਪੀਅਨ ਅਸ਼ੋਕ ਕੁਮਾਰ, ਓਲੰਪੀਅਨ ਅਜੀਤ ਸਿੰਘ, ਆਗੇਨਾਈਜ਼ਰ ਰਘੂਨੰਦਨ ਸਿੰਘ ਤੇ ਹਾਕੀ ਪ੍ਰੇਮੀ ਇੰਜੀਨੀਅਰ ਰਘੁਵੀਰ ਸਿੰਘ ਨੇ ਰਾਜਸਥਾਨ 'ਚ ਮਹਿਲਾ ਤੇ ਪੁਰਸ਼ ਦੋਹਾਂ ਵਰਗਾਂ ਨੂੰ ਹਾਕੀ ਤੇ ਹੋਰ ਖੇਡਾਂ ਖੇਡਣ ਲਈ ਉਤਸ਼ਾਹਤ ਕਰਨ ਲਈ ਆਪਣੇ ਤਜਰਬੇ ਸਾਂਝੇ ਕੀਤੇ।
ਹਾਕੀ ਵਰਕਸ਼ਾਪ ਨੂੰ ਵਿਸ਼ਵ ਹਾਕੀ ਦੇ ਮੈਜੀਸ਼ੀਅਨ ਤੇ ਟਰਿੱਪਲ ਓਲੰਪਿਕ ਗੋਲਡ ਮੈਡਲਿਸਟ ਮੇਜਰ ਧਿਆਨ ਚੰਦ ਸਿੰਘ ਦੇ ਓਲੰਪੀਅਨ ਪੁੱਤਰ ਅਸ਼ੋਕ ਕੁਮਾਰ ਸਿੰਘ ਨੇ ਰਾਜਸਥਾਨ ਨਾਲ ਆਪਣੇ ਪਕੇਰੇ ਰਿਸ਼ਤੇ ਦਾ ਖੁਲਾਸਾ ਕਰਦਿਆਂ ਕਿਹਾ ਕਿ ਉਨ੍ਹਾਂ ਹਾਕੀ ਖੇਡਣ ਦੀ ਸ਼ੁਰੂਆਤ
ਹੀ ਕੋਟਾ ਦੇ ਗੌਰਮਿੰਟ ਕਾਲਜ ਤੋਂ ਕੀਤੀ ਸੀ। ਕੋਟਾ ਕਾਲਜ ਤੋਂ ਬੀਕਾਮ ਦੀ ਪੜ੍ਹਾਈ ਕਰਦਿਆਂ ਹੀ ਉਨ੍ਹਾਂ ਹਾਕੀ ਹੱਥ 'ਚ ਚੁੱਕਣ ਸਦਕਾ ਇਹ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਇਤਿਹਾਸਕ ਰਾਜ 'ਚ ਹਾਕੀ ਤੇ ਹੋਰ ਖੇਡਾਂ ਦੇ ਵਿਕਾਸ ਦੀ ਵਕਾਲਤ ਕਰਦਿਆਂ ਦੱਸਿਆ ਕਿ ਇਸ ਰਾਜ ਦੀ ਰਹਿਣੀ-ਸਹਿਣੀ ਦੇ ਖਾਣਾ-ਪੀਣਾ ਪੰਜਾਬ ਤੇ ਹਰਿਆਣਾ ਨਾਲ ਮਿਲਦਾ-ਜੁਲਦਾ ਹੈ। ਅਸ਼ੋਕ ਕੁਮਾਰ ਸਮਰਾਟ ਪ੍ਰਿਥੀਰਾਜ ਚੌਹਾਨ ਖੇਲ ਨਗਰ, ਚੰਦਰਵਰਦਈ ਮਹਿਲਾ ਹਾਕੀ ਅਕੈਡਮੀ ਸਟੇਡੀਅਮ ਵੀ ਗਏ, ਜਿੱਥੇ ਉਨ੍ਹਾਂ ਅਕੈਡਮੀ ਦੀਆਂ ਖਿਡਾਰਨਾਂ ਨੂੰ ਸਾਲ- 2017-19 'ਚ ਦੋ ਸਾਲ ਟਰੇਨਿੰਗ ਦੇਣ ਦੀ ਜ਼ਿੰਮੇਵਾਰੀ
ਨਿਭਾਈ ਸੀ।
ਹਾਕੀ ਓਲੰਪੀਅਨ ਤੇ ਇੰਡੀਅਨ ਹਾਕੀ ਟੀਮ ਦੇ ਸਾਬਕਾ ਕਪਤਾਨ ਹਰਮੀਕ ਸਿੰਘ ਦੇ ਛੋਟੇ ਭਰਾ ਓਲੰਪੀਅਨ ਅਜੀਤ ਸਿੰਘ ਨੇ ਹਾਕੀ ਸੈਮੀਨਾਰ 'ਚ ਆਪਣੀ ਤਕਰੀਰ 'ਚ ਕਿਹਾ ਕਿ ਦੇਸ਼ ਨੇ ਅੱਠ ਓਲੰਪਿਕ ਗੋਲਡ ਮੈਡਲ ਕੇਵਲ ਹਾਕੀ 'ਚ ਜਿੱਤੇ ਹਨ। ਬਾਕੀ ਖੇਡਾਂ 'ਚ ਸਾਡਾ ਹਰ ਓਲੰਪਿਕ 'ਚ ਸਫਾਇਆ ਹੋ ਜਾਂਦਾ ਹੈ। ਓਲੰਪੀਅਨ ਗਗਨਅਜੀਤ ਸਿੰਘ ਦੇ ਪਿਤਾ ਅਜੀਤ ਸਿੰਘ ਨੇ ਕੇਂਦਰ ਸਰਕਾਰ ਅਤੇ ਕੇਂਦਰੀ ਖੇਡ ਮੰਤਰਾਲੇ ਨੂੰ ਹਾਕੀ ਦੇ ਜਾਦੂਗਰ ਮਰਹੂਮ ਓਲੰਪੀਅਨ ਮੇਜਰ ਧਿਆਨ ਚੰਦ ਸਿੰਘ ਨੂੰ 'ਭਾਰਤ ਰਤਨ' ਦੇਣ ਦੀ ਅਪੀਲ ਕੀਤੀ। ਉਨ੍ਹਾਂ ਰਾਜਸਥਾਨ ਦੇ ਨੌਜਵਾਨਾਂ ਨੂੰ ਗਰਾਸ ਰੂਟ 'ਤੇ ਹਾਕੀ ਤੇ ਹੋਰ ਖੇਡਾਂ ਖੇਡਣ ਲਈ ਮੈਦਾਨ 'ਚ ਕੁੱਦਣ ਲਈ ਕਹਿੰਦਿਆਂ ਕਿਹਾ ਕਿ ਸਰਕਾਰਾਂ ਦੇ ਖੇਡਾਂ ਨੂੰ ਉਤਸ਼ਾਹਤ ਕਰਨ ਦੇ ਕਦਮ 'ਚ ਤੁਹਾਨੂੰ ਵੀ ਕਦਮ ਰੱਖਣੇ ਪੈਣੇ ਹਨ।
ਸੈਮੀਨਾਰ ਦੇ ਪ੍ਰਬੰਧਕ ਰਘੂਨੰਦਨ ਸਿੰਘ ਨੇ ਮਹਿਮਾਨਾਂ ਦਾ ਖਾਸਕਰ ਓਲੰਪੀਅਨ ਅਸ਼ੋਰ ਕੁਮਾਰ ਸਿੰਘ ਤੇ ਅਜੀਤ ਸਿੰਘ ਨੂੰ ਜੀ ਆਇਆਂ ਨੂੰ ਆਖਦਿਆਂ ਕਿਹਾ ਕਿ ਰਾਜਸਥਾਨ ਰਾਜ ਤੋਂ ਇਲਾਵਾ ਅਜਮੇਰ ਸ਼ਹਿਰ 'ਚ ਤੁਹਾਡੇ ਪੈਰ ਪੈਣ ਨਾਲ ਹਾਕੀ ਤੇ ਦੂਜੀਆਂ ਖੇਡਾਂ ਨੂੰ ਜ਼ਰੂਰ ਹੁਲਾਰਾ ਮਿਲੇਗਾ। ਉਨ੍ਹਾਂ ਬਾਬੂ ਧਿਆਨ ਚੰਦ ਸਿੰਘ ਨੂੰ ਭਾਰਤ ਰਤਨ ਦੇਣ ਦੇ ਓਲੰਪੀਅਨ ਅਜੀਤ ਸਿੰਘ ਦੀ ਵਿਚਾਰਾਂ ਦੀ ਪ੍ਰੋੜਤਾ ਕੀਤੀ।