ਸੰਜੀਵ ਸੂਦ
ਲੁਧਿਆਣਾ, 25 ਜਨਵਰੀ 2020 - ਲੋਕ ਇਨਸਾਫ ਪਾਰਟੀ ਦੇ ਮੁੱਖੀ ਸਿਮਰਜੀਤ ਬੈਂਸ ਵੱਲੋਂ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨੀਂ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਟ੍ਰਿਬਿਊਨਲ 'ਤੇ ਪਾਸ ਕੀਤੇ ਗਏ ਮਤੇ ਦੀ ਸਖ਼ਤ ਸ਼ਬਦਾਂ 'ਚ ਨਿੰਦਿਆ ਕੀਤੀ ਗਈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੂੰ ਖੁਸ਼ ਕਰਨ ਲਈ ਮੁੱਖ ਮੰਤਰੀ ਵੱਲੋਂ ਇਸ ਟ੍ਰਿਬਿਊਨਲ ਦਾ ਮਤਾ ਪਾਸ ਕੀਤਾ ਗਿਆ। ਇਸ ਮੌਕੇ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਅਟਲ ਬਿਹਾਰੀ ਜਲ ਯੋਜਨਾ 'ਚ ਪੰਜਾਬ ਨੂੰ ਸ਼ਾਮਿਲ ਨਾ ਕਰਨ ਨੂੰ ਲੈ ਕੇ ਉਹ 18 ਫਰਵਰੀ ਨੂੰ ਕੇਂਦਰੀ ਜਲ ਸਰੋਤ ਮੰਤਰੀ ਦਾ ਘਿਰਾਓ ਕਰਨਗੇ।
ਸਿਮਰਜੀਤ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਬੀਤੇ ਦਿਨੀਂ ਆਲ ਪਾਰਟੀ ਮੀਟਿੰਗ ਬੁਲਾ ਕੇ ਪੰਜਾਬ ਦੇ ਪਾਣੀਆਂ ਦੇ ਮੁੱਦੇ 'ਤੇ ਟ੍ਰਿਬਿਊਨਲ ਦਾ ਗਠਨ ਕਰਨ ਲਈ ਮਤਾ ਪਾਸ ਕਰ ਦਿੱਤਾ ਹੈ ਜੋ ਕਿ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੂੰ ਖੁਸ਼ ਕਰਨ ਲਈ ਮੁੱਖ ਮੰਤਰੀ ਨੇ ਕਦਮ ਚੁੱਕਿਆ। ਉਨ੍ਹਾਂ ਕਿਹਾ ਕਿ ਇਸ ਮੌਕੇ ਮੀਟਿੰਗ 'ਚ ਵੀ ਫੈਸਲਾ ਲਿਆ ਗਿਆ ਕਿ ਸੰਵਿਧਾਨ ਮੁਤਾਬਕ ਪੰਜਾਬ ਹੋਰਨਾਂ ਸੂਬਿਆਂ ਤੋਂ ਪਾਣੀ ਦੀ ਕੀਮਤ ਨਹੀਂ ਵਸੂਲ ਸਕਦਾ। ਜਦੋਂ ਕਿ ਉਨ੍ਹਾਂ ਕਿਹਾ ਕਿ ਇਸ ਦਾ ਗਲਤ ਅਰਥ ਕੱਢਿਆ ਗਿਆ। ਕਿਉਂਕਿ ਇਹ ਕਾਨੂੰਨ ਉੱਥੇ ਲਾਗੂ ਹੁੰਦਾ ਹੈ ਜਿੱਥੇ ਸੂਬਿਆਂ ਚੋਂ ਪਾਣੀ ਲੱਗਦਾ ਹੋਵੇ ਅਤੇ ਸੂਬਿਆਂ ਦਾ ਆਪਸੀ ਮਸਲਾ ਹੋਵੇ। ਇਸ ਮੌਕੇ ਉਨ੍ਹਾਂ ਕਿਹਾ ਕਿ ਲੋਕ ਇਨਸਾਫ਼ ਪਾਰਟੀ ਵਿਧਾਨ ਸਭਾ ਦੀਆਂ ਸਾਰੀਆਂ ਸੀਟਾਂ 'ਤੇ ਚੋਣ ਲੜੇਗੀ ਅਤੇ ਉਨ੍ਹਾਂ ਦੀ ਸਰਕਾਰ ਆਉਣ 'ਤੇ ਗੁਆਂਢੀ ਸੂਬਿਆਂ ਤੋਂ ਪਾਣੀ ਦੀ ਕੀਮਤ ਵਸੂਲੇਗੀ।
ਇਸ ਮੌਕੇ ਸਿਮਰਜੀਤ ਬੈਂਸ ਨੇ ਸਿੱਧੂ ਮੂਸੇਵਾਲਾ ਤੇ ਆਪਣੀ ਟਿੱਪਣੀ ਕਰਦਿਆਂ ਕਿਹਾ ਕਿ ਉਸ ਨੂੰ ਚੰਗੇ ਗਾਣੇ ਪ੍ਰਮੋਟ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਪੰਜਾਬੀ ਗਾਇਕਾਂ ਨੂੰ ਗੁਰਦਾਸ ਮਾਨ ਅਤੇ ਹਰਭਜਨ ਮਾਨ ਤੋਂ ਸਿੱਖਣ ਲੈਣ ਦੀ ਲੋੜ ਹੈ, ਕਿਉਂਕਿ ਨਸ਼ਿਆਂ ਅਤੇ ਹਥਿਆਰਾਂ ਨੂੰ ਗਾਣਿਆਂ 'ਚ ਪ੍ਰਮੋਟ ਨਹੀਂ ਕਰਨਾ ਚਾਹੀਦਾ।