ਸੰਜੀਵ ਸੂਦ
ਲੁਧਿਆਣਾ, 14 ਫਰਵਰੀ 2020 - ਲੁਧਿਆਣਾ ਦੇ ਮੁੱਲਾਂਪੁਰ ਦਾਖਾ ਦੇ ਪਿੰਡ ਖੰਡੂਰ 'ਚ ਅੱਜ ਉਸ ਸਮੇਂ ਪੁਲਿਸ ਹੱਥ ਵੱਡੀ ਸਫਲਤਾ ਲੱਗੀ, ਜਦੋਂ ਪੁਲਿਸ ਨੇ ਐਕਸਾਈਜ਼ ਵਿਭਾਗ ਦੀ ਗੁਪਤ ਸੂਚਨਾ ਦੇ ਅਧਾਰ 'ਤੇ ਇੱਕ ਨਜਾਇਜ਼ ਸ਼ਰਾਬ ਬਣਾਉਣ ਦੀ ਫੈਕਟਰੀ ਦਾ ਪਰਦਾਫਾਸ਼ ਕੀਤਾ।
ਦਰਅਸਲ ਇੱਥੇ ਕਿਸੇ ਦੇ ਘਰ 'ਚ ਚੰਗੀਗੜ੍ਹ ਤੋਂ ਸਸਤੀ ਸ਼ਰਾਬ ਲਿਆ ਕੇ ਬਰਾਂਡਡ ਸ਼ਰਾਬ ਦੀਆਂ ਬੋਤਲਾਂ 'ਚ ਭਰ ਕੇ ਉਸ 'ਤੇ ਬਰੈਂਡ ਸ਼ਰਾਬ ਦੀ ਸੀਲ ਲਾ ਕੇ ਮਹਿੰਗੇ ਭਾਅ 'ਤੇ ਵੇਚੀ ਜਾਂਦੀ ਹੈ ਜਿਸ ਦੀ ਕੀਮਤ 2500 ਤੋਂ 5000 ਰੁਪਏ ਵਿਚਕਾਰ ਹੁੰਦੀ ਹੈ।
ਮੌਕੇ 'ਤੇ ਪਹੁੰਚ ਪੁਲਿਸ ਨੇ 600 ਦੇ ਕਰੀਬ ਸਸਤੀ ਸ਼ਰਾਬ ਦੀਆਂ ਬੋਤਲਾਂ ਅਤੇ 138 ਖਾਲੀ ਪੇਟੀਆਂ ਮਹਿੰਗੀ ਸ਼ਰਾਬ ਦੀਆਂ ਬੋਤਲਾਂ ਅਤੇ ਸੀਲਾਂ ਬਰਾਮਦ ਕਰਕੇ ਦੋ ਲੋਕਾਂ ਨੂੰ ਹਿਰਾਸਤ 'ਚ ਲੈ ਲਿਆ ਹੈ।
ਇਸ ਮੌਕੇ ਡੀਐਸਪੀ ਦਾਖਾ ਬੈਂਸ ਨੇ ਕਿਹਾ ਕਿ ਗੁਪਤ ਸੂਚਨਾ ਦੇ ਅਧਾਰ 'ਤੇ ਉਨ੍ਹਾਂ ਵੱਲੋਂ ਜੋਆਇੰਟ ਆਪ੍ਰੇਸ਼ਨ ਕੀਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਪੂਰੀ ਗੰਭੀਰਤਾ ਨਾਲ ਕਰਦਿਆਂ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਇਹ ਫੈਕਟਰੀ ਕਿਸਦੀ ਹੈ ਅਤੇ ਕਦੋਂ ਤੋਂ ਇਹ ਧੰਦਾ ਚੱਲ ਰਿਹਾ ਹੈ।