ਫਿਰੋਜ਼ਪੁਰ, 14 ਫਰਵਰੀ 2020 - ਕਿਸਾਨਾਂ ਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਦੀ ਪੂਰਤੀ ਅਤੇ ਮੁਸ਼ਕਲਾਂ ਦੇ ਹੱਲ ਲਈ ਸੰਘਰਸ਼ ਲੜਣ ਵਾਲੀ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜਰਨਲ ਸਕੱਤਰ ਸਰਵਨ ਸਿੰਘ ਪੰਧੇਰ ਦੀ ਅਗਵਾਈ ਹੇਠ ਕਿਸਾਨ ਭਵਨ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਦੇ ਵਧੀਕ ਸਕੱਤਰ ਵਿਸ਼ਵਜੀਤ ਸਿੰਘ ਖੰਨਾ, ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਕੈਪਟਨ ਸੰਦੀਪ ਸਿੰਘ ਸੰਧੂ ਅਤੇ ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂ, ਡੀਜੀਪੀ. ਲਾਅ ਐਡ ਆਰਡਰ ਈਸ਼ਵਰ ਸਿੰਘ, ਏਡੀਜੀਪੀ ਇੰਟੈਲੀਜੈਂਸ ਵਰਿੰਦਰ ਕੁਮਾਰ, ਆਈਜੀ ਕ੍ਰਾਈਮ ਸ਼ਿਵ ਕੁਮਾਰ, ਡੀਸੀ ਫ਼ਿਰੋਜ਼ਪੁਰ ਕੁਲਵੰਤ ਸਿੰਘ, ਡੀਸੀ ਤਰਨਤਾਰਨ ਪ੍ਰਦੀਪ ਕੁਮਾਰ ਸਬਰਵਾਲ, ਏਡੀਸੀ ਅੰਮ੍ਰਿਤਸਰ ਨਾਲ ਮੀਟਿੰਗ ਕੀਤੀ।
ਕਿਸਾਨਾਂ ਤੇ ਮਜ਼ਦੂਰਾਂ ਦੇ ਮਸਲੇ ਰੱਖਦਿਆਂ ਵਫ਼ਦ ਨੇ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ ਖ਼ਤਮ ਕਰਨ, 5 ਏਕੜ ਤੱਕ ਦੇ ਕਿਸਾਨਾਂ ਨੂੰ 2 ਲੱਖ ਰੁਪਏ ਦੀ ਰਹਿਤ ਦੇਣ, ਪੰਜਾਬ ਮਾਰੂ ਬਿਜਲੀ ਸਮਝੌਤੇ ਰੱਦ ਕਰਨ, ਬਿਜਲੀ ਸਸਤੀ ਦੇਣ, ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦੇਣ, ਆਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦੇਣ ਆਦਿ ਮਾਮਲਿਆਂ ਨੂੰ ਸਾਹਮਣੇ ਰੱਖਦਿਆਂ ਕਿਹਾ ਕਿ ਪਹਿਲਾ ਵੀ ਜਥੇਬੰਦੀ ਦੀਆਂ 14 ਮੰਗਾਂ ਪ੍ਰਵਾਨ ਕੀਤੀਆਂ ਗਈਆਂ ਸਨ, ਪਰ ਅਮਲੀ ਰੂਪ ਨਹੀਂ ਦਿੱਤਾ ਗਿਆ।
ਜਥੇਬੰਦਕ ਸਕੱਤਰ ਸੁਖਵਿੰਦਰ ਸਿੰਘ ਸਭਰਾ ਨੇ ਦੱਸਿਆ ਕਿ ਸਰਕਾਰ ਵਲੋਂ 10 ਮਾਰਚ ਤੱਕ ਪ੍ਰਵਾਨ ਮੰਗਾਂ ਨੂੰ ਅਮਲੀ ਰੂਪ ਦੇਣ ਦਾ ਵਿਸ਼ਵਾਸ ਦਿਵਾਇਆ, ਜਿਨ੍ਹਾਂ ਵਿਚ ਕਿਸਾਨ ਅੰਦੋਲਨਾਂ ਵਿਚ ਸ਼ਹੀਦ ਹੋਏ 3 ਸ਼ਹੀਦਾਂ ਦੇ ਪਰਿਵਾਰਾਂ ਦੇ ਇਕ-ਇਕ ਜੀਅ ਨੂੰ ਨੌਕਰੀ ਦੇਣ, ਆਰਪੀਐੱਫ ਵਲੋਂ ਕਿਸਾਨ ਆਗੂਆਂ 'ਤੇ ਅੰਦੋਲਨਾਂ ਦੌਰਾਨ ਪਾਏ ਕੇਸ ਰੱਦ ਕਰਨ ਲਈ ਦੁਬਾਰਾ ਚੇਅਰਮੈਨ ਰੇਲਵੇ ਬੋਰਡ ਦਿੱਲੀ ਨੂੰ ਚਿੱਠੀ ਲਿਖਣ, ਕਿਸਾਨ ਆਗੂਆਂ ਦੇ ਘਰਾਂ ਵਿਚ ਫ਼ਿਰੋਜ਼ਪੁਰ ਡਵੀਜ਼ਨ ਵਲੋਂ ਮਾਰੀ ਜਾ ਰਹੀ ਛਾਪੇਮਾਰੀ ਬੰਦ ਕਰਵਾਉਣ ਲਈ ਕਮਾਡੈਂਟ ਫ਼ਿਰੋਜ਼ਪੁਰ ਨਾਲ ਗੱਲ ਕਰਨ, ਤਰਨਤਾਰਨ ਤੇ ਫ਼ਿਰੋਜ਼ਪੁਰ ਦੇ ਬੇਘਰੇ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਕੱਟੀਆਂ ਹੋਈਆਂ ਸੰਨਤਾ ਮੁਤਾਬਿਕ ਦੇਣ ਆਦਿ ਮੰਗਾਂ ਸ਼ਾਮਿਲ ਹਨ। ਇਸ ਮੌਕੇ ਜਸਬੀਰ ਸਿੰਘ ਪਿੱਦੀ, ਰਣਬੀਰ ਸਿੰਘ ਰਾਣਾ, ਅਮਨਦੀਪ ਸਿੰਘ ਕੱਚਰ ਭੰਨ ਆਦਿ ਹਾਜ਼ਰ ਸਨ।