ਅਸ਼ੋਕ ਵਰਮਾ
ਮਾਨਸਾ, 14 ਫਰਵਰੀ 2020 - ਸੰਵਿਧਾਨ ਬਚਾਓ ਮੰਚ ਪੰਜਾਬ ਦਾ ਧਰਨਾ ਅੱਜ ਤੀਸਰੇ ਦਿਨ ਵੀ ਜਾਰੀ ਰਿਹਾ ਜਿਸ ਵਿੱਚ ਕਾਫੀ ਵੱਡੀ ਗਿਣਤੀ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਲੋਕਾਂ ਨੇ ਭਾਗ ਲਿਆ। ਅੱਜ ਦੇ ਧਰਨੇ ਵਿੱਚ ਖਾਸੀਅਤ ਇਹ ਰਹੀ ਕਿ ਅੱਜ ਦੇ ਧਰਨੇ ਵਿੱਚ ਜਿੱਥੇ ਹਿੰਦੂ, ਸਿੱਖ ਅਤੇ ਮੁਸਲਿਮ ਧਰਮ ਦੇ ਛੋਟੇ ਛੋਟੇ ਬੱਚਿਆਂ ਨੇ ਭਾਗ ਲਿਆ, ਉੱਥੇ ਤਕਰੀਬਨ 100 ਸਾਲਾਂ ਦੀ ਬੀਬੀ ਮੁਖਤਿਆਰ ਕੌਰ ਨੇ ਆਪਣੇ ਪਰਿਵਾਰ ਨਾਲ ਧਰਨੇ ਵਿੱਚ ਸ਼ਮੂਲੀਅਤ ਕੀਤੀ।
ਅੱਜ ਇਸ ਧਰਨੇ ਵਿੱਚ ਮੁਸਲਿਮ ਫਰੰਟ ਮਾਨਸਾ ਵੱਲੋਂ ਬਰਿਆਨੀ ਅਤੇ ਮਿੱਠੇ ਚਾਵਲਾਂ ਦਾ ਲੰਗਰ ਲਾਇਆ ਗਿਆ ਅਤੇ ਇੱਕ ਪੰਕਤੀ ਵਿੱਚ ਬੈਠ ਕੇ ਧਰਨੇ ਵਿੱਚ ਸ਼ਾਮਲ ਲੋਕਾਂ ਨੇ ਲੰਗਰ ਛਕਿਆ ਅਤੇ ਸਰਵ ਸਾਂਝੀਵਾਲਤਾ ਦੀ ਮਿਸਾਲ ਪੇਸ਼ ਕੀਤੀ। ਅੱਜ ਇਸ ਧਰਨੇ ਵਿੱਚ ਮੰਚ ਸੰਚਾਲਨ ਸੀਪੀਆਈ ਵੱਲੋਂ ਕੀਤਾ ਗਿਆ ਜਿੰਨ੍ਹਾਂ ਦੇ ਜਿਲ੍ਹਾ ਕਾਰਜਕਾਰਣੀ ਮੈਂਬਰ ਦਰਸ਼ਨ ਪੰਧੇਰ ਨੇ ਸਟੇਜ ਚਲਾਈ। ਇਸ ਸਮੇਂ ਵੱਖ ਵੱਖ ਪਾਰਟੀਆਂ ਅਤੇ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ।
ਸ਼ਾਹੀਨ ਬਾਗ ਮੋਰਚੇ ਤੋਂ ਮੁਹੰਮਦ ਜਾਵੇਦ ਆਪਣੇ ਸਾਥੀਆਂ ਨਾਲ ਧਰਨੇ ਵਿੱਚ ਪਹੁੰਚੇ। ਉਨ੍ਹਾਂ ਨੇ ਸੰਵਿਧਾਨ ਬਚਾਓ ਮੰਚ ਪੰਜਾਬ ਦਾ ਧੰਨਵਾਦ ਕੀਤਾ ਜਿਸ ਨੇ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਲਈ ਇਹ ਮੋਰਚਾ ਲਾਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਵਾਸੀ ਹੁਣ ਇਕੱਠੇ ਹੋਕੇ ਮੋਦੀ ਸਰਕਾਰ ਦੇ ਖਿਲਾਫ ਸੰਘਰਸ਼ ਨਾ ਲੜਨਗੇ ਤਾਂ ਮੋਦੀ ਸਰਕਾਰ ਨੇ ਦੇਸ਼ ਨੂੰ ਧਰਮ ਦੇ ਆਧਾਰ ’ਤੇ ਵੰਡ ਦੇਣਾ ਹੈ।
ਇਸ ਧਰਨੇ ਨੂੰ ਆਰਐਮਪੀਆਈ ਦੇ ਆਗੂ ਕਾਮਰੇਡ ਮੇਜਰ ਸਿੰਘ ਅਤੇ ਕਿ੍ਰਸ਼ਨ ਚੌਹਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਜਥੇਬੰਦੀਆਂ ਜਿੰਨਾ ਚਿਰ ਮੋਦੀ ਸਰਕਾਰ ਐਨਆਰਸੀ ਕਾਨੂੰਨ ਵਾਪਸ ਨਹੀਂ ਲੈਂਦੀ, ਸਾਰੇ ਦੇਸ਼ ਵਿੱਚ ਇਸ ਕਾਨੂੰਨ ਦੀ ਵਾਪਸੀ ਤੱਕ ਸੰਘਰਸ਼ ਕਰਦੀਆਂ ਰਹਿਣਗੀਆਂ। ਰਾਜਿੰਦਰ ਸਿੰਘ ਸਾਬਕਾ ਸਰਪੰਚ ਜਵਾਹਰਕੇ, ਭਗਵੰਤ ਸਿੰਘ ਸਮਾਉਂ ਅਤੇ ਆਤਮਾ ਸਿੰਘ ਪਮਾਰ ਬੀਐਸਪੀ ਆਗੂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਧਰਮ ਦੇ ਆਧਾਰ ’ਤੇ ਦੇਸ਼ ਵਿੱਚ ਫੁੱਟ ਪਾਉਣ ਤੋਂ ਬਾਅਦ ਮੋਦੀ ਸਰਕਾਰ ਦਾ ਅਗਲਾ ਨਿਸ਼ਾਨਾ ਦਲਿਤ ਸਮਾਜ ਹੋਵੇਗਾ। ਇਸ ਸਮੇਂ ਲੋਕ ਇਨਸਾਫ ਪਾਰਟੀ ਦੇ ਜਿਲ੍ਹਾ ਪ੍ਰਧਾਨ ਮਨਜੀਤ ਸਿੰਘ ਮੀਆਂ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਦੇ ਆਗੂ ਬੈਂਸ ਭਰਾ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਮਾਨਸਾ ਆਕੇ ਇਸ ਧਰਨੇ ਵਿੱਚ ਸ਼ਮੂਲੀਅਤ ਕਰਨਗੇ।
ਅੱਜ ਦੇ ਇਸ ਧਰਨੇ ਵਿੱਚ ਰੁਲਦੂ ਸਿੰਘ ਮਾਨਸਾ ਕਿਸਾਨ ਆਗੂ, ਗੁਰਲਾਭ ਸਿੰਘ ਮਾਹਲ ਐਡਵੋਕੇਟ, ਗੁਰਸੇਵਕ ਸਿੰਘ ਜਵਾਹਰਕੇ ਜਨਰਲ ਸਕੱਤਰ ਅਕਾਲੀ ਦਲ (ਮਾਨ), ਧੰਨਾ ਮੱਲ ਗੋਇਲ, ਛੱਜ਼ੁੂ ਰਾਮ ਰਿਸ਼ੀ, ਦਰਸ਼ਨ ਸਿੰਘ, ਰਤਨ ਭੋਲਾ ਸੀਪੀਆਈ, ਡਾ. ਅਮਰ ਸਿੰਘ ਭਾਦੜਾ, ਹੰਸ ਰਾਜ ਮੋਫਰ, ਹਰਬੰਸ ਢਿੱਲੋਂ, ਐਡਵੋਕੇਟ ਰਾਜਿੰਦਰ ਸ਼ਰਮਾ, ਭਜਨ ਸਿੰਘ ਘੁੰਮਣ, ਕੇਵਲ ਸਿੰਘ ਅਕਲੀਆ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਟੇਕ ਸਿੰਘ ਆਮ ਆਦਮੀ ਪਾਰਟੀ, ਤਰਸੇਮ ਰਾਹੀ, ਨਰਿੰਦਰ ਕੌਰ ਬੁਰਜ ਹਮੀਰਾ ਪ੍ਰਗਤੀਸ਼ੀਲ ਇਸਤਰੀ ਸਭਾ, ਐਡਵੋਕੇਟ ਰੇਖਾ ਸ਼ਰਮਾ, ਐਡਵੋਕੇਟ ਰਾਜਿੰਦਰ ਕੌਰ, ਐਡਵੋਕੇਟ ਦਵਿੰਦਰ ਕੌਰ, ਐਡਵੋਕੇਟ ਸਹਿਜਪਾਲ ਸਿੰਘ, ਐਡਵੋਕੇਟ ਅੰਗਰੇਜ਼ ਸਿੰਘ, ਲਾਭ ਕੌਰ, ਬਿੰਦਰ ਕੌਰ, ਸੁਖਚਰਨ ਦਾਨੇਵਾਲੀਆ, ਸ਼ਾਹੀਨ ਬਾਗ ਤੋਂ ਅੱਬਾਸ, ਨਾਸਿਰ, ਸਫੀ, ਰਵੀ ਖਾਨ, ਨੇਕ ਖਾਨ, ਆਸਿਫ ਖਾਨ, ਤਾਲਿਬ, ਮੁਸਤ ਕਰੀਮ ਆਦਿ ਹਾਜ਼ਰ ਸਨ।